ਪਸ਼ੂਆਂ ਦੇ ਮੂੰਹ-ਖੁਰ ਰੋਗ ਦੀ ਰੋਕਥਾਮ ਲਈ ਟੀਕਾਕਰਨ ਸ਼ੁਰੂ
ਪੱਤਰ ਪ੍ਰੇਰਕ
ਪਾਇਲ, 21 ਅਕਤੂਬਰ
ਇੱਥੇ ਸ੍ਰੀ ਰਾਧੇ ਕ੍ਰਿਸ਼ਨ ਗਊਸ਼ਾਲਾ ਵਿੱਚ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਿਵਲ ਹਸਪਤਾਲ ਪਾਇਲ ਵੈਟਰਨਰੀ ਡਾ. ਦਰਸ਼ਨ ਖੇੜੀ ਨੇ ਦੱਸਿਆ ਕਿ ਇਹ ਟੀਕਾਕਰਨ ਪਸ਼ੂ ਪਾਲਣ ਵਿਭਾਗ ਦੇ ਸਟਾਫ਼ ਵੱਲੋਂ ਪੂਰੇ ਪੰਜਾਬ ਅੰਦਰ ਘਰ-ਘਰ ਜਾ ਕੇ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਪੰਜਾਬ ਪੱਧਰੀ ਇਸ ਟੀਕਾਕਰਨ ਮੁਹਿੰਮ ਦਾ ਮਕਸਦ ਮੱਝਾਂ-ਗਾਵਾਂ ਨੂੰ ਮੂੰਹ-ਖੁਰ ਜਿਹੇ ਮਾਰੂ ਰੋਗ ਤੋਂ ਮੁਕਤ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਵਿਆਪਕ ਮੁਹਿੰਮ ਲਈ ਪੂਰੇ ਪੰਜਾਬ ਅੰਦਰ 816 ਅਤੇ ਜ਼ਿਲ੍ਹਾ ਲੁਧਿਆਣਾ ਅੰਦਰ 71 ਟੀਮਾਂ ਬਣਾਈਆਂ ਗਈਆਂ ਹਨ| ਉਨ੍ਹਾਂ ਕਿਹਾ ਕਿ ਲੋੜਵੰਦ ਪਸ਼ੂ ਪਾਲਕ ਅਪਣੇ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਇਹ ਟੀਕੇ ਲਗਵਾਉਣ ਲਈ ਆਪਣੇ ਇਲਾਕੇ ਦੇ ਵੈਟਰਨਰੀ ਅਫਸਰ/ ਵੈਟਰਨਰੀ ਇੰਸਪੈਕਟਰ ਨਾਲ ਜਾਂ ਸਦਰ ਦਫ਼ਤਰ ਦੇ ਟੌਲ ਫਰੀ ਨੰਬਰ 0172 5086064 ’ਤੇ ਵੀ ਸਿੱਧਾ ਸੰਪਰਕ ਕਰ ਸਕਦੇ ਹਨ। ਡਾ. ਖੇੜੀ ਨੇ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਲੋਕ ਪੱਖੀ ਵੈਕਸੀਨੇਸ਼ਨ ਮੁਹਿੰਮ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਮਨਜੀਤ ਜੋਸ਼ੀ, ਮੈਨੇਜਰ ਸੌਰਵ ਸ਼ਰਮਾ, ਡਾ. ਪ੍ਰਬਲ ਗੌਤਮ ਤੇ ਇੰਸਪੈਕਟਰ ਗੁਰਜੀਤ ਸਿੰਘ ਵੀ ਹਾਜ਼ਰ ਸਨ|