ਯੂਟੀ ਪ੍ਰਸ਼ਾਸਨ ਨੇ ਕਜਹੇੜੀ ’ਚ ਨਾਜਾਇਜ਼ ਕਬਜ਼ੇ ਹਟਾਏ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੂਨ
ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ ਸੈਕਟਰ-52 ਸਥਿਤ ਕਜਹੇੜੀ ‘ਚ ਸਰਕਾਰੀ ਜ਼ਮੀਨਾਂ ‘ਤੇ ਹੋਏ ਨਾਜਾਇਜ਼ ਕਬਜ਼ਿਆ ਵਿਰੁੱਧ ਕਾਰਵਾਈ ਕਰਦਿਆਂ ਦੋ ਏਕੜ ਸਰਕਾਰੀ ਜ਼ਮੀਨ ‘ਤੇ ਬਣੀਆਂ ਉਸਾਰੀਆਂ ‘ਤੇ ਪੀਲਾ ਪੰਜਾ ਗਿਆ। ਇਸ ਮੌਕੇ ਇੰਜਨੀਅਰਿੰਗ ਵਿਭਾਗ ਨੇ ਤਿੰਨ ਪੱਕੀ ਇਮਾਰਤਾਂ, ਅੱਠ ਝੁੱਗੀਆਂ, ਦੋ ਕਾਰ ਸਰਵਿਸ ਸਟੇਸ਼ਨਾਂ ਸਣੇ ਹੋਰਨਾਂ ਕਈ ਇਮਾਰਤਾਂ ਨੂੰ ਢਾਹ ਦਿੱਤਾ ਹੈ। ਇਹ ਕਾਰਵਾਈ ਨਾਇਬ ਤਹਿਸੀਲਦਾਰ ਸੁਰੇਸ਼ ਕੁਮਾਰ ਤੇ ਐੱਸਡੀਐੱਮ ਦੱਖਣੀ ਦੀ ਹਾਜ਼ਰੀ ‘ਚ ਭਾਰੀ ਪੁਲੀਸ ਫੋਰਸ ਦੀ ਮਦਦ ਨਾਲ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਯੂਟੀ ਪ੍ਰਸ਼ਾਸਨ ਦੀ ਟੀਮ ਨੇ ਸਵੇਰ ਸਮੇਂ ਹੀ ਸਰਕਾਰੀ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਨੇ 2 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਵਾ ਕੇ ਮੁੜ ਜ਼ਮੀਨ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਚੌਣਵੀਆਂ ਇਮਾਰਤਾਂ ਖ਼ਿਲਾਫ਼ ਕਾਰਵਾਈ ਦੇ ਦੋਸ਼
ਯੂਟੀ ਪ੍ਰਸ਼ਾਸਨ ਵੱਲੋਂ ਅੱਜ ਕਜਹੇੜੀ ‘ਚ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਹੈ। ਲੋਕਾਂ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਚੋਣਵੀਆਂ ਇਮਾਰਤਾਂ ਨੂੰ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਕੁਝ ਇਮਾਰਤਾਂ ਨੂੰ ਢਾਹ ਦਿੱਤਾ, ਜਦੋਂਕਿ ਸੱਤਾਧਾਰੀ ਧਿਰ ਨਾਲ ਸਬੰਧਿਤ ਕੁਝ ਵਿਅਕਤੀਆਂ ਦੀ ਇਮਾਰਤਾਂ ਨੂੰ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਟੀਮ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੇ ਨਾਲ-ਨਾਲ ਕੁਝ ਲੋਕਾਂ ਦਾ ਸਾਮਾਨ ਵੀ ਚੁੱਕ ਕੇ ਲੈ ਗਈ ਹੈ। ਇਸ ਕਰਕੇ ਇਕ ਵਿਅਕਤੀ ਨੂੰ ਦਿਲ ਦਾ ਦੌਰਾ ਤੱਕ ਪੈ ਗਿਆ, ਉਸ ਵਿਅਕਤੀ ਨੂੰ ਪੀਜੀਆਈ ‘ਚ ਭਰਤੀ ਕਰਵਾਇਆ ਗਿਆ ਹੈ।