For the best experience, open
https://m.punjabitribuneonline.com
on your mobile browser.
Advertisement

ਯੂਟੀ ਦੇ ਸਮੱਗਰ ਸਿੱਖਿਆ ਦੇ ਅਧਿਆਪਕ ਤਨਖ਼ਾਹਾਂ ਨੂੰ ਤਰਸੇ

06:48 AM Jul 20, 2024 IST
ਯੂਟੀ ਦੇ ਸਮੱਗਰ ਸਿੱਖਿਆ ਦੇ ਅਧਿਆਪਕ ਤਨਖ਼ਾਹਾਂ ਨੂੰ ਤਰਸੇ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਜੁਲਾਈ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਸਮੱਗਰ ਸਿੱਖਿਆ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ। ਇਸ ਤੋਂ ਇਲਾਵਾ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਬਜਟ ਹਿੱਲ ਗਿਆ ਹੈ। ਅਧਿਆਪਕਾਂ ਦੀ ਤਨਖ਼ਾਹਾਂ ਵਿਚ ਦੇਰੀ ਕੇਂਦਰ ਵੱਲੋਂ ਕਿਸ਼ਤ ਜਾਰੀ ਨਾ ਕਰਨ ਕਰ ਕੇ ਹੋਈ ਹੈ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਪਿਛਲੇ ਸਾਲ ਤੋਂ ਡੀਏ ਦੇ ਬਕਾਏ ਵੀ ਨਹੀਂ ਮਿਲੇ।
ਜੁਆਇੰਟ ਟੀਚਰਜ਼ ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ ਨੇ ਦੱਸਿਆ ਕਿ ਸਮੱਗਰ ਸਿੱਖਿਆ ਅਧੀਨ ਕੰਮ ਕਰਦੇ 1300 ਤੋਂ ਵੱਧ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਸਟਾਫ ਪਿਛਲੇ ਦੋ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਤੋਂ ਕੰਮ ਕਰ ਰਹੇ ਹਨ ਅਤੇ ਹਾਲੇ ਇਸ ਸਬੰਧੀ ਸਿੱਖਿਆ ਮੰਤਰਾਲੇ ਨੇ ਪੱਤਰ ਵਿਹਾਰ ਦਾ ਕੋਈ ਜਵਾਬ ਵੀ ਨਹੀਂ ਦਿੱਤਾ। ਇਸ ਤੋਂ ਇਲਾਵਾ ਨਵ-ਨਿਯੁਕਤ ਐੱਸਐੱਸਏ ਅਧਿਆਪਕਾਂ ਦੇ ਸੱਤਵਾਂ ਤਨਖ਼ਾਹ ਕਮਿਸ਼ਨ ਦੇ ਬਕਾਏ ਵੀ ਪਿਛਲੇ ਇੱਕ ਸਾਲ ਤੋਂ ਨਹੀਂ ਮਿਲੇ। ਇਨ੍ਹਾਂ ਅਧਿਆਪਕਾਂ ਨੂੰ ਸਿਰਫ਼ ਮੁੱਢਲੀ ਤਨਖ਼ਾਹ ਹੀ ਮਿਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਵੱਲੋਂ ਤਨਖ਼ਾਹ ਦੀ ਕਿਸ਼ਤ ਜਾਰੀ ਨਹੀਂ ਕੀਤੀ ਗਈ, ਇਸ ਕਰ ਕੇ ਯੂਟੀ ਦੇ ਪ੍ਰਸ਼ਾਸਕ ਨੂੰ ਸਮੱਗਰ ਸਿੱਖਿਆ ਅਧਿਆਪਕਾਂ ਦੀਆਂ ਤਨਖ਼ਾਹਾਂ ਦਾ ਪ੍ਰਬੰਧ ਸਟੇਟ ਫੰਡ ਵਿੱਚੋਂ ਕਰਨਾ ਚਾਹੀਦਾ ਹੈ। ਹੋਰ ਅਧਿਆਪਕਾਂ ਨੇ ਦੱਸਿਆ ਕਿ ਸਮੱਗਰ ਸਿੱਖਿਆ ਵਿੱਚ ਅਧਿਆਪਕਾਂ ਨੂੰ 50 ਫ਼ੀਸਦੀ ਡੀਏ ਦੀ ਕਿਸ਼ਤ ਵੀ ਲੰਬੇ ਸਮੇਂ ਤੋਂ ਨਹੀਂ ਮਿਲ ਰਹੀ।
ਅਧਿਆਪਕਾਂ ਵੱਲੋਂ ਸੰਘਰਸ਼ ਕਰਨ ਦਾ ਐਲਾਨ
ਜੇਟੀਏ ਦੇ ਕਨਵੀਨਰ ਰਮੇਸ਼ ਚੰਦ ਸ਼ਰਮਾ, ਚੇਅਰਮੈਨ ਰਣਬੀਰ ਝੋਰੜ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ ਅਤੇ ਜਨਰਲ ਸਕੱਤਰ ਅਜੈ ਉਪਮਨਿਊ ਨੇ ਦੱਸਿਆ ਕਿ ਡੈਪੂਟੇਸ਼ਨ ਅਧਿਆਪਕਾਂ ਨੂੰ 12 ਫ਼ੀਸਦੀ ਡੀਏ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਜੇ ਅਧਿਆਪਕਾਂ ਨੂੰ ਇਸ ਤਰ੍ਹਾਂ ਵਿੱਤੀ ਲਾਭਾਂ ਤੋਂ ਵਾਂਝੇ ਰੱਖਿਆ ਗਿਆ ਤਾਂ ਉਹ ਆਪਣੀ ਡਿਊਟੀ ਨਹੀਂ ਨਿਭਾਉਣਗੇ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਲੰਮੇ ਸਮੇਂ ਤੋਂ ਕਈ ਸੰਵੇਦਨਸ਼ੀਲ ਅਸਾਮੀਆਂ ’ਤੇ ਕੰਮ ਕਰ ਰਹੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੇ ਤਬਾਦਲੇ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਤਿੰਨ ਮਹੀਨਿਆਂ ਦੀ ਬਕਾਇਆ ਤਨਖ਼ਾਹ ਵੀ ਜਾਰੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਖ਼ਾਮੀਆਂ ਕਾਰਨ ਤਨਖ਼ਾਹਾਂ ਰੋਕਣਾ ਗ਼ਲਤ ਹੈ। ਸਾਂਝੀ ਅਧਿਆਪਕ ਜਥੇਬੰਦੀ ਨੇ ਅੱਜ ਇਸ ਸਬੰਧੀ ਮੀਟਿੰਗ ਕੀਤੀ ਜਿਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਜੇ ਅਧਿਆਪਕਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਅਗਲੇ ਹਫ਼ਤੇ ਤੋਂ ਪੜਾਅਵਾਰ ਸੰਘਰਸ਼ ਸ਼ੁਰੂ ਕਰਨਗੇ।

Advertisement

Advertisement
Author Image

sanam grng

View all posts

Advertisement
Advertisement
×