ਸੁਲਤਾਨਪੁਰ, 1 ਅਗਸਤਸੁਲਤਾਨਪੁਰ ਦੇ ਮੋਚੀ ਰਾਮ ਚੇਤ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਗੰਢੀ ਹੋਈ ਜੁੱਤੀ ਬਦਲੇ ਉਸ ਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਹੋਈ ਸੀ ਪਰ ਉਸ ਨੇ ਇਹ ਸੌਦਾ ਕਰਨ ਤੋਂ ਇਨਕਾਰ ਕਰ ਦਿੱਤਾ। ਚੇਤ ਨੇ ਕਿਹਾ ਕਿ ਉਹ ਇਸ ਜੁੱਤੇ ਨੂੰ ਫਰੇਮ ’ਚ ਮੜ੍ਹਾ ’ਚ ਰੱਖੇਗਾ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਇੱਕ ਕੇਸ ਦੇ ਸਬੰਧ ’ਚ 26 ਜੁਲਾਈ ਨੂੰ ਸੁਲਤਾਨਪੁਰ ਦੀ ਇੱਕ ਅਦਾਲਤ ’ਚ ਪੇਸ਼ੀ ਭੁਗਤਣ ਆਏ ਸਨ ਅਤੇ ਇਸ ਦੌਰਾਨ ਉਹ ਮੋਚੀ ਰਾਮ ਚੇਤ ਦੀ ਦੁਕਾਨ ’ਤੇ ਰੁਕੇ ਸਨ। ਰਾਹੁਲ ਨੇ ਚੇਤ ਦੀ ਦੁਕਾਨ ’ਤੇ ਇੱਕ ਜੋੜੇ ਦੀ ਹੱਥ ਨਾਲ ਸਿਲਾਈ ਕੀਤੀ ਸੀ। ਰਾਹੁਲ ਗਾਂਧੀ ਵੱਲੋਂ ਗੰਢੇ ਗਏ ਜੁੱਤੇ ਸਬੰਧੀ ਰਾਮ ਚੇਤ ਨੇ ਕਿਹਾ, ‘‘ਉਸ ਨੂੰ ਇਹ ਜੁੱਤਾ ਖਰੀਦਣ ਦੇ ਚਾਹਵਾਨ ਕਈ ਲੋਕਾਂ ਦੇ ਫੋਨ ਆਏ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪੇਸ਼ਕਸ਼ 10 ਲੱਖ ਰੁਪਏ ਦੀ ਸੀ। ਮੰਗਲਵਾਰ ਨੂੰ ਪ੍ਰਤਾਪਗੜ੍ਹ ਤੋਂ ਕਿਸੇ ਨੇ ਫੋਨ ਕਰਕੇ ਇਸ ਜੁੱਤੇ ਬਦਲੇ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਪਰ ਜਦੋਂ ਮੈਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਇਸ ਬਦਲੇ 10 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ। ਪਰ ਮੈਂ ਉਸ ਨੂੰ ਕਿਹਾ ਕਿ ਮੈਂ ਇਹ ਜੁੱਤਾ ਨਹੀਂ ਵੇਚਣਾ ਚਾਹੁੰਦਾ ਕਿਉਂਕਿ ਇਹ ਜੁੱਤਾ ਮੇਰੇ ਲਈ ‘ਲੱਕੀ’ ਹੈ।’’ -ਪੀਟੀਆਈ