ਯੂਟੀ ਮੁਲਾਜ਼ਮਾਂ ਨੇ ਨਿਗਮ ਦਾ ਪੁਤਲਾ ਫੂਕਿਆ
ਕੁਲਦੀਪ ਸਿੰਘ
ਚੰਡੀਗੜ੍ਹ, 10 ਅਕਤੂਬਰ
ਤਿਉਹਾਰੀ ਸੀਜ਼ਨ ਵਿੱਚ ਆਊਟਸੋਰਸਡ ਵਰਕਰਾਂ ਨੂੰ ਦੀਵਾਲੀ ਤੋਂ ਪਹਿਲਾਂ ਬਕਾਇਆ ਤਨਖਾਹ, ਬੋਨਸ ਦਿਵਾਉਣ ਅਤੇ ਏਐੱਮਯੂ ਅਧੀਨ ਜਨਤਕ ਪਖਾਨਿਆਂ ਦੇ ਵਰਕਰਾਂ ਨੂੰ ਡੀਸੀ ਰੇਟ ਮੁਤਾਬਕ ਤਨਖਾਹ ਦੇਣ ਦੀ ਮੰਗ ਨੂੰ ਲੈ ਕੇ ਅੱਜ ਆਊਟਸੋਰਸਡ ਵਰਕਰਾਂ ਨੇ ਇਕੱਠੇ ਹੋ ਕੇ ਸੈਕਟਰ 17 ਸਥਿਤ ਨਗਰ ਨਿਗਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਿਗਮ ਦਾ ਪੁਤਲਾ ਫੂਕਿਆ। ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਤੇ ਵਰਕਰਜ਼ ਯੂਟੀ ਚੰਡੀਗੜ੍ਹ ਦੇ ਬੈਨਰ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਾਲੀ ਥਾਂ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਅਤੇ ਸੰਯੁਕਤ ਕਮਿਸ਼ਨਰ ਜੀਐੱਸ ਸੋਢੀ ਨੇ ਮੁਲਾਕਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਇਨ੍ਹਾਂ ਮੰਗਾਂ ਦੇ ਹੱਲ ਲਈ ਜਲਦ ਹੀ ਉੱਚ ਪੱਧਰੀ ਮੀਟਿੰਗ ਬੁਲਾਈ ਜਾਵੇਗੀ।
ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਚੇਅਰਮੈਨ ਸੁਰੇਸ਼ ਕੁਮਾਰ, ਜਨਰਲ ਸਕੱਤਰ ਰਾਕੇਸ਼ ਕੁਮਾਰ, ਚੀਫ ਪੈਟਰਨ ਅਨਿਲ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਕੁਮਾਰ ਅਤੇ ਸੁਖਬੀਰ ਸਿੰਘ, ਪੈਟਰਨ ਅਸ਼ੋਕ ਬੈਨੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਨਿਗਮ ਅਤੇ ਯੂਟੀ ਪ੍ਰਸ਼ਾਸਨ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਦਾ ਕੋਈ ਹੱਲ ਨਹੀਂ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੀਵਾਲੀ ਤੋਂ ਪਹਿਲਾਂ ਬਕਾਇਆ ਤਨਖਾਹ ਅਤੇ ਅਤੇ ਬੋਨਸ ਦਿੱਤਾ ਜਾਵੇ, ਆਊਟਸੋਰਸਡ ਵਰਕਰਾਂ ਦੀ ਤਨਖਾਹ ਬਰਾਬਰ ਕੰਮ-ਬਰਾਬਰ ਤਨਖਾਹ ਫਾਰਮੂਲੇ ਦੇ ਆਧਾਰ ’ਤੇ ਨਿਸ਼ਚਿਤ ਕੀਤੀ ਜਾਵੇ ਅਤੇ ਉਨ੍ਹਾਂ ਦੇ ਲਈ ਸੁਰੱਖਿਅਤ ਨੀਤੀ ਬਣਾਈ ਜਾਵੇ, ਕੱਢੇ ਗਏ ਵਰਕਰਾਂ ਨੂੰ ਕੰਮ ’ਤੇ ਵਾਪਸ ਲਿਆ ਜਾਵੇ। ਡੀਸੀ ਰੇਟਾਂ ਵਿੱਚ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਚੰਡੀਗੜ੍ਹ ਪ੍ਰਸ਼ਾਸਨ ਮੰਗਾਂ ਦੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।