ਤਰਨ ਤਾਰਨ ਜ਼ਿਲ੍ਹੇ ਵਿੱਚ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ
ਗੁਰਬਖਸ਼ਪੁਰੀ
ਤਰਨ ਤਾਰਨ, 1 ਜੁਲਾਈ
ਤਰਨ ਤਾਰਨ ਦੇ ਸੈਕੰਡਰੀ ਅਤੇ ਐਲੀਮੈਂਟਰੀ ਦੇ ਜ਼ਿਲ੍ਹਾ ਦਫਤਰ ਵਿੱਚ ਸਿੱਖਿਆ ਅਤੇ ਦਫ਼ਤਰੀ ਅਧਿਕਾਰੀਆਂ ਦੀਆਂ ਵੱਡੇ ਪੱਧਰ ’ਤੇ ਅਸਾਮੀਆਂ ਖਾਲੀ ਹੋਣ ਕਾਰਨ ਵਿਭਾਗ ਦਾ ਕੰਮ ਰੱਬ ਆਸਰੇ ਚੱਲ ਰਿਹਾ ਹੈ। ਲੰਘੀ ਕੱਲ੍ਹ ਸੈਕੰਡਰੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਸੁਸ਼ੀਲ ਕੁਮਾਰ ਤੁਲੀ ਦੀ ਸੇਵਾਮੁਕਤੀ ਨਾਲ ਜ਼ਿਲ੍ਹੇ ਅੰਦਰ ਸੈਕੰਡਰੀ ਅਤੇ ਐਲੀਮੈਂਟਰੀ ਵਿਭਾਗਾਂ ਦੇ ਦਫ਼ਤਰ ਜ਼ਿਲ੍ਹਾ ਅਧਿਕਾਰੀ ਤੋਂ ਸੱਖਣੇ ਹੋ ਗਏ ਹਨ| ਜਾਣਕਾਰੀ ਅਨੁਸਾਰ ਤਰਨ ਤਾਰਨ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਦਲਜੀਤ ਕੌਰ ਦੀ 29 ਫਰਵਰੀ 2024 ਨੂੰ ਸੇਵਾਮੁਕਤੀ ਕਾਰਨ ਇਸ ਅਸਾਮੀ ਦਾ ਵਾਧੂ ਚਾਰਜ ਸੈਕੰਡਰੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਸੁਸ਼ੀਲ ਕੁਮਾਰ ਤੁਲੀ ਕੋਲ ਸੀ| ਹੁਣ ਜ਼ਿਲ੍ਹੇ ਅੰਦਰ ਐਲੀਮੈਂਟਰੀ ਵਿਭਾਗ ਅੰਦਰ ਇਕ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੀ ਕੰਮ ਕਰਦਾ ਹੈ ਅਤੇ ਉਨ੍ਹਾਂ ਕੋਲ ਜ਼ਿਲ੍ਹਾ ਅਧਿਕਾਰੀ ਦੀਆਂ ਤਾਕਤਾਂ ਨਾ ਹੋਣ ਕਰਕੇ ਜ਼ਿਲ੍ਹੇ ਅੰਦਰ ਵਿਭਾਗ ਦਾ ਸਾਰੇ ਦਾ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ। ਸਰਕਾਰੀ ਸੂਤਰਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਦੇ ਦਫਤਰ ਦੇ ਸੁਪਰਡੈਂਟ ਅਤੇ ਸੀਨੀਅਰ ਸਹਾਇਕ ਦੀਆਂ ਦੋ ਅਸਾਮੀਆਂ ਵੀ ਖਾਲੀ ਹਨ| ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਕੁੱਲ 77 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚੋਂ 44 ਵਿੱਚ ਪ੍ਰਿੰਸੀਪਲ ਦੀਆਂ ਅਤੇ 96 ਸਰਕਾਰੀ ਹਾਈ ਸਕੂਲਾਂ ’ਚੋਂ 80 ਵਿੱਚ ਮੁੱਖ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਹਨ| ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਕਿਹਾ ਕਿ ਉਹ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸੂਚਨਾ ਦੇਣਗੇ|