ਉੱਤਰਕਾਸ਼ੀ: ਟਰੈਕਿੰਗ ਦੌਰਾਨ ਨੌਂ ਪਰਬਤਾਰੋਹੀਆਂ ਦੀ ਮੌਤ
ਦੇਹਰਾਦੂਨ, 5 ਜੂਨ
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਉੱਚ ਹਿਮਾਲਿਆਈ ਖੇਤਰ ਸਹਿਸਤਰਤਾਲ ਦੀ ਟਰੈਕਿੰਗ ’ਤੇ ਗਈ ਕਰਨਾਟਕ ਤੇ ਮਹਾਰਾਸ਼ਟਰ ਦੇ ਪਰਬਤਾਰੋਹੀਆਂ ਦੀ ਇੱਕ ਟੀਮ ਖਰਾਬ ਮੌਸਮ ਕਾਰਨ ਰਾਹ ਭਟਕ ਗਈ ਤੇ ਇਸ ਘਟਨਾ ’ਚ ਨੌਂ ਪਰਬਤਾਰੋਹੀਆਂ ਦੀ ਮੌਤ ਹੋ ਗਈ ਜਦਕਿ ਛੇ ਦਾ ਬਚਾਅ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਤਿੰਨ ਪਰਬਤਾਰੋਹੀਆਂ ਅਤੇ ਪੰਜ ਲਾਸ਼ਾਂ ਕੱਢ ਲਈਆਂ ਹਨ ਜਦਕਿ ਤਿੰਨ ਸ਼ੇਰਪਿਆਂ ਤੇ ਰਹਿੰਦੀਆਂ ਚਾਰ ਲਾਸ਼ਾਂ ਭਲਕੇ ਲਿਆਂਦੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਦਿਨੇ ਉੱਤਰਕਾਸ਼ੀ ਦੇ ਜ਼ਿਲ੍ਹਾ ਅਧਿਕਾਰੀ ਡਾ. ਮਿਹਰਬਾਨ ਸਿੰਘ ਬਿਸ਼ਟ ਨੇ ਅੱਜ ਦੱਸਿਆ ਲੰਘੀ ਸ਼ਾਮ 4100-4100 ਮੀਟਰ ਦੀ ਉਚਾਈ ’ਤੇ ਸਥਿਤ ਮੱਲਾ-ਸਿੱਲਾ-ਕੁਸ਼ਕਲਿਆਣ-ਸਹਿਸਤਰਤਾਲ ਟਰੈਕ ’ਤੇ ਪਰਬਤਾਰੋਹੀਆਂ ਦੀ ਟੀਮ ਦੇ ਬਾਕੀ ਮੈਂਬਰਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ ਜਿਸ ਮਗਰੋਂ ਬਚਾਅ ਮੁਹਿੰਮ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ। ਇਸ ਟੀਮ ’ਚ 10 ਮਹਿਲਾਵਾਂ ਸ਼ਾਮਲ ਸਨ। ਬਿਸ਼ਟ ਨੇ ਦੱਸਿਆ ਕਿ ਹਵਾਈ ਸੈਨਾ, ਐੱਸਡੀਆਰਐੱਫ ਤੇ ਨਿੱਜੀ ਹੈਲੀਕਾਪਟਰ ਦੀ ਮਦਦ ਨਾਲ ਹੁਣ ਤੱਕ 11 ਪਰਬਤਾਰੋਹੀ ਸੁਰੱਖਿਅਤ ਹੇਠਾਂ ਲਿਆਂਦੇ ਗਏ ਹਨ। ਪ੍ਰਸ਼ਾਸਨ ਅਨੁਸਾਰ ਸੁਰੱਖਿਅਤ ਕੱਢੇ ਗਏ 11 ਪਰਬਤਾਰੋਹੀਆਂ ’ਚੋਂ 8 ਨੂੰ ਦੇਹਰਾਦੂਨ ਲਿਆਂਦਾ ਗਿਆ ਹੈ ਜਦਕਿ ਤਿੰਨ ਨਟੀਨ ’ਚ ਰੁਕੇ ਹੋਏ ਹਨ। ਬੇਸ ਕੈਂਪ ’ਚ ਸੁਰੱਖਿਅਤ ਦੋ ਹੋਰ ਪਰਬਤਾਰੋਹੀ ਨੇੜਲੇ ਸਿੱਲਾ ਪਿੰਡ ਲਈ ਪੈਦਲ ਨਿਕਲ ਚੁੱਕੇ ਹਨ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਪੰਜ ਲਾਸ਼ਾਂ ਕੱਢ ਕੇ ਨਟੀਨ ਹੈਲੀਪੈਡ ਲਿਆਂਦੀਆਂ ਗਈਆਂ ਹਨ। ਟੀਮ ’ਚ ਸ਼ਾਮਲ ਗਾਈਡ ਸਮੇਤ ਚਾਰ ਹੋਰ ਪਰਬਤਾਰੋਹੀਆਂ ਦੀ ਖੋਜ ਲਈ ਮੁਹਿੰਮ ਜੰਗੀ ਪੱਧਰ ’ਤੇ ਚਲਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਉੱਤਰਕਾਸ਼ੀ ਦੇ ਮਨੇਰੀ ਸਥਿਤ ਹਿਮਾਲਿਅਨ ਵਿਊ ਟਰੈਕਿੰਗ ਏਜੰਸੀ ਨੇ ਇਸ ਟੀਮ ਨੂੰ 29 ਮਈ ਨੂੰ ਉੱਤਰਕਾਸ਼ੀ ਤੋਂ ਟਰੈਕ ’ਤੇ ਰਵਾਨਾ ਕੀਤਾ ਸੀ। ਇਸ ਟੀਮ ਵਿੱਚ ਕਰਨਾਟਕ ਦੇ 18 ਤੇ ਮਹਾਰਾਸ਼ਟਰ ਦੇ ਇੱਕ ਟਰੈਕਰ ਤੋਂ ਇਲਾਵਾ ਤਿੰਨ ਸਥਾਨਕ ਗਾਈਡ ਵੀ ਸ਼ਾਮਲ ਸਨ। -ਪੀਟੀਆਈ