ਬਹਿਰਾਈਚ, 10 ਅਕਤੂਬਰਬਹਿਰਾਈਚ ਜ਼ਿਲ੍ਹੇ ਦੇ ਪਿੰਡ ਤਾਜਪੁਰ ਤੇਦੀਆ ’ਚ ਪੋਲਟਰੀ ਫਾਰਮਾਂ ਦੇ ਦੋ ਮਾਲਕਾਂ ਨੇ ਪੰਜ ਕਿੱਲੋ ਕਣਕ ਚੋਰੀ ਕਰਨ ਦੇ ਸ਼ੱਕ ਕਾਰਨ ਦਲਿਤ ਭਾਈਚਾਰੇ ਦੇ ਤਿੰਨ ਨਾਬਾਲਗ ਲੜਕਿਆਂ ਦੀ ਕਥਿਤ ਕੁੱਟਮਾਰ ਕੀਤੀ ਤੇ ਸਿਰ ਮੁੰਨਣ ਮਗਰੋਂ ਮੂੰਹ ’ਤੇ ਕਾਲਖ ਮਲ ਕੇ ਉਨ੍ਹਾਂ ਨੂੰ ਨਿਰਵਸਤਰ ਕਰਕੇ ਘੁਮਾਇਆ।ਪੁਲੀਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਪੀੜਤ ਲੜਕਿਆਂ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਕਿ ਦੋਵਾਂ ਲੜਕਿਆਂ ’ਤੇ ਸਮੇਂ ਸਿਰ ਮੁਰਗੀਖਾਨੇ ’ਚ ਕੰਮ ’ਤੇ ਨਾ ਪਹੁੰਚਣ ਕਾਰਨ ਤਸ਼ੱਦਦ ਕੀਤਾ ਗਿਆ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ।ਨਾਨਪਾਰਾ ਦੇ ਐੱਸਐੱਸਓ ਪ੍ਰਦੀਪ ਸਿੰਘ ਨੇ ਕਿਹਾ ਕਿ ਪੀੜਤ ਲੜਕਿਆਂ ਦੇ ਪਰਿਵਾਰਾਂ ਦੀ ਸ਼ਿਕਾਇਤ ’ਤੇ ਅੱਜ ਚਾਰ ਮੁਲਜ਼ਮਾਂ ਨਜ਼ੀਮ ਖ਼ਾਨ, ਕਾਸਿਮ ਖ਼ਾਨ, ਇਨਾਇਤ ਅਤੇ ਸਾਨੂ ਖ਼ਿਲਾਫ਼ ਵੱਖ-ਵੱਖ ਧਾਰਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ