ਉੱਤਰ ਪ੍ਰਦੇਸ਼: ਸੜਕ ਹਾਦਸੇ ’ਚ ਚਾਰ ਡਾਕਟਰਾਂ ਸਣੇ ਪੰਜ ਹਲਾਕ
ਕਨੌਜ, 27 ਨਵੰਬਰ
ਲਖਨਊ-ਆਗਰਾ ਐਕਸਪ੍ਰੈੱਸਵੇਅ ’ਤੇ ਅੱਜ ਤੜਕੇ ਹਾਦਸੇ ’ਚ ਉੱਤਰ ਪ੍ਰਦੇਸ਼ ਮੈਡੀਕਲ ਸਾਇੰਸਿਜ਼ ਯੂਨੀਵਰਸਿਟੀ ਨਾਲ ਸਬੰਧਤ ਚਾਰ ਡਾਕਟਰਾਂ ਤੇ ਇੱਕ ਲੈਬ ਟਕਨੀਸ਼ੀਅਨ ਦੀ ਮੌਤ ਹੋ ਗਈ। ਇਹ ਘਟਨਾ ਤੇਜ਼ ਰਫ਼ਤਾਰ ਐੱਸਯੂੁਵੀ ਵਾਹਨ ਦਾ ਤਵਾਜ਼ਨ ਵਿਗੜਨ ਕਾਰਨ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰੀ। ਇਸ ਮਗਰੋਂ ਇੱਕ ਟਰੱਕ ਨੇ ਇਸ ਵਾਹਨ ਨੂੰ ਟੱਕਰ ਮਾਰ ਦਿੱਤੀ। ਐੱਸਪੀ ਅਮਿਤ ਕੁਮਾਰ ਆਨੰਦ ਨੇ ਦੱਸਿਆ ਕਿ ਇਹ ਹਾਦਸਾ ਤੜਕੇ 3 ਵਜੇ ਵਾਪਰਿਆ ਜਦੋਂ ਐੱਸਯੂਵੀ ਵਾਹਨ ਬੇਕਾਬੂ ਹੋਣ ਮਗਰੋਂ ਡਿਵਾਈਡਰ ਨਾਲ ਟਕਰਾ ਗਿਆ। ਅਧਿਕਾਰੀ ਨੇ ਕਿਹਾ ਕਿ ਹਾਦਸੇ ’ਚ ਚਾਰ ਡਾਕਟਰਾਂ ਤੇ ਇੱਕ ਲੈਬ ਟਕਨੀਸ਼ੀਅਨ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਵਿਅਕਤੀ ਜੋ ਪੋਸਟਗਰੈਜੂਏਟ ਵਿਦਿਆਰਥੀ ਹੈ, ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤਿਰਵਾ ਦੇ ਡਾ. ਭੀਮ ਰਾਓ ਅੰਬੇਡਕਰ ਮੈਡੀਕਲ ਕਾਲਜ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਡਾਕਟਰ ਤੇ ਲੈਬ ਟੈਕਨੀਸ਼ੀਅਨ ਲਖਨਊ ’ਚ ਇਕ ਵਿਆਹ ਸਮਾਗਮ ਤੋਂ ਸੈਫ਼ਈ ਪਰਤ ਰਹੇ ਸਨ। ਮਾਰੇ ਗਏ ਵਿਅਕਤੀਆਂ ਦੀ ਉਮਰ 29 ਸਾਲ ਤੋਂ 46 ਸਾਲਾਂ ਦੇ ਵਿਚਕਾਰ ਸੀ। -ਪੀਟੀਆਈ
ਸਰਕਾਰ ਐੱਕਸਪ੍ਰੈੱਸਵੇਅ ਦੀ ਸਾਂਭ ਸੰਭਾਲ ਕਰਨ ’ਚ ਅਸਮਰੱਥ: ਅਖਿਲੇਸ਼
ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਚਾਰ ਡਾਕਟਰਾਂ ਦੀ ਮੌਤ ’ਤੇ ਅਫਸੋਸ ਜ਼ਾਹਿਰ ਕਰਦਿਆਂ ਲਖਨਊ-ਆਗਰਾ ਐਕਸਪ੍ਰੈੱਸਵੇਅ ’ਤੇ ਹਾਦਸਿਆਂ ’ਚ ਵਾਧੇ ਨੂੰ ਲੈ ਕੇ ਸਰਕਾਰ ’ਤੇ ਸਵਾਲ ਉਠਾਏ ਹਨ। ਐਕਸ ’ਤੇ ਪੋਸਟ ’ਚ ਅਖਿਲੇਸ਼ ਨੇ ਕਿਹਾ, ‘‘ਹਰ ਇੱਕ ਜਾਨ ਕੀਮਤੀ ਹੈ ਪਰ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰਾਂ ਦੀ ਮੌਤ ਹੋਰ ਵੀ ਦੁਖਦਾਈ ਘਟਨਾ ਹੈ।’’ ਉਨ੍ਹਾਂ ਕਿਹਾ ਕਿ ਸਪਾ ਦੇ ਕਾਰਜਕਾਲ ’ਚ ਬਣੇ ਐਕਸਪ੍ਰੈੱਸਵੇਅ ਦੀ ਸਾਂਭ ਸੰਭਾਲ ਕਰਨ ’ਚ ਸੂਬਾ ਸਰਕਾਰ ਅਸਮਰੱਥ ਜਾਪਦੀ ਹੈ। ਯੂਪੀ ਦੀ ਭਾਜਪਾ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਐਕਸਪ੍ਰੈੱਸਵੇਅ ’ਤੇ ਹਾਦਸੇ ਕਿਉਂ ਵਧ ਰਹੇ ਹਨ। -ਪੀਟੀਆਈ