ਉਤਰਾਖੰਡ: ਸੜਕ ਹਾਦਸੇ ’ਚ ਛੇ ਵਿਦਿਆਰਥੀਆਂ ਦੀ ਮੌਤ, ਇੱਕ ਜ਼ਖ਼ਮੀ
ਦੇਹਰਾਦੂਨ, 12 ਨਵੰਬਰ
ਦੇਹਰਾਦੂਨ ਵਿੱਚ ਅੱਜ ਤੜਕੇ ਇਨੋਵਾ ਅੱਗੇ ਜਾ ਰਹੇ ਟਰੱਕ ਨਾਲ ਟਕਰਾਅ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਪੁਲੀਸ ਦੇ ਸਰਕਲ ਅਧਿਕਾਰੀ (ਸਿਟੀ) ਨੀਰਜ ਸੇਮਵਾਲ ਨੇ ਦੱਸਿਆ ਕਿ ਇਹ ਘਟਨਾ ਓਐੱਨਜੀਸੀ ਚੌਕ ’ਤੇ ਅੱਧੀ ਰਾਤ ਮਗਰੋਂ ਕਰੀਬ ਡੇਢ ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਇਨੋਵਾ ਅੱਗੇ ਜਾ ਰਹੇ ਟਰੱਕ ਹੇਠਾਂ ਵੜ ਗਈ, ਜਿਸ ਵਿੱਚ ਸਵਾਰ ਛੇ ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ| ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਤਿੰਨ ਨੌਜਵਾਨ ਅਤੇ ਤਿੰਨ ਲੜਕੀਆਂ ਸ਼ਾਮਲ ਹਨ। ਇਹ ਸਾਰੇ ਵਿਦਿਆਰਥੀ ਸਨ। ਉਨ੍ਹਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲੀਸ ਮੁਲਾਜ਼ਮਾਂ ਨੂੰ ਕਾਰ ਵਿੱਚੋਂ ਲਾਸ਼ਾਂ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਜ਼ਖ਼ਮੀ ਇੱਕ ਹੋਰ ਵਿਦਿਆਰਥੀ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਕੁਨਾਲ ਕੁਕਰੇਜਾ (23), ਨਵਿਆ ਗੋਇਲ (23), ਅਤੁਲ ਅਗਰਵਾਲ (24), ਕਾਮਾਕਸ਼ੀ (20), ਰਿਸ਼ਭ ਜੈਨ (24) ਅਤੇ ਗੁਨੀਤ (19) ਵਜੋਂ ਹੋਈ ਹੈ। ਕੁਨਾਲ ਨੂੰ ਛੱਡ ਕੇ ਬਾਕੀ ਸਭ ਦੇਹਰਾਦੂਨ ਦੇ ਰਹਿਣ ਵਾਲੇ ਸਨ। ਕੁਨਾਲ ਮੂਲ ਵਿੱਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਸਿਧੇਸ਼ ਅਗਰਵਾਲ (25) ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਨਾਮੀ ਨੇ ਸੜਕ ਹਾਦਸੇ ਵਿੱਚ ਛੇ ਨੌਜਵਾਨਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ