ਉੱਤਰਕਾਸ਼ੀ: ਸੁਰੰਗ ’ਚ ਪਾਈਪ ਪਾਉਣ ’ਚ ਕਾਮਯਾਬੀ ਮਿਲੀ
* ਸੁਰੰਗ ਦੇ ਕੁਝ ਹਿੱਸੇ ਢਹਿਣ ਕਾਰਨ ਕਈ ਦਿਨਾਂ ’ਤੋਂ ਮਲਬੇ ਦੇ ਢੇਰ ਪਿੱਛੇ ਫਸੇ ਹੋਏ ਹਨ 41 ਕਾਮੇ
* ਮੋਦੀ ਵੱਲੋਂ ਕਾਮਿਆਂ ਦਾ ਹੌਸਲਾ ਕਾਇਮ ਰੱਖਣ ’ਤੇ ਜ਼ੋਰ
ਦੇਹਰਾਦੂਨ/ਉੱਤਰਕਾਸ਼ੀ, 20 ਨਵੰਬਰ
ਉੱਤਰਾਖੰਡ ਦੀ ਸਿਲਕਯਾਰਾ ਸੁਰੰਗ ਵਿਚ ਚੱਲ ਰਹੀ ਬਚਾਅ ਮੁਹਿੰਮ ’ਚ ਅੱਜ ਉਸ ਵੇਲੇ ਇਕ ਮਹੱਤਵਪੂਰਨ ਕਾਮਯਾਬੀ ਮਿਲੀ ਜਦ ਬਚਾਅ ਕਰਮੀਆਂ ਨੇ ਸੁਰੰਗ ਦੇ ਢਹਿ ਗਏ ਹਿੱਸੇ ਵਿਚ ਡਰਿਲਿੰਗ ਕਰ ਕੇ ਮਲਬੇ ਦੇ ਆਰ-ਪਾਰ 53 ਮੀਟਰ ਲੰਮੀ ਤੇ ਛੇ ਇੰਚ ਚੌੜੀ ਪਾਈਪਲਾਈਨ ਪਾ ਦਿੱਤੀ। ਇਸ ਦੇ ਜ਼ਰੀਏ ਪਿਛਲੇ 8 ਦਿਨਾਂ ਤੋਂ ਸੁਰੰਗ ਵਿਚ ਫਸੇ 41 ਵਰਕਰਾਂ ਨੂੰ ਪਹਿਲਾਂ ਨਾਲੋਂ ਵੱਧ ਖੁਰਾਕੀ ਪਦਾਰਥ, ਸੰਚਾਰ ਉਪਕਰਨ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਸਕਣਗੀਆਂ। ਇਸ ਤੋਂ ਪਹਿਲਾਂ ਕਾਮਿਆਂ ਤੱਕ ਆਕਸੀਜ਼ਨ, ਹਲਕਾ ਭੋਜਨ, ਸੁੱਕੇ ਮੇਵੇ, ਦਵਾਈਆਂ ਤੇ ਪਾਣੀ ਪਹੁੰਚਾਉਣ ਲਈ ਚਾਰ ਇੰਚ ਦੀ ਪਾਈਪ ਵਰਤੀ ਜਾ ਰਹੀ ਸੀ।
ਜ਼ਿਲ੍ਹਾ ਹੈੱਡਕੁਆਰਟਰ ਉੱਤਰਕਾਸ਼ੀ ਤੋਂ ਲਗਭਗ 30 ਕਿਲੋਮੀਟਰ ਦੂਰ ਤੇ ਰਾਜਧਾਨੀ ਦੇਹਰਾਦੂਨ ਤੋਂ ਸੱਤ ਘੰਟਿਆਂ ਦੀ ਦੂਰੀ ਉਤੇ ਸਥਿਤ ਸਿਲਕਯਾਰਾ ਸੁਰੰਗ, ਕੇਂਦਰ ਸਰਕਾਰ ਦੀ ‘ਚਾਰ ਧਾਮ ਆਲ ਵੈਦਰ ਰੋਡ’ ਪ੍ਰਾਜੈਕਟ ਦਾ ਹਿੱਸਾ ਹੈ। ਕੌਮੀ ਰਾਜਮਾਰਗ ਤੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਅੰਸ਼ੂ ਮਨੀਸ਼ ਖਾਲਖੋ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਬਚਾਅ ਮੁਹਿੰਮ ਦੀ ਇਹ ‘ਪਹਿਲੀ ਕਾਮਯਾਬੀ’ ਹੈ। ਉਨ੍ਹਾਂ ਕਿਹਾ, ‘ਫਸੇ ਹੋਏ ਵਰਕਰ ਹੁਣ ਸਾਨੂੰ ਸੁਣ ਤੇ ਮਹਿਸੂਸ ਕਰ ਸਕਦੇ ਹਨ।’ ਡੀਆਰਡੀਓ ਦੇ ਡਰੋਨ ਤੇ ਰੋਬੋਟ ਵੀ ਘਟਨਾ ਸਥਾਨ ’ਤੇ ਲਿਆਂਦੇ ਗਏ ਹਨ ਤਾਂ ਕਿ ਫਸੇ ਹੋਏ ਵਿਅਕਤੀਆਂ ਨੂੰ ਕੱਢਣ ਲਈ ਹੋਰ ਸੰਭਾਵੀ ਰਾਹ ਵੀ ਤਲਾਸ਼ੇ ਜਾ ਸਕਣ। ਪਰ ਬਚਾਅ ਕਰਮੀਆਂ ਨੇ ਹਾਲੇ ਤੱਕ ਮਲਬੇ ਵਿਚ ਚਪਟੀ ਡਰਿੱਲਿੰਗ ਸ਼ੁਰੂ ਨਹੀਂ ਕੀਤੀ ਹੈ ਕਿਉਂਕਿ ਪਿਛਲੇ ਹਫ਼ਤੇ ਇਕ ਵੱਡੇ ਪੱਥਰ ਨੇ ਮਸ਼ੀਨ ਦਾ ਰਾਹ ਰੋਕ ਦਿੱਤਾ ਸੀ। ਬਚਾਅ ਕਰਮੀ ਪਹਾੜ ਦੇ ਉਪਰੋਂ ਥੱਲੇ ਵੱਲ ਨੂੰ 80 ਮੀਟਰ ਤੋਂ ਵੱਧ ਦੀ ਡਰਿੱਲਿੰਗ ਕਰ ਕੇ ਵਰਕਰਾਂ ਤੱਕ ਪਹੁੰਚਣ ਦੇ ਬਦਲ ਉਤੇ ਵੀ ਵਿਚਾਰ ਕਰ ਰਹੇ ਹਨ। ਓਐੱਨਜੀਸੀ ਵੱਲੋਂ ਵਰਤੀ ਜਾ ਰਹੀ ਭਾਰੀ ਮਸ਼ੀਨਰੀ ਨੂੰ ਚੋਟੀ ਤੱਕ ਪਹੁੰਚਾਉਣ ਲਈ ਇਕ ਰਾਹ ਵੀ ਬਣਾਇਆ ਗਿਆ ਹੈ। ਬਚਾਅ ਕਾਰਜਾਂ ਵਿਚ ਸ਼ਾਮਲ ਕਰਨਲ ਦੀਪਕ ਪਾਟਿਲ ਨੇ ਦੱਸਿਆ ਕਿ ਨਵੀਂ ਪਾਈਪਲਾਈਨ ਰਾਹੀਂ ਹੁਣ ਦਲੀਆ, ਖਿਚੜੀ, ਕੱਟੇ ਹੋਏ ਸੇਬ ਤੇ ਕੇਲੇ ਫਸੇ ਵਰਕਰਾਂ ਤੱਕ ਪਹੁੰਚਾਏ ਜਾ ਸਕਣਗੇ। ਇਨ੍ਹਾਂ ਨੂੰ ਚੌੜੇ ਮੂੰਹਾਂ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਰਾਹੀਂ ਪੈਕ ਕਰ ਕੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਮੋਬਾਈਲ ਫੋਨ ਤੇ ਚਾਰਜਰ ਵੀ ਭੇਜੇ ਜਾ ਸਕਦੇ ਹਨ, ਜਾਂ ਇਕ ਟੈਲੀਫੋਨ ਲਾਈਨ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਚਾਅ ਕਰਮੀ ਅੰਦਰ ਦੇ ਦ੍ਰਿਸ਼ ਨੂੰ ਲਾਈਵ ਸਟਰੀਮ ਕਰਨ ਲਈ ਲਿੰਕ ਸਥਾਪਿਤ ਕਰਨ ਦਾ ਯਤਨ ਵੀ ਕਰਨਗੇ। ਹਾਲਾਂਕਿ ਬਚਾਅ ਕਰਮੀ ਤੇ ਅੰਦਰ ਫਸੇ ਵਿਅਕਤੀ ਹੁਣ ਵੀ ਇਕ-ਦੂਜੇ ਨਾਲ ਤੇ ਰਿਸ਼ਤੇਦਾਰਾਂ ਨਾਲ ਗੱਲ ਕਰ ਰਹੇ ਹਨ। ਪਰ ਛੇ ਇੰਚ ਦੀ ਪਾਈਪ ਨਾਲ ਕਾਫੀ ਮਦਦ ਮਿਲੇਗੀ। ਹੁਣ ਡਰਿੱਲ ਦੀ ਬਿਟ ਨੂੰ ਪਾਈਪ ਵਿਚੋਂ ਕੱਢਿਆ ਜਾਵੇਗਾ। ਇਸ ਤੋਂ ਬਾਅਦ ਭੋਜਨ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਦਿੱਲੀ ਤੋਂ ਇਕ ‘ਐਂਡੋਸਕੋਪੀ ਵਰਗਾ ਕੈਮਰਾ’ ਵੀ ਭੇਜਿਆ ਜਾ ਰਿਹਾ ਹੈ ਜਿਸ ਰਾਹੀਂ ਬਚਾਅ ਕਰਮੀ ਤੇ ਫਸੇ ਵਰਕਰ ਇਕ-ਦੂਜੇ ਨੂੰ ਦੇਖ ਸਕਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਚਾਅ ਮੁਹਿੰਮ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ’ਤੇ ਗੱਲ ਕੀਤੀ। ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਜ਼ਰੂਰੀ ਬਚਾਅ ਉਪਕਰਨ ਤੇ ਸਰੋਤ ਕੇਂਦਰ ਸਰਕਾਰ ਵੱਲੋਂ ਤੇ ਕੇਂਦਰੀ ਅਤੇ ਸੂਬਾਈ ਏਜੰਸੀਆਂ ਵਿਚਾਲੇ ਆਪਸੀ ਤਾਲਮੇਲ ਦੇ ਮਾਧਿਅਮ ਨਾਲ ਉਪਲਬਧ ਕਰਵਾਏ ਜਾ ਰਹੇ ਹਨ। -ਪੀਟੀਆਈ
ਉੱਤਰਾਖੰਡ ਹਾਈ ਕੋਰਟ ਨੇ ਬਚਾਅ ਕਾਰਜਾਂ ਬਾਰੇ ਸਰਕਾਰ ਤੋਂ ਜਵਾਬ ਮੰਗਿਆ
ਨੈਨੀਤਾਲ: ਉੱਤਰਾਖੰਡ ਹਾਈ ਕੋਰਟ ਨੇ ਸਿਲਕਯਾਰਾ ਸੁਰੰਗ ਵਿਚ ਫਸੇ ਵਰਕਰਾਂ ਨੂੰ ਬਚਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਰਾਜ ਸਰਕਾਰ ਤੇ ਕੇਂਦਰੀ ਏਜੰਸੀਆਂ ਤੋਂ 48 ਘੰਟਿਆਂ ਵਿਚ ਜਵਾਬ ਮੰਗਿਆ ਹੈ। ਅਦਾਲਤ ਨੇ ਜਾਰੀ ਬਚਾਅ ਕਾਰਜਾਂ ਬਾਰੇ ਜਾਣਕਾਰੀ ਮੰਗੀ ਹੈ। ਅਦਾਲਤ ਦੇ ਹੁਕਮ ਇਕ ਲੋਕ ਹਿੱਤ ਪਟੀਸ਼ਨ ਤੋਂ ਬਾਅਦ ਆਏ ਹਨ ਜੋ ਕਿ ਦੇਹਰਾਦੂਨ ਦੇ ਇਕ ਐੱਨਜੀਓ ਨੇ ਦਾਇਰ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 22 ਨੂੰ ਹੋਵੇਗੀ। -ਪੀਟੀਆਈ
ਫਸੇ ਕਾਮਿਆਂ ਦੇ ਰਿਸ਼ਤੇਦਾਰਾਂ ਦਾ ਖ਼ਰਚ ਚੁੱਕੇਗੀ ਰਾਜ ਸਰਕਾਰ
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਉੱਤਰਾਖੰਡ ਸਰਕਾਰ ਸੁਰੰਗ ਵਿਚ ਫਸੇ ਸਾਰੇ 41 ਵਰਕਰਾਂ ਦੇ ਭੋਜਨ, ਯਾਤਰਾ ਤੇ ਰਹਿਣ ਦਾ ਖ਼ਰਚ ਝੱਲੇਗੀ। ਸੁਰੰਗ ਵਿਚ ਫਸੇ ਕਾਮਿਆਂ ਨੂੰ ਜਲਦੀ ਕੱਢਣ ਦਾ ਭਰੋਸਾ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੰਦਿਆਂ ਧਾਮੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਫਸੇ ਵਰਕਰਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਉਨ੍ਹਾਂ ਲੋਕਾਂ ਦਾ ਖ਼ਰਚ ਝੱਲੇਗੀ ਜੋ ਕਾਮਿਆਂ ਦਾ ਹਾਲ-ਚਾਲ ਜਾਣਨ ਲਈ ਸਿਲਕਯਾਰਾ ਆਉਣਾ ਚਾਹੁੰਦੇ ਹਨ। -ਪੀਟੀਆਈ
ਵਿਰੋਧੀ ਧਿਰ ਨੇ ਸੀਬੀਆਈ ਜਾਂਚ ਮੰਗੀ
ਉੱਤਰਾਖੰਡ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਯਸ਼ਪਾਲ ਆਰੀਆ ਨੇ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਾਈ ਜਾਵੇ ਜਿਸ ਦੀ ਨਿਗਰਾਨੀ ਹਾਈ ਕੋਰਟ ਦੇ ਚੀਫ ਜਸਟਿਸ ਕਰਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋਣਾ ਜ਼ਰੂਰੀ ਹੈ ਕਿ ਕਿਤੇ ਸੁਰੰਗ ਦੀ ਪੁਟਾਈ ਦਾ ਕੰਮ ਗੈਰ-ਤਜਰਬੇਕਾਰ ਫਰਮ ਨੂੰ ਤਾਂ ਨਹੀਂ ਦਿੱਤਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। -ਪੀਟੀਆਈ
ਕੌਮਾਂਤਰੀ ਮਾਹਿਰ ਵੱਲੋਂ ਸੁਰੰਗ ਦਾ ਦੌਰਾ
ਸੁਰੰਗਾਂ ਪੁੱਟਣ ਦੇ ਕੌਮਾਂਤਰੀ ਮਾਹਿਰ ਆਰਨੌਲਡ ਡਿਕਸ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰ ਕੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ ਹੈ। ਕੌਮਾਂਤਰੀ ਮਾਹਿਰ ਡਿਕਸ ਨੇ ਆਸ ਜਤਾਈ ਕਿ ਫਸੇ ਵਰਕਰਾਂ ਨੂੰ ਸੁਰੱਖਿਅਤ ਕੱਢ ਲਿਆ ਜਾਵੇਗਾ। ਉਨ੍ਹਾਂ ਹੁਣ ਤੱਕ ਚਲੇ ਬਚਾਅ ਕਾਰਜਾਂ ’ਤੇ ਵੀ ਤਸੱਲੀ ਪ੍ਰਗਟਾਈ, ਤੇ ਕਿਹਾ ਕਿ ‘ਬਹੁਤ ਵੱਡਾ ਕਾਰਜ’ ਪੂਰਾ ਕਰ ਲਿਆ ਗਿਆ ਹੈ।’ ਉਨ੍ਹਾਂ ਕਿਹਾ, ‘ਅਸੀਂ ਇਸ ਵੇਲੇ ਬਹੁਤ ਕੰਮ ਕਰ ਰਹੇ ਹਾਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੋ ਕੀਤਾ ਜਾ ਰਿਹਾ ਹੈ ਉਹ ਸੁਰੱਖਿਅਤ ਹੈ, ਤੇ ਬਚਾਅ ਕਾਰਜਾਂ ਵਿਚ ਲੱਗੇ ਲੋਕ ਸੁਰੱਖਿਅਤ ਹਨ। ਮੈਂ ਸੁਰੰਗ ਦੇ ਅੰਦਰ ਜਾ ਕੇ ਆਇਆ ਹਾਂ, ਕਾਫੀ ਕੰਮ ਕਰ ਲਿਆ ਗਿਆ ਹੈ, ਤੇ ਅਸੀਂ ਹੁਣ ਪਹਾੜ ਦੀ ਚੋਟੀ ਉਤੇ ਜਾ ਰਹੇ ਹਾਂ ਤਾਂ ਕਿ ਹੋਰ ਬਦਲਾਂ ਉਤੇ ਵੀ ਵਿਚਾਰ ਹੋ ਸਕੇ।’ ਡਿਕਸ ਨੇ ਹਾਲਾਂਕਿ ਬਚਾਅ ਕਾਰਜ ਮੁਕੰਮਲ ਕਰਨ ਦੀ ਕੋਈ ਸਮਾਂ-ਸੀਮਾ ਨਹੀਂ ਦੱਸੀ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰੇ ਵਿਅਕਤੀ ਸੁਰੱਖਿਅਤ ਰਹਿਣ ਤੇ ਜਿਊਂਦੇ ਬਾਹਰ ਆਉਣ, ਇਸ ਲਈ ਚਾਹੇ ਜਿੰਨਾ ਵੀ ਸਮਾਂ ਲੱਗੇ। ਇਸ ਗੱਲ ਉਤੇ ਸਾਰਿਆਂ ਦੀ ਸਹਿਮਤੀ ਹੈ।’ ਬਚਾਅ ਕਾਰਜ ਹੁਣ ਨੌਵੇਂ ਦਿਨ ਵਿਚ ਦਾਖਲ ਹੋ ਗਏ ਹਨ। ਦੱਸਣਯੋਗ ਹੈ ਕਿ ਡਿਕਸ ਜਨੇਵਾ ਅਧਾਰਿਤ ਇਕ ਕੌਮਾਂਤਰੀ ਐਸੋਸੀਏਸ਼ਨ ਦੇ ਮੁਖੀ ਹਨ ਜੋ ਕਿ ਸੁਰੰਗਾਂ ਪੁੱਟਣ ਤੇ ਜ਼ਮੀਨਦੋਜ਼ ਥਾਵਾਂ ਦੇ ਕੰਮਾਂ ਨਾਲ ਜੁੜੀ ਹੋਈ ਹੈ। -ਪੀਟੀਆਈ