ਯੂਟੀ ਨੇ ਅਧਿਆਪਕਾਂ ਦੇ ਸਟੇਟ ਐਵਾਰਡ ਦੀ ਤਰੀਕ ਵਧਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਗਸਤ
ਯੂਟੀ ਦੇ ਸਿੱਖਿਆ ਵਿਭਾਗ ਨੇ ਇਸ ਸਾਲ ਅਧਿਆਪਕਾਂ ਨੂੰ ਸਟੇਟ ਐਵਾਰਡ ਦੇਣ ਦੀ ਤਰੀਕ ਵਧਾ ਦਿੱਤੀ ਹੈ। ਰਜਿਸਟਰਾਰ (ਸਿੱਖਿਆ) ਨੇ ਇਸ ਸਬੰਧ ਵਿਚ ਪੱਤਰ ਜਾਰੀ ਕਰ ਦਿੱਤਾ ਹੈ। ਵਿਭਾਗ ਦੇ ਇਸ ਹੁਕਮ ਖ਼ਿਲਾਫ਼ ਕਈ ਅਧਿਆਪਕਾਂ ਨੇ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਵਾਰਡ ਲਈ ਲਗਪਗ ਸਾਰੇ ਅਧਿਆਪਕਾਂ ਨੇ ਅਪਲਾਈ ਕਰ ਦਿੱਤਾ ਹੈ ਤੇ ਉਨ੍ਹਾਂ ਦੀਆਂ ਫਾਈਲਾਂ ਦੀ ਵੀ ਜਾਂਚ ਹੋ ਚੁੱਕੀ ਹੈ ਪਰ ਵਿਭਾਗ ਆਪਣੇ ਕਥਿਤ ਚਹੇਤੇ ਅਧਿਆਪਕਾਂ ਲਈ ਨਵੀਂ ਪਾਲਸੀ ਬਣਾ ਰਿਹਾ ਹੈ। ਇਸ ਵਾਰ 5 ਸਤੰਬਰ ਨੂੰ 11 ਸਰਵੋਤਮ ਅਧਿਆਪਕਾਂ ਨੂੰ ਸਟੇਟ ਐਵਾਰਡ ਤੇ 8 ਨੂੰ ਸ਼ਲਾਘਾ ਪੱਤਰ ਦਿੱਤੇ ਜਾਣਗੇ। ਦੱਸਣਾ ਬਣਦਾ ਹੈ ਕਿ ਪਹਿਲਾਂ ਸਟੇਟ ਐਵਾਰਡ ਤਕ ਅਰਜ਼ੀਆਂ 13 ਅਗਸਤ ਤਕ ਮੰਗੀਆਂ ਗਈਆਂ ਸਨ ਪਰ 20 ਅਗਸਤ ਨੂੰ ਨਵਾਂ ਪੱਤਰ ਜਾਰੀ ਕਰਕੇ ਤਰੀਕ 24 ਅਗਸਤ ਤਕ ਵਧਾ ਦਿੱਤੀ ਗਈ ਹੈ।
ਐਵਾਰਡ ਲਈ ਇਕਸਾਰ ਪਾਲਸੀ ਬਣਾਊਣ ’ਤੇ ਜ਼ੋਰ
ਯੂਟੀ ਕੇਡਰ ਐਜੂਕੇਸ਼ਨ ਐਂਪਲਾਇਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਮੰਗ ਕੀਤੀ ਹੈ ਕਿ ਸਟੇਟ ਐਵਾਰਡ ਦੇਣ ਲਈ ਇਕਸਾਰ ਪਾਲਸੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਡੈਪੂਟੇਸ਼ਨ ਵਾਲੇ ਅਧਿਆਪਕਾਂ ਨੂੰ ਵੀ ਐਵਾਰਡ ਦੇ ਕੇ ਚੰਡੀਗੜ੍ਹ ਦੇ ਅਧਿਆਪਕਾਂ ਦਾ ਹੱਕ ਮਾਰਿਆ ਜਾ ਰਿਹਾ ਹੈ। ਉਹ ਤੇ ਹੋਰ ਅਧਿਆਪਕ ਡੈਪੂਟੇਸ਼ਨ ਵਾਲੇ ਅਧਿਆਪਕਾਂ ਖ਼ਿਲਾਫ ਨਹੀਂ ਹਨ ਪਰ ਡੈਪੂਟੇਸ਼ਨ ਵਾਲੇ ਅਧਿਆਪਕਾਂ ਨੂੰ ਪਹਿਲਾਂ ਉਨ੍ਹਾਂ ਦੇ ਪਿੱਤਰੀ ਰਾਜ ਭੇਜਿਆ ਜਾਵੇ ਤੇ ਉਨ੍ਹਾਂ ਨੂੰ ਉਥੇ ਐਵਾਰਡ ਦਿੱਤੇ ਜਾਣ। ਦੱਖਣੀ ਖੇਤਰ ਦੇ ਸਕੂਲ ਦੇ ਇਕ ਅਧਿਆਪਕ ਨੇ ਦੱਸਿਆ ਕਿ ਐਵਾਰਡ ਲਈ ਤਰੀਕ ਵਧਾਉਣੀ ਗਲਤ ਹੈ ਕਿਉਂਕਿ ਹੁਣ ਆਪਣੇ ਚਹੇਤਿਆਂ ਨੂੰ ਅਪਲਾਈ ਕਰਵਾਇਆ ਜਾਣਾ ਹੈ। ਦੂਜੇ ਪਾਸੇ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਟੇਟ ਐਵਾਰਡ ਦੇਣ ਵੇਲੇ ਪੂਰੀ ਪਾਰਦਰਸ਼ਤਾ ਵਰਤੀ ਜਾਂਦੀ ਹੈ।