ਉੱਤਰ ਪ੍ਰਦੇਸ਼ ਜ਼ਿਮਨੀ ਚੋਣਾਂ: ਸਪਾ ਨੇ ਛੇ ਸੀਟਾਂ ਲਈ ਉਮੀਦਵਾਰ ਐਲਾਨੇ
ਲਖਨਊ, 9 ਅਕਤੂਬਰ
ਸਮਾਜਵਾਦੀ ਪਾਰਟੀ (ਸਪਾ) ਨੇ ਉੱਤਰ ਪ੍ਰਦੇਸ਼ ਦੀਆਂ 10 ਵਿਧਾਨ ਸਭਾ ਸੀਟਾਂ ’ਤੇ ਇਸੇ ਸਾਲ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਛੇ ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਹਾਲੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ। ਇੰਡੀਆ ਗੱਠਜੋੜ ਵਿੱਚ ਸ਼ਾਮਲ ਸਪਾ ਨੇ ਕਿਹਾ ਹੈ ਕਿ ਉਹ ਗੱਠਜੋੜ ਦੀ ਆਪਣੀ ਸਹਿਯੋਗੀ ਕਾਂਗਰਸ ਨਾਲ ਮਿਲ ਕੇ ਜ਼ਿਮਨੀ ਚੋਣ ਲੜੇਗੀ। ਕਾਂਗਰਸ ਵੱਲੋਂ ਸਪਾ ਤੋਂ ਪੰਜ ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ, ਜਦ ਕਿ ਉਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਇੱਕ ਵੀ ਸੀਟ ਨਹੀਂ ਦਿੱਤੀ ਸੀ।
ਸਪਾ ਵੱਲੋਂ ਅੱਜ ਇੱਥੇ ਜਾਰੀ ਸੂਚੀ ਮੁਤਾਬਕ ਤੇਜ ਪ੍ਰਤਾਪ ਯਾਦਵ ਨੂੰ ਕਰਹਲ ਤੋਂ, ਨਸੀਮ ਸੋਲੰਕੀ ਨੂੰ ਸੀਸਾਮਊ, ਮੁਸਤਫ਼ਾ ਸਿੱਦੀਕੀ ਨੂੰ ਫੂਲਪੁਰ (ਪ੍ਰਯਾਗਰਾਜ), ਅਜੀਤ ਪ੍ਰਸਾਦ ਨੂੰ ਮਿਲਕੀਪੁਰ (ਅਯੁੱਧਿਆ), ਸ਼ੋਭਾਵਤੀ ਵਰਮਾ ਨੂੰ ਕਟਿਹਾਰੀ ਅਤੇ ਜਯੋਤੀ ਬਿੰਦ ਨੂੰ ਮਾਝਾਵਾਂ ਸੀਟ ਤੋਂ ਟਿਕਟ ਦਿੱਤੀ ਹੈ। ਉਮੀਦਵਾਰਾਂ ’ਚ ਸ਼ਾਮਲ ਨਸੀਮ ਸੌਲੰਕੀ ਜੇਲ੍ਹ ’ਚ ਬੰਦ ਪਾਰਟੀ ਆਗੂ ਇਰਫਾਨ ਸੌਲੰਕੀ ਦੀ ਬੇਗਮ ਹੈ। ਸ਼ੋਭਾਵਤੀ ਵਰਮਾ ਪਾਰਟੀ ਦੇ ਸੰਸਦ ਮੈਂਬਰ ਲਾਲਜੀ ਵਰਮਾ ਦੀ ਪਤਨੀ ਜਦਕਿ ਅਜੀਤ ਪ੍ਰਸਾਦ ਫੈਜ਼ਾਬਾਦ (ਅਯੁੱਧਿਆ) ਤੋਂ ਸੰਸਦ ਮੈਂਬਰ ਅਵਧੀਸ਼ ਪ੍ਰਸਾਦ ਦਾ ਬੇਟਾ ਅਤੇ ਜਯੋਤੀ ਬਿੰਦ ਪਾਰਟੀ ਦੇ ਆਗੂ ਰਾਮੇਸ਼ ਬਿੰਦ ਦੀ ਬੇਟੀ ਹੈ। ਜ਼ਿਮਨੀ ਚੋਣਾਂ ਕਟਿਹਾਰੀ, ਕਰਹਲ, ਮਿਲਕੀਪੁਰ, ਮੀਰਾਪੁਰ, ਮਾਝਾਵਾਂ, ਸੀਸਾਮਊ, ਖੈਰ, ਫੂਲਪੁਰ ਅਤੇ ਕੁੰਦਰਕੀ ਸੀਟਾਂ ’ਤੇ ਹੋਣੀਆਂ ਹਨ। -ਪੀਟੀਆਈ