For the best experience, open
https://m.punjabitribuneonline.com
on your mobile browser.
Advertisement

ਪਾਰਕਾਂ ਦੀ ਸਿੰਜਾਈ ਲਈ ਸੋਧਿਆ ਪਾਣੀ ਵਰਤੇਗਾ ਯੂਟੀ ਪ੍ਰਸ਼ਾਸਨ

07:26 AM Jun 11, 2024 IST
ਪਾਰਕਾਂ ਦੀ ਸਿੰਜਾਈ ਲਈ ਸੋਧਿਆ ਪਾਣੀ ਵਰਤੇਗਾ ਯੂਟੀ ਪ੍ਰਸ਼ਾਸਨ
ਚੰਡੀਗੜ੍ਹ ਦੇ ਸੈਕਟਰ-38 ਵੈਸਟ ਵਿੱਚ ਸੋਧੇ ਹੋਏ ਪਾਣੀ ਨਾਲ ਸਿੰਜਿਆ ਜਾ ਰਿਹਾ ਇੱਕ ਪਾਰਕ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 10 ਜੂਨ
ਯੂਟੀ ਪ੍ਰਸ਼ਾਸਨ ਨੇ ਪੀਣ ਯੋਗ ਪਾਣੀ ਦੀ ਬਚਤ ਕਰਨ ਕਰਦਿਆਂ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਤੋਂ ਬਾਅਦ ਮੁੜ ਵਰਤੋਂ ਕਰਨ ਦੀ ਤਿਆਰੀ ਖਿੱਚ ਲਈ ਹੈ। ਇਸ ਪਾਣੀ ਦੀ ਵਰਤੋਂ ਸ਼ਹਿਰ ਦੇ ਪਾਰਕਾਂ ਵਿੱਚ ਸਿੰਜਾਈ ਲਈ ਕੀਤੀ ਜਾਵੇਗੀ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਪਾਰਕਾਂ ਤੱਕ ਸੀਵਰੇਜ ਟਰੀਟਮੈਂਟ ਪਲਾਂਟ ਰਾਹੀਂ ਸਾਫ਼ ਕੀਤੇ ਪਾਣੀ ਨੂੰ ਪਹੁੰਚਾਉਣ ਲਈ ਸ਼ਹਿਰ ਵਿੱਚ 165 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਉਣ ਦਾ ਫ਼ੈਸਲਾ ਕੀਤਾ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਠ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਰਾਹੀਂ ਰੋਜ਼ਾਨਾ 92.5 ਐੱਮਐੱਲਡੀ ਪਾਣੀ ਟਰੀਟ (ਸੋਧਿਆ) ਕੀਤਾ ਜਾ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸ਼ਹਿਰ ਦੇ 680 ਪਾਰਕਾਂ ਤੇ 2800 ਤੋਂ ਵੱਧ ਬਾਗ਼ ਅਤੇ ਨਰਸਰੀਆਂ ਵਿੱਚ 38.5 ਐੱਮਐੱਲਡੀ ਪਾਣੀ ਦੀ ਵਰਤੋਂ ਸਿੰਜਾਈ ਲਈ ਕੀਤੀ ਜਾ ਰਹੀ ਹੈ। ਪਰ 165 ਕਿਲੋਮੀਟਰ ਲੰਬੀ ਪਾਈਪਲਾਈਨ ਨਾਲ ਸ਼ਹਿਰ ਦੇ ਰਹਿੰਦੇ 1911 ਪਾਰਕ, ਬਗ਼ੀਚੇ ਤੇ ਹੋਰ ਗਰੀਨ ਬੈਲਟਾਂ ਵਿੱਚ ਵੀ 55 ਐੱਮਐੱਲਡੀ ਦੇ ਕਰੀਬ ਪਾਣੀ ਦੀ ਵਰਤੋਂ ਕੀਤੀ ਜਾਵੇਗੀ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸਾਫ਼ ਕੀਤੇ ਪਾਣੀ ਦੀ ਪਾਰਕਾਂ ਤੱਕ ਸਪਲਾਈ ਲਈ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ 30 ਅਪਰੈਲ 2025 ਤੱਕ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਲਈ ਪਿੰਡ ਰਾਏਪੁਰ ਕਲਾਂ ਤੇ ਮਲੋਆ ਵਿੱਚ ਪਾਣੀ ਸਟੋਰ ਕਰਨ ਲਈ ਤਿੰਨ ਭੂਮੀਗਤ ਭੰਡਾਰਨ ਟੈਂਕ ਬਣਾਉਣ ਦਾ ਫ਼ੈਸਲਾ ਕੀਤਾ ਹੈ। ਜਿੱਥੋਂ ਸਾਫ਼ ਕੀਤੇ ਪਾਣੀ ਦੀ ਸਪਲਾਈ ਕਰਨ ਲਈ ਪਾਈਪਲਾਈਨਾਂ ਸਨਅਤੀ ਏਰੀਆ ਫੇਜ਼-ਇੱਕ ਤੇ ਦੋ, ਮਲੋਆ, ਡੱਡੂਮਾਜਰਾ, ਧਨਾਸ, ਕਿਸ਼ਨਗੜ੍ਹ, ਖੁੱਡਾ ਲਾਹੌਰਾ, ਮੱਖਣ ਮਾਜਰਾ, ਮੌਲੀ ਜੱਗਰਾਂ, ਸੁਭਾਸ਼ ਨਗਰ ਅਤੇ ਇੰਦਰਾ ਕਲੋਨੀ ਅਤੇ ਸ਼ਹਿਰ ਦੇ ਸੈਕਟਰਾਂ ਵਿੱਚ ਵਿਛਾਈ ਜਾਵੇਗੀ। ਪ੍ਰਸ਼ਾਸਨ ਵੱਲੋਂ ਪਾਣੀ ਨੂੰ ਭੰਡਾਰ ਕਰਨ ਲਈ ਤਿੰਨ ਬੀਡੀਆਰ ਕਲੋਨੀ ਵਿੱਚ 4.5 ਐੱਮਐੱਲਡੀ ਵਿੱਚ ਤਿੰਨ, ਮਲੋਆ ਤੇ ਰਾਏਪੁਰ ਕਲਾਂ ਵਿੱਚ ਨੌਂ-ਨੌਂ ਐੱਮਐੱਲਡੀ ਪਾਣੀ ਸਟੋਰ ਕਰਨ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ।
ਤਿੰਨ ਬੀਆਰਡੀ ਵਿੱਚ ਸਟੋਰ ਕੀਤੇ ਪਾਣੀ ਤੋਂ ਸੈਕਟਰ-28, 29, 48 ਦੇ ਪੰਪਿੰਗ ਸਟੇਸ਼ਨਾਂ ਨੂੰ ਪਾਣੀ ਸਪਲਾਈ ਕੀਤਾ ਜਾਵੇਗਾ। ਇਹ ਪੰਪਿੰਗ ਸਟੇਸ਼ਨ ਸੈਕਟਰ-ਇੱਕ ਤੋਂ 12, ਸੈਕਟਰ-14, ਸੈਕਟਰ-63 ਤੇ ਕੈਂਬਵਾਲਾ ਦੇ ਸਾਰੇ ਪਾਰਕਾਂ ਤੇ ਰਿਹਾਇਸ਼ੀ ਖੇਤਰਾਂ ਤੱਕ ਸਾਫ਼ ਕੀਤੇ ਪਾਣੀ ਦੀ ਸਪਲਾਈ ਕਰਨਗੇ। ਪਿੰਡ ਰਾਏਪੁਰ ਕਲਾਂ ਤੋਂ ਮੌਲੀ ਜੱਗਰਾਂ, ਵਿਕਾਸ ਨਗਰ, ਰਾਜੀਵ ਵਿਹਾਰ, ਮਾਡਰਨ ਹਾਊਸਿੰਗ ਕੰਪਲੈਕਸ, ਸ਼ਿਵਾਲਿਕ ਪਾਰਕ, ਇੰਦਰਾ ਕਲੋਨੀ, ਮਨੀਮਾਜਰਾ, ਮੱਖਣ ਮਾਜਰਾ ਦੇ ਪਾਰਕਾਂ ਵਿੱਚ ਪਾਣੀ ਸਪਲਾਈ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਪਿੰਡ ਮਲੋਆ ਵਿੱਚ ਸਟੋਰ ਕੀਤਾ ਪਾਣੀ ਪਿੰਡ ਮਲੋਆ, ਡੱਡੂਮਾਜਰਾ, ਧਨਾਸ, ਸਾਰੰਗਪੁਰ, ਖੁੱਡਾ ਲਾਹੌਰਾ, ਖੁੱਡਾ ਜੱਸੂ ਆਦਿ ਇਲਾਕਿਆਂ ਵਿੱਚ ਪਾਣੀ ਸਪਲਾਈ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×