ਉੱਤਰਾਖੰਡ: ਮੀਂਹ ਕਾਰਨ ਛੇ ਹਲਾਕ
ਰਿਸ਼ੀਕੇਸ਼/ਨਿਊ ਟੀਹਰੀ, 9 ਜੁਲਾਈ
ਉੱਤਰਾਖੰਡ ’ਚ ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਛੇ ਵਿਅਕਤੀ ਮਾਰੇ ਗਏ ਹਨ। ਸੂਬਾ ਸਰਕਾਰ ਨੇ ਗੰਗਾ ਸਮੇਤ ਸਾਰੇ ਵੱਡੇ ਦਰਿਆਵਾਂ ’ਚ ਪਾਣੀ ਦਾ ਪੱਧਰ ਵਧਣ ਅਤੇ ਅਗਲੇ ਦੋ ਦਿਨ ਮੋਹਲੇਧਾਰ ਮੀਂਹ ਪੈਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਪਹਾੜੀ ਸੂਬੇ ’ਚ ਰੈੱਡ ਅਲਰਟ ਐਲਾਨਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਵੀ ਕਿਹਾ ਹੈ ਕਿ ਉਹ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਬਾਅਦ ਹੀ ਧਾਰਮਿਕ ਅਸਥਾਨਾਂ ਦਾ ਦੌਰਾ ਕਰਨ ਲਈ ਸੂਬੇ ’ਚ ਆਉਣ। ਅਧਿਕਾਰੀਆਂ ਨੇ ਕਿਹਾ ਕਿ ਢਿੱਗਾਂ ਡਿੱਗਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ ਜਿਸ ਕਾਰਨ ਚਾਰਧਾਮ ਯਾਤਰਾ ਸਮੇਤ ਆਮ ਜਨ-ਜੀਵਨ ਠੱਪ ਹੋ ਗਿਆ ਹੈ। ਟੀਹਰੀ ਗੜ੍ਹਵਾਲ ਜ਼ਿਲ੍ਹੇ ’ਚ ਮੁਨੀ ਕੀ ਰੇਤੀ ਇਲਾਕੇ ’ਚ ਕੇਦਾਰਨਾਥ ਤੋਂ ਆ ਰਹੀ 11 ਸ਼ਰਧਾਲੂਆਂ ਨਾਲ ਭਰੀ ਜੀਪ ਗੰਗਾ ਨਦੀ ’ਚ ਡਿੱਗ ਗਈ। ਪ੍ਰਦੇਸ਼ ਆਫ਼ਤ ਪਬੰਧਨ ਬਲ ਦੇ ਇੰਸਪੈਕਟਰ ਕਵਿੰਦਰ ਸਜਵਾਨ ਨੇ ਕਿਹਾ ਕਿ ਤੈਰਾਕਾਂ ਦੀ ਸਹਾਇਤਾ ਨਾਲ ਪੰਜ ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ ਜਦਕਿ ਤਿੰਨ ਸ਼ਰਧਾਲੂਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਲਾਪਤਾ ਤਿੰਨ ਵਿਅਕਤੀਆਂ ਦੀ ਭਾਲ ਜਾਰੀ ਹੈ। ਇਹ ਸ਼ਰਧਾਲੂ ਦਿੱਲੀ, ਬਿਹਾਰ ਅਤੇ ਹੈਦਰਾਬਾਦ ਤੋਂ ਆਏ ਸਨ। ਪੁਲੀਸ ਮੁਤਾਬਕ ਹਾਦਸਾ ਮੁਨੀ ਕੀ ਰੇਤੀ ਇਲਾਕੇ ’ਚ ਉਦੋਂ ਵਾਪਰਿਆ ਜਦੋਂ ਢਿੱਗਾਂ ਡਿੱਗਣ ਕਾਰਨ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ ਅਤੇ ਇਹ ਸੜਕ ਤੋਂ ਤਿਲਕ ਕੇ ਗੰਗਾ ’ਚ ਜਾ ਡਿੱਗੀ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਕਾਸ਼ੀਪੁਰ ਇਲਾਕੇ ’ਚ ਵੀ ਭਾਰੀ ਨੁਕਸਾਨ ਹੋਇਆ ਹੈ। ਮੋਹਲੇਧਾਰ ਮੀਂਹ ਕਾਰਨ ਕਾਸ਼ੀਪੁਰ ਇਲਾਕੇ ਦੇ ਪਿੰਡ ਮਿਸਰਵਾਲਾ ’ਚ ਦੋ ਮਕਾਨ ਢਹਿ ਗਏ ਜਿਸ ’ਚ ਇਕ ਜੋੜੇ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਪੋਤੀ ਜ਼ਖ਼ਮੀ ਹੋ ਗਈ। ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਕੁਮਾਰ ਸਿਨਹਾ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਦਰਿਆਵਾਂ ਦੇ ਪਾਣੀ ਦੇ ਪੱਧਰ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਮੋਬਾਈਲ ਫੋਨ ਚਾਲੂ ਰੱਖਣ ਅਤੇ ਸੈਲਾਨੀਆਂ ਨੂੰ ਅੱਗੇ ਨਾ ਜਾਣ ਦੇਣ। ਮੌਸਮ ਵਿਭਾਗ ਨੇ ਚਮੋਲੀ, ਪੌੜੀ, ਪਿਥੌਰਾਗੜ੍ਹ, ਬਾਗੇਸ਼ਵਰ, ਅਲਮੋੜਾ, ਚੰਪਾਵਤ, ਨੈਨੀਤਾਲ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ’ਚ 11 ਅਤੇ 12 ਜੁਲਾਈ ਨੂੰ ਮੋਹਲੇਧਾਰ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ