ਉੱਤਰ ਪ੍ਰਦੇਸ਼: ਮੰਦਰ ਕੋਲ ਬਣੀ ਮਜ਼ਾਰ ਤੋੜ ਕੇ ਸ਼ਿਵਲਿੰਗ ਕੀਤਾ ਸਥਾਪਤ
ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), 19 ਸਤੰਬਰ
ਜ਼ਿਲ੍ਹੇ ਦੇ ਪਿੰਡ ਵਿੱਚ ਸ਼ਰਾਰਤੀ ਅਨਸਰਾਂ ਨੇ ਕਥਿਤ ਤੌਰ ’ਤੇ ਮੰਦਰ ਕੋਲ ਮਜ਼ਾਰ ਤੋੜ ਕੇ ਉੱਥੇ ਸ਼ਿਵਲਿੰਗ ਸਥਾਪਤ ਕਰ ਦਿੱਤਾ, ਜਿਸ ਮਗਰੋਂ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸ਼ਿਵਲਿੰਗ ਹਟਵਾ ਕੇ ਮਜਾਰ ਦੀ ਸਥਿਤੀ ਪਹਿਲਾਂਵਰਗੀ ਕੀਤੀ ਅਤੇ ਹਾਲਾਤ ਆਮ ਵਰਗੇ ਬਣਾਏ। ਇਸ ਮਾਮਲੇ ਵਿੱਚ ਪੁਲੀਸ ਨੇ ਮੰਦਰ ਦੇ ਪੁਜਾਰੀ ਤੇ ਕੁਝ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਪਿੰਡ ਵਿੱਚ ਭਾਰੀ ਪੁਲੀਸ ਤੇ ਪੀਏਪੀ ਬਲ ਨੂੰ ਤਾਇਨਾਤ ਕੀਤਾ ਗਿਆ ਹੈ। ਵਧੀਕ ਐੱਸਪੀ (ਦਿਹਾਤੀ) ਮਨੋਜ ਅਵਸਥੀ ਨੇ ਅੱਜ ਦੱਸਿਆ ਕਿ ਥਾਣਾ ਸਿਧੌਲੀ ਅਧੀਨ ਸਹੋਰਾ ਪਿੰਡ ਵਿੱਚ ਮੰਦਰ ਕੋਲ ਦੋ ਮਜ਼ਾਰਾਂ ਹਨ। ਮਜਾਰਾਂ ’ਤੇ ਇਕ ਫ਼ਿਰਕੇ ਦੇ ਲੋਕਾਂ ਨੇ ਝਾਲਰ ਲਾ ਕੇ ਸਜਾਵਟ ਕੀਤੀ ਸੀ ਅਤੇ ਪੁਲੀਸ ਨੇ ਇਹ ਸੂਚਨਾ ਮਿਲਣ ’ਤੇ ਮੰਗਲਵਾਰ ਨੂੰ ਝਾਲਰ ਹਟਵਾ ਦਿੱਤੀ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਸ਼ਰਾਰਤੀ ਅਨਸਰਾਂ ਨੇ ਮਜ਼ਾਰ ਦੇ ਉੱਪਰਲੇ ਹਿੱਸੇ ਨੂੰ ਤੋੜ ਦਿੱਤਾ। ਅਵਸਥੀ ਨੇ ਦੱਸਿਆ ਕਿ ਇਸ ਤੋਂ ਬਾਅਦ ਮਜਾਰ ’ਤੇ ਸ਼ਿਵਲਿੰਗ ਸਥਾਪਤ ਕਰ ਦਿੱਤਾ ਗਿਆ, ਜਿਸ ਦੀ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ। -ਪੀਟੀਆਈ