For the best experience, open
https://m.punjabitribuneonline.com
on your mobile browser.
Advertisement

ਉੱਤਰਾਖੰਡ ਸੁਰੰਗ ਹਾਦਸਾ

07:59 AM Nov 22, 2023 IST
ਉੱਤਰਾਖੰਡ ਸੁਰੰਗ ਹਾਦਸਾ
Advertisement

ਉੱਤਰਾਖੰਡ ਦੇ ਚਾਰ ਧਾਮ ਮਾਰਗ ਉੱਤੇ ਬੀਤੇ ਦਸ ਦਿਨਾਂ ਤੋਂ ਵੱਖੋ-ਵੱਖ ਏਜੰਸੀਆਂ ਦੀ ਸ਼ਮੂਲੀਅਤ ਨਾਲ ਜ਼ੋਰਦਾਰ ਬਚਾਅ ਕਾਰਜ ਕੀਤੇ ਜਾ ਰਹੇ ਹਨ ਜਿੱਥੇ ਉਸਾਰੀ ਅਧੀਨ ਸੁਰੰਗ ਦਾ ਇਕ ਹਿੱਸਾ ਧਸ ਜਾਣ ਕਾਰਨ ਉਸ ਵਿਚ ਫਸ ਗਏ 41 ਮਜ਼ਦੂਰਾਂ ਦੀਆਂ ਜ਼ਿੰਦਗੀਆਂ ਦਾਅ ਉੱਤੇ ਲੱਗੀਆਂ ਹੋਈਆਂ ਹਨ। ਇਹ ਸੁਰੰਗ ਬ੍ਰਹਮਖਾਲ-ਯਮੁਨੋਤਰੀ ਕੌਮੀ ਸ਼ਾਹਰਾਹ ਉੱਤੇ ਸਿਲਕਿਆਰਾ ਅਤੇ ਡੰਡਲਗਾਉਂ ਦਰਮਿਆਨ ਬਣਾਈ ਜਾ ਰਹੀ ਹੈ ਜਿਸ ਦਾ ਇਕ ਹਿੱਸਾ ਬੀਤੀ 12 ਨਵੰਬਰ ਨੂੰ ਢਹਿ ਗਿਆ। ਫਸੇ ਮਜ਼ਦੂਰਾਂ ਦੀ ਸਾਹਮਣੇ ਆਈ ਪਹਿਲੀ ਤਸਵੀਰ ਨੇ ਉਨ੍ਹਾਂ ਦੇ ਛੇਤੀ ਤੇ ਸੁਰੱਖਿਅਤ ਬਾਹਰ ਆ ਜਾਣ ਸਬੰਧੀ ਉਨ੍ਹਾਂ ਦੇ ਪਰਿਵਾਰਾਂ ਅਤੇ ਸਾਰੇ ਦੇਸ਼ ਦੀਆਂ ਉਮੀਦਾਂ ਜਗਾਈਆਂ ਹਨ। ਤਸਵੀਰ ਵਿਚ ਇਹ ਕਾਮੇ ਉਨ੍ਹਾਂ ਨੂੰ ਪਾਈਪ ਰਾਹੀਂ ਭੇਜੀਆਂ ਗਈਆਂ ਖ਼ੁਰਾਕੀ ਵਸਤਾਂ ਪ੍ਰਾਪਤ ਕਰਦੇ ਦਿਖਾਈ ਦੇ ਰਹੇ ਹਨ। ਇਸ ਸਮੇਂ ਭਾਵੇਂ ਸਭ ਤੋਂ ਵੱਡੀ ਤਰਜੀਹ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਣਾ ਹੀ ਹੈ ਪਰ ਸੁਰੰਗ ਦਾ ਇੰਝ ਧਸ ਜਾਣਾ ਹਿਮਾਲਿਆ ਦੇ ਵਾਤਾਵਰਨ ਪੱਖੋਂ ਨਾਜ਼ੁਕ ਖੇਤਰਾਂ ਵਿਚ ਉਸਾਰੀ ਦੇ ਗੰਭੀਰ ਖ਼ਤਰਿਆਂ ਨੂੰ ਚੇਤੇ ਕਰਾਉਂਦਾ ਹੈ। ਮਾਹਿਰਾਂ ਅਨੁਸਾਰ ਅਜਿਹੀ ਵੱਡੀ ਸੁਰੰਗ ਦੀ ਉਸਾਰੀ ਕਰਦੇ ਸਮੇਂ ਨਾਲ ਨਾਲ ਛੋਟੀ ਬਚਾਅ ਕਰਨ ਵਾਲੀ ਸੁਰੰਗ ਬਣਾਉਣ ਦੀ ਵੀ ਜ਼ਰੂਰਤ ਹੁੰਦੀ ਹੈ ਕਿਉਂਕਿ ਪਹਾੜਾਂ ਵਿਚ ਕਈ ਹਿੱਸੇ ਅਜਿਹੇ ਹੁੰਦੇ ਹਨ ਜਿਹੜੇ ਕਿਸੇ ਵੀ ਸਮੇਂ ਖਿਸਕ ਤੇ ਧਸ ਸਕਦੇ ਹਨ।
ਮਾਹਿਰਾਂ ਨੇ ਉਨ੍ਹਾਂ ਚਿੰਤਾਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ ਜਿਨ੍ਹਾਂ ਦਾ ਅਜਿਹੀਆਂ ਘਟਨਾਵਾਂ ਦੇ ਦੁਬਾਰਾ ਵਾਪਰਨ ਤੋਂ ਰੋਕਣ ਲਈ ਫ਼ੌਰੀ ਤੌਰ ’ਤੇ ਹੱਲ ਕੀਤੇ ਜਾਣ ਦੀ ਲੋੜ ਹੈ। ਚਾਰ ਧਾਮ ਲਈ ਹਰ ਮੌਸਮ ਵਿਚ ਚੱਲਣ ਵਾਲੀ ਸੜਕ ਸਬੰਧੀ ਸੁਪਰੀਮ ਕੋਰਟ ਵੱਲੋਂ ਨਾਮਜ਼ਦ ਉੱਚ ਤਾਕਤੀ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਬੀਤੇ ਸਾਲ ਅਸਤੀਫ਼ਾ ਦੇ ਚੁੱਕੇ ਵਾਤਾਵਰਨ ਮਾਹਿਰ ਰਵੀ ਚੋਪੜਾ ਅਨੁਸਾਰ ਹੰਢਣਸਾਰ ਵਿਕਾਸ ਲਈ ਅਜਿਹੀ ਪਹੁੰਚ ਦੀ ਲੋੜ ਹੁੰਦੀ ਹੈ ਜਿਹੜੀ ਪਹਾੜਾਂ ਦੀ ਬਣਤਰ ਸਬੰਧੀ ਵਿਗਿਆਨਕ ਪਹੁੰਚ ਰੱਖੇ ਅਤੇ ਵਾਤਾਵਰਨ ਦੇ ਪੱਖ ਤੋਂ ਵੀ ਚੇਤੰਨ ਹੋਵੇ। ਸੜਕਾਂ ਚੌੜੀਆਂ ਕਰਨ ਲਈ ਵਰਤੇ ਜਾਂਦੇ ਢੰਗ-ਤਰੀਕਿਆਂ ਅਤੇ ਢਲਾਣਾਂ ਦੀ ਸਥਿਰਤਾ ਉੱਤੇ ਪੈਣ ਵਾਲੇ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਵੀ ਸਵਾਲ ਉਠਾਏ ਜਾ ਰਹੇ ਹਨ।
ਚਾਰ ਧਾਮ ਪ੍ਰੋਗਰਾਮ ਤਹਿਤ ਵੱਖ ਵੱਖ ਪ੍ਰਾਜੈਕਟਾਂ ਵਿਚ ‘ਢਿੱਗਾਂ ਖਿਸਕਣ ਅਤੇ ਜ਼ਮੀਨ ਦੇ ਧਸਣ ਦੀ ਪੁਰਾਣੀ ਸਮੱਸਿਆ ਦਾ ਸ਼ਿਕਾਰ ਸਥਾਨਾਂ/ਖੇਤਰਾਂ’ ਨੂੰ ਸਥਿਰ ਕਰਨ ਲਈ ਕਦਮ ਚੁੱਕਣਾ ਅਤੇ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਸ਼ਾਮਲ ਹੈ ਪਰ ਸਿਲਕਿਆਰਾ ਹਾਦਸੇ ਨੇ ਇਨ੍ਹਾਂ ਕਦਮਾਂ ਨੂੰ ਲਾਗੂ ਕੀਤੇ ਜਾਣ ਵਿਚਲੇ ਖੱਪਿਆਂ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ। ਇਸ ਸਬੰਧ ਵਿਚ ਜ਼ਿੰਮੇਵਾਰੀ ਤੈਅ ਕਰਨ ਲਈ ਡੂੰਘੀ ਜਾਂਚ ਕੀਤੇ ਜਾਣ ਦੀ ਲੋੜ ਹੈ ਜਿਸ ਤੋਂ ਬਾਅਦ ਖੱਪਿਆਂ ਨੂੰ ਪੂਰਨ ਅਤੇ ਵਾਤਾਵਰਨ ਸਬੰਧੀ ਨੇਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਟੀਕ ਕਾਰਜ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜੋਸ਼ੀ ਮੱਠ ਵਿਚ ਜ਼ਮੀਨ ਗ਼ਰਕਣ ਦੀ ਘਟਨਾ ਨੇ ਸਾਰੀਆਂ ਸਬੰਧਿਤ ਧਿਰਾਂ ਜਿਵੇਂ ਹੋਟਲ ਕਾਰੋਬਾਰੀਆਂ, ਸਥਾਨਕ ਵਸਨੀਕਾਂ, ਅਧਿਕਾਰੀਆਂ ਆਦਿ ਲਈ ਖ਼ਤਰੇ ਦਾ ਘੁੱਗੂ ਵਜਾਇਆ ਸੀ। ਉੱਤਰਾਖੰਡ ਵਿਚ ਸੈਰ-ਸਪਾਟਾ ਮਾਲੀਏ ਦਾ ਅਹਿਮ ਸਰੋਤ ਹੈ ਪਰ ਸੂਬੇ ਵਿਚ ਸੈਲਾਨੀਆਂ ਦੀ ਆਮਦ ਵਧਾਉਣ ਦੇ ਮਕਸਦ ਨਾਲ ਕੀਤੇ ਜਾ ਰਹੇ ਬੇਤਰਤੀਬ ਵਿਕਾਸ ਕਾਰਜਾਂ ਲਈ ਤਾਰਨੀ ਪੈ ਰਹੀ ਵਾਤਾਵਰਨ ਸਬੰਧੀ ਅਤੇ ਇਨਸਾਨੀ ਕੀਮਤ ਨੂੰ ਨਜ਼ਰਅੰਦਾਜ਼ ਕਰਨਾ ਤਬਾਹੀ ਨੂੰ ਸੱਦਾ ਦੇਣ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਇਹ ਲਗਾਤਾਰ ਹਾਦਸੇ ਇਸ ਗੱਲ ਦੀ ਨਿਸ਼ਾਨਦੇਹੀ ਕਰਦੇ ਹਨ ਕਿ ਸਰਕਾਰਾਂ ਨੂੰ ਪਹਾੜੀ ਖੇਤਰ ਵਿਚ ਹੋ ਰਹੀਆਂ ਉਸਾਰੀਆਂ ਬਾਰੇ ਜ਼ਿੰਮੇਵਾਰੀ ਵਾਲੀਆਂ ਨੀਤੀਆਂ ਅਪਣਾਉਣੀਆਂ ਚਾਹੀਦੀਆਂ ਹਨ।

Advertisement

Advertisement
Advertisement
Author Image

sukhwinder singh

View all posts

Advertisement