ਉੱਤਰ ਪ੍ਰਦੇਸ਼ ਏਟੀਐੱਸ ਨੇ ਦੂਜੇ ਦਨਿ ਪਾਕਿਸਤਾਨੀ ਸੀਮਾ ਹੈਦਰ ਤੋਂ ਨੌਂ ਘੰਟੇ ਕੀਤੀ ਪੁੱਛ ਪੜਤਾਲ
ਨੋਇਡਾ, 18 ਜੁਲਾਈ
ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਅੱਜ ਲਗਾਤਾਰ ਦੂਜੇ ਦਨਿ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਤੋਂ ਲਗਪਗ ਨੌਂ ਘੰਟੇ ਪੁੱਛ ਪੜਤਾਲ ਕੀਤੀ। ਉਹ ਮਈ 'ਚ ਗੈਰ-ਕਾਨੂੰਨੀ ਢੰਗ ਨਾਲ ਭਾਰਤ 'ਚ ਦਾਖ਼ਲ ਹੋਈ ਸੀ ਅਤੇ ਹੁਣ ਗ੍ਰੇਟਰ ਨੋਇਡਾ 'ਚ ਆਪਣੇ ਭਾਰਤੀ ਸਾਥੀ ਸਚਨਿ ਮੀਨਾ ਨਾਲ ਰਹਿ ਰਹੀ ਹੈ। ਏਟੀਐੱਸ ਸਚਨਿ ਅਤੇ ਉਸ ਦੇ ਪਿਤਾ ਨੇਤਰਪਾਲ ਸਿੰਘ ਨੂੰ ਵੀ ਪੁੱਛ ਪੜਤਾਲ ਲਈ ਆਪਣੇ ਨਾਲ ਲੈ ਗਈ ਹੈ। ਏਟੀਐੱਸ ਨੇ ਸਵੇਰੇ ਲਗਪਗ 8.30 ਵਜੇ ਉਨ੍ਹਾਂ ਨੂੰ ਘਰੋਂ ਚੁੱਕਿਆ ਸੀ। ਉਨ੍ਹਾਂ ਨੂੰ ਸਵੇਰੇ ਲਗਪਗ ਦਸ ਵਜੇ ਨੋਇਡਾ ਦੇ ਏਟੀਐੱਸ ਦਫ਼ਤਰ ਵਿੱਚ ਲਿਆਂਦਾ ਗਿਆ। ਇੱਥੇ ਉਨ੍ਹਾਂ ਤੋਂ ਸ਼ਾਮ ਤੱਕ ਪੁੱਛ ਪੜਤਾਲ ਕੀਤੀ ਗਈ। ਹੈਦਰ, ਮੀਨਾ ਤੇ ਨੇਤਰਪਾਲ ਰਾਤ ਲਗਪਗ 8.15 ਵਜੇ ਏਟੀਐੱਸ ਦਫ਼ਤਰ ’ਚੋਂ ਬਾਹਰ ਆਏ। ਉੱਤਰ ਪ੍ਰਦੇਸ਼ ਏਟੀਐੱਸ ਨੇ ਸਭ ਤੋਂ ਪਹਿਲਾਂ ਸੀਮਾ ਅਤੇ ਸਚਨਿ ਤੋਂ ਸੋਮਵਾਰ ਨੂੰ ਨੋਇਡਾ ਸਥਿਤ ਆਪਣੇ ਦਫ਼ਤਰ ਵਿੱਚ ਪੁੱਛ ਪੜਤਾਲ ਕੀਤੀ ਅਤੇ ਦੇਰ ਰਾਤ ਉਨ੍ਹਾਂ ਨੂੰ ਘਰ ਭੇਜ ਦਿੱਤਾ। ਸੀਮਾ (30) ਅਤੇ ਸਚਨਿ (22) ਨੂੰ ਗ੍ਰੇਟਰ ਨੋਇਡਾ ਪੁਲੀਸ ਨੇ 4 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ ਪਰ ਇਕ ਅਦਾਲਤ ਨੇ 7 ਜੁਲਾਈ ਨੂੰ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਸੀ। -ਪੀਟੀਆਈ