ਉੱਤਰਾਖੰਡ: ਬੱਸ ਖੱਡ ’ਚ ਡਿੱਗਣ ਕਾਰਨ ਛੇ ਹਲਾਕ; 22 ਜ਼ਖ਼ਮੀ
ਦੇਹਰਾਦੂਨ, 12 ਜਨਵਰੀ
ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਸ੍ਰੀਨਗਰ ਇਲਾਕੇ ’ਚ ਅੱਜ ਇੱਕ ਬੱਸ ਖੱਡ ਵਿੱਚ ਡਿੱਗਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖ਼ਮੀ ਹੋ ਗਏ। ਸੂਬਾਈ ਆਫਤ ਪ੍ਰਬੰਧਨ ਬਲ (ਐੱਸਡੀਆਰਐੱਫ) ਅਨੁਸਾਰ ਦਾਹਲਚੌਰੀ ਨੇੜੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੇਕਾਬੂ ਹੋਈ ਬੱਸ ਸੌ ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਪੌੜੀ ਤੋਂ ਦਾਹਲਚੌਰੀ ਜਾ ਰਹੀ ਇਸ ਬੱਸ ਵਿੱਚ ਹਾਦਸੇ ਸਮੇਂ 28 ਮੁਸਾਫ਼ਰ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਵਿਅਕਤੀਆਂ ਦੀ ਬਾਅਦ ਵਿੱਚ ਮੌਤ ਹੋ ਗਈ। ਸਥਾਨਕ ਲੋਕਾਂ ਨੇ ਬਚਾਅ ਕਾਰਜਾਂ ਵਿੱਚ ਮਦਦ ਕੀਤੀ ਅਤੇ ਹਾਦਸੇ ਦੇ ਜ਼ਖ਼ਮੀਆਂ ਨੂੰ ਪੌੜੀ ਦੇ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ। -ਪੀਟੀਆਈ
ਟਰੱਕ ਤੇ ਟੈਂਪੂ ਵਿਚਾਲੇ ਟੱਕਰ; ਅੱਠ ਹਲਾਕ
ਨਾਸਿਕ: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਦਵਾਰਕਾ ਸਰਕਲ ’ਚ ਅੱਜ ਇਕ ਟਰੱਕ ਅਤੇ ਟੈਂਪੂ ਵਿਚਾਲੇ ਹੋਈ ਟੱਕਰ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਇਕ ਪੁਲੀਸ ਅਧਿਕਾਰੀ ਨੇ ਦਿੱਤੀ। ਇਹ ਘਟਨਾ ਅਯੱਪਾ ਮੰਦਰ ਨੇੜੇ ਸ਼ਾਮ 7.30 ਵਜੇ ਵਾਪਰੀ। ਟੈਂਪੂ ਵਿੱਚ ਕੁੱਲ 16 ਵਿਅਕਤੀ ਸਵਾਰ ਸਨ। ਉਹ ਇਕ ਧਾਰਮਿਕ ਪ੍ਰੋਗਰਾਮ ’ਚੋਂ ਪਰਤ ਰਹੇ ਸਨ। -ਪੀਟੀਆਈ