ਅਰਬੀ ਜ਼ੁਬਾਨ ਦੀ ਵਰਤੋਂ ਨੇ ਘਟਾਇਆ ਤਣਾਅ
ਰੁਚੀ ਘਨਸ਼ਿਆਮ ਦੀ ਕਿਤਾਬ ਦਾ ਇੱਕ ਅਧਿਆਇ ‘ਆਈ.ਸੀ. 814 ਹਾਈਜੈਕਿੰਗ’ ਉਸ ਦੇ ਪਤੀ ਏ.ਆਰ. ਘਨਸ਼ਿਆਮ ਦਾ ਲਿਖਿਆ ਹੋਇਆ ਹੈ। ਉਹ ਇੰਡੀਅਨ ਏਅਰਲਾਈਨਜ਼ ਦੀ 24 ਦਸੰਬਰ 1999 ਦੀ ਉਡਾਣ ਆਈ.ਸੀ. 814 ਦੇ ਅਗਵਾਕਾਰਾਂ ਨਾਲ ਸਿੱਝਣ ਲਈ ਕੰਧਾਰ (ਅਫ਼ਗ਼ਾਨਿਸਤਾਨ) ਭੇਜਿਆ ਗਿਆ ਪਹਿਲਾ ਭਾਰਤੀ ਅਧਿਕਾਰੀ ਸੀ। ਅਗਵਾ ਕਾਂਡ ਖ਼ਤਮ ਹੋਣ ਤੋਂ ਬਾਅਦ ਵੀ ਉਸ ਨੂੰ ਅਗਲੇ ਦਿਨ ਤੱਕ ਕੰਧਾਰ ਰੁਕਣਾ ਪਿਆ। ਇਸੇ ਤਰ੍ਹਾਂ ਉਹ ਪਹਿਲਾ ਭਾਰਤੀ ਅਧਿਕਾਰੀ ਸੀ ਜੋ ਉਸ ਸਮੇਂ ਤਾਲਿਬਾਨ ਹੁੱਕਾਮ ਦੇ ਵਜ਼ੀਰਾਂ ਨੂੰ ਸਰਕਾਰੀ ਤੌਰ ’ਤੇ ਮਿਲਿਆ। 35 ਪੰਨਿਆਂ ਦੇ ਅਧਿਆਇ ਦਾ ਸਾਰ-ਅੰਸ਼ ਇਸ ਤਰ੍ਹਾਂ ਹੈ:
24 ਦਸੰਬਰ 1999 ਨੂੰ ਸ਼ਾਮ 4.30 ਵਜੇ ਇੰਡੀਅਨ ਏਅਰਲਾਈਨਜ਼ ਦੀ ਉਡਾਣ ਆਈ.ਸੀ. 814 ਕਾਠਮੰਡੂ (ਨੇਪਾਲ) ਤੋਂ ਨਵੀਂ ਦਿੱਲੀ ਵੱਲ ਰਵਾਨਾ ਹੋਈ। ਇਸ ਏਅਰਬੱਸ 320 ਜਹਾਜ਼ ’ਤੇ 24 ਵਿਦੇਸ਼ੀ ਨਾਗਰਿਕਾਂ ਸਮੇਤ 176 ਮੁਸਾਫ਼ਿਰ ਅਤੇ ਹਵਾਈ ਅਮਲੇ ਦੇ 15 ਮੈਂਬਰ ਸਵਾਰ ਸਨ। ਇਹ ਲਖਨਊ ਦੇ ਉੱਪਰੋਂ ਲੰਘ ਰਿਹਾ ਸੀ ਜਦੋਂ ਪਾਕਿਸਤਾਨੀ ਅਗਵਾਕਾਰਾਂ ਨੇ ਇਸ ਨੂੰ ਅਗਵਾ ਕਰ ਲਿਆ। ਉਨ੍ਹਾਂ ਨੇ ਜਹਾਜ਼ ਨੂੰ ਲਾਹੌਰ ਹਵਾਈ ਅੱਡੇ ’ਤੇ ਉਤਾਰਨ ਅਤੇ ਉੱਥੋਂ ਤੇਲ ਭਰਵਾਉਣ ਦਾ ਹੁਕਮ ਦਿੱਤਾ। ਉਹ ਜਹਾਜ਼ ਨੂੰ ਸ਼ਾਇਦ ਕਾਬਲ ਲਿਜਾਣਾ ਚਾਹੁੰਦੇ ਸਨ। ਲਾਹੌਰ ਦੇ ਅਧਿਕਾਰੀਆਂ ਨੇ ਜਹਾਜ਼ ਉੱਥੇ ਉਤਾਰਨ ਦੀ ਇਜਾਜ਼ਤ ਨਹੀਂ ਦਿੱਤੀ। ਜਹਾਜ਼ ਦਾ ਕੈਪਟਨ ਤੇਲ ਘੱਟ ਹੋਣ ਦੇ ਬਹਾਨੇ ਜਹਾਜ਼ ਨੂੰ ਅੰਮ੍ਰਿਤਸਰ ਲੈ ਆਇਆ। ਉੱਥੇ ਤੇਲ ਭਰਨ ਵਿੱਚ ਜਾਣ-ਬੁੱਝ ਕੇ ਦੇਰੀ ਕੀਤੇ ਜਾਣ ਅਤੇ ਜਹਾਜ਼ ਅੰਦਰ ਕਮਾਂਡੋ ਐਕਸ਼ਨ ਹੋਣ ਦੇ ਖ਼ਦਸ਼ੇ ਕਾਰਨ ਅਗਵਾਕਾਰਾਂ ਨੇ ਜਹਾਜ਼ ਦੇ ਕੈਪਟਨ ਦੇਵੀ ਸ਼ਰਨ ਉੱਪਰ ਫੌਰੀ ਲਾਹੌਰ ਵੱਲ ਰਵਾਨਾ ਹੋਣ ਵਾਸਤੇ ਦਬਾਅ ਪਾਇਆ। ਲਾਹੌਰ ਹਵਾਈ ਅੱਡੇ ’ਤੇ ਫਿਰ ਨਾਂਹ-ਨੁੱਕਰ ਹੋਣ ਦੇ ਬਾਵਜੂਦ ਅਗਵਾਕਾਰਾਂ ਨੇ ਜਹਾਜ਼ ਉੱਥੇ ਜਬਰੀ ਉਤਰਵਾਇਆ। ਰਾਤ 10.30 ਵਜੇ ਜਹਾਜ਼ ਤੇਲ ਭਰਵਾ ਕੇ ਪੱਛਮ ਵੱਲ ਰਵਾਨਾ ਹੋ ਗਿਆ। ਇਸ ਨੂੰ ਸੰਯੁਕਤ ਅਰਬ ਅਮੀਰਾਤ ਦੇ ਇੱਕ ਫ਼ੌਜੀ ਹਵਾਈ ਅੱਡੇ ’ਤੇ ਜਬਰੀ ਉਤਰਵਾਇਆ ਗਿਆ। ਉੱਥੇ 27 ਔਰਤਾਂ ਤੇ ਬੱਚਿਆਂ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ, ਪਰ ਬਾਕੀਆਂ ਨੂੰ ਨਹੀਂ ਛੱਡਿਆ ਗਿਆ। ਇੱਕ ਮੁਸਾਫ਼ਿਰ ਨੂੰ ਅਗਵਾਕਾਰਾਂ ਨੇ ਅੰਮ੍ਰਿਤਸਰ ਵਿੱਚ ਪਾਇਲਟ ਨੂੰ ਡਰਾਉਣ ਲਈ ਮਾਰ ਦਿੱਤਾ ਸੀ। ਉਸ ਦੀ ਲਾਸ਼ ਵੀ ਯੂ.ਏ.ਈ. ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਗਈ। ਉੱਥੇ ਵੀ ਕਮਾਂਡੋ ਐਕਸ਼ਨ ਹੋਣ ਦੇ ਡਰੋਂ ਪਾਇਲਟ ਨੂੰ ਅਫ਼ਗ਼ਾਨਿਸਤਾਨ ਵੱਲ ਜਾਣ ਵਾਸਤੇ ਮਜਬੂਰ ਕੀਤਾ ਗਿਆ। 25 ਦਸੰਬਰ 1999 ਨੂੰ ਸਵੇਰੇ 8.55 ਵਜੇ ਇਹ ਜਹਾਜ਼ ਕੰਧਾਰ ਹਵਾਈ ਅੱਡੇ ’ਤੇ ਉਤਰਿਆ। ਉੱਥੋਂ ਇਹ ਪਹਿਲੀ ਜਨਵਰੀ 2000 ਨੂੰ ਨਵੀਂ ਦਿੱਲੀ ਪਰਤਾਇਆ ਗਿਆ।
26 ਦਸੰਬਰ ਨੂੰ ਰਾਤ 10 ਵਜੇ ਘਨਸ਼ਿਆਮ ਤੇ ਰੁਚੀ ਨੂੰ ਭਾਰਤੀ ਹਾਈ ਕਮਿਸ਼ਨਰ ਜੀ. ਪਾਰਥਾਸਾਰਥੀ ਨੇ ਆਪਣੇ ਘਰ ਬੁਲਾਇਆ। ਉੱਥੇ ਘਨਸ਼ਿਆਮ ਨੂੰ ਕਿਹਾ ਗਿਆ ਕਿ ਭਾਰਤ ਸਰਕਾਰ ਚਾਹੁੰਦੀ ਹੈ ਕਿ ਉਹ ਫ਼ੌਰੀ ਕੰਧਾਰ ਪਹੁੰਚੇ ਅਤੇ ਅਗਵਾਕਾਰਾਂ ਨਾਲ ਸੌਦੇਬਾਜ਼ੀ ਲਈ ਲੋੜੀਂਦਾ ਆਧਾਰ ਤਿਆਰ ਕਰੇ। ਨਾਂਹ-ਨੁੱਕਰ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। 27 ਦਸੰਬਰ ਨੂੰ ਤੜਕਸਾਰ ਘਨਸ਼ਿਆਮ ਇਸਲਾਮਾਬਾਦ ਹਵਾਈ ਅੱਡੇ ’ਤੇ ਪਹੁੰਚ ਗਿਆ ਜਿੱਥੋਂ ਸੰਯੁਕਤ ਰਾਸ਼ਟਰ ਦੇ ਜਹਾਜ਼ ਰਾਹੀਂ ਉਸ ਨੂੰ ਕੰਧਾਰ ਪਹੁੰਚਾਇਆ ਗਿਆ। ਕੰਧਾਰ ਹਵਾਈ ਅੱਡਾ, ਹਵਾਈ ਅੱਡਾ ਘੱਟ ਤੇ ਕਬਾੜੀਏ ਦਾ ਵਾੜਾ ਵੱਧ ਸੀ। ਥਾਂ ਥਾਂ ਟੁੱਟੇ-ਫੁੱਟੇ ਜਹਾਜ਼ ਅਤੇ ਸਟੀਲ ਦੇ ਪੱਤਰੇ। ਸੰਯੁਕਤ ਰਾਸ਼ਟਰ ਦੇ ਮਿਸ਼ਨ ਦਾ ਜਹਾਜ਼ ਜਿੱਥੇ ਰੁਕਿਆ, ਅਗਵਾਕਾਰਾਂ ਵਾਲਾ ਭਾਰਤੀ ਜਹਾਜ਼ ਉੱਥੋਂ 150 ਮੀਟਰ ਦੇ ਫ਼ਾਸਲੇ ’ਤੇ ਖੜ੍ਹਾ ਸੀ। ਇੱਥੇ ਹੀ ਘਨਸ਼ਿਆਮ ਦੀ ਮੁਲਾਕਾਤ ਤਾਲਿਬਾਨ ਦੇ ਵਿਦੇਸ਼ ਮੰਤਰੀ ਵਕੀਲ ਅਹਿਮਦ ਮੁਤੱਵਕਿਲ ਨਾਲ ਹੋਈ। ਮੁਤੱਵਕਿਲ ਬਹੁਤੀ ਅੰਗਰੇਜ਼ੀ ਨਹੀਂ ਸੀ ਬੋਲ ਸਕਦਾ। ਘਨਸ਼ਿਆਮ ਨੂੰ ਪਸ਼ਤੋ ਨਹੀਂ ਸੀ ਆਉਂਦੀ। ਇਸ ਲਈ ਗੱਲਬਾਤ ਬਹੁਤ ਸੰਖੇਪ ਜਿਹੀ ਰਹੀ। ਉਸ ਨੂੰ ਹਦਾਇਤ ਹੋਈ ਕਿ ਭਾਰਤੀ ਜਹਾਜ਼ ਅੰਦਰਲੇ ਅਗਵਾਕਾਰਾਂ ਨਾਲ ਉਹ ਗੱਲ ਸ਼ੁਰੂ ਕਰੇ। ਅਗਵਾਕਾਰ ਕਾਹਲੇ ਪਏ ਹੋਏ ਸਨ। ਮੁੱਢਲੀ ਗੱਲਬਾਤ ਹਵਾਈ ਅੱਡੇ ਦੇ ਕੰਟਰੋਲ ਟਾਵਰ ਤੋਂ ਹੋਈ। ਉਹ ਦਿਨ ਰਮਜ਼ਾਨ ਦੇ ਸਨ। ਗੱਲਬਾਤ ਕਰਨ ਵਾਲਾ ਅਗਵਾਕਾਰ ਰੋਜ਼ਾ ਰੱਖਿਆ ਹੋਣ ਦੇ ਬਾਵਜੂਦ ਭਾਰਤ ਨੂੰ ਲੰਮਾ ਸਮਾਂ ਨਿੰਦਦਾ ਰਿਹਾ ਅਤੇ ਫਿਰ ਸ਼ਾਇਦ ਥੱਕ ਗਿਆ। ਇਸ ਮਗਰੋਂ ਉਹ ਧਮਕੀਆਂ ’ਤੇ ਉਤਰ ਆਇਆ। ਘਨਸ਼ਿਆਮ ਨੇ ਉਸ ਨੂੰ ਕਿਹਾ ਕਿ ਭਾਰਤੀ ਉੱਚ ਅਧਿਕਾਰੀਆਂ ਦੀ ਟੀਮ ਛੇਤੀ ਹੀ ਕੰਧਾਰ ਆ ਰਹੀ ਹੈ। ਗੱਲਬਾਤ ਤਾਂ ਉਹ ਕਰੇਗੀ। ‘‘ਮੈਂ ਤਾਂ ਗੱਲਬਾਤ ਦਾ ਰਾਹ ਤਿਆਰ ਕਰਨ ਆਇਆ ਹਾਂ।’’
ਹਵਾਈ ਅੱਡੇ ਦੇ ਲਾਊਂਜ ਵਿੱਚ ਮੁਤੱਵਕਿਲ ਫਿਰ ਮੌਜੂਦ ਸੀ। ਘਨਸ਼ਿਆਮ ਨੂੰ ਥੋੜ੍ਹੀ ਬਹੁਤ ਅਰਬੀ ਆਉਂਦੀ ਸੀ। ਉਸ ਨੇ ਤਾਲਿਬਾਨ ਵਿਦੇਸ਼ ਮੰਤਰੀ ਨਾਲ ਵਾਰਤਾ ਲਈ ਇਹ ਜ਼ੁਬਾਨ ਅਜ਼ਮਾਈ। ਉਹ ਇਹ ਭਾਸ਼ਾ ਸੁਣ ਕੇ ਬਾਗ਼ੋ ਬਾਗ਼ ਹੋ ਗਿਆ। ਇਸ ਸਦਕਾ ਮਾਹੌਲ ਵਿੱਚੋਂ ਖਿਚਾਅ ਘਟ ਗਿਆ। ਰਿਹਾਈ ਦੀ ਸੂਰਤ ਵਿੱਚ ਮੁਸਾਫ਼ਿਰਾਂ ਤੇ ਹਵਾਈ ਅਮਲੇ ਦੇ ਮੈਂਬਰਾਂ ਦੀ ਮਦਦ ਲਈ ਖ਼ੁਰਾਕੀ ਸਮੱਗਰੀ, ਪਾਣੀ ਤੇ ਡਾਕਟਰੀ ਸਹਾਇਤਾ ਦੇ ਪ੍ਰਬੰਧ ਵੀ ਹੋ ਗਏ। ਦਿੱਲੀ ਤੋਂ ਭਾਰਤੀ ਵਾਰਤਾਕਾਰਾਂ ਦੀ ਟੀਮ 28 ਦਸੰਬਰ ਨੂੰ ਪਹੁੰਚੀ। ਇਸ ਵਿੱਚ ਕੈਬਨਿਟ ਸਕੱਤਰੇਤ ਤੋਂ ਸੀ.ਡੀ. ਸਹਾਏ ਤੇ ਆਨੰਦ ਅਰਨੀ, ਇੰਟੈਲੀਜੈਂਸ ਬਿਊਰੋ ਤੋਂ ਅਜੀਤ ਡੋਵਾਲ ਤੇ ਨਿਹਚਲ ਸੰਧੂ ਅਤੇ ਵਿਦੇਸ਼ ਮੰਤਰਾਲੇ ਤੋਂ ਵਿਵੇਕ ਕਾਟਜੂ ਸ਼ਾਮਲ ਸਨ। ਇਸ ਟੀਮ ਦੀ ਆਮਦ ਮਗਰੋਂ ਘਨਸ਼ਿਆਮ ਨੂੰ ਪਤਾ ਲੱਗਾ ਕਿ ਜਿਸ ਗੈਸਟ ਹਾਊਸ ਵਿੱਚ ਭਾਰਤੀਆਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਗਿਆ ਸੀ, ਉਸ ਦੇ ਨਾਲ ਵਾਲੀ ਇਮਾਰਤ ਵਿੱਚ ਪਾਕਿਸਤਾਨੀ ਆਈ.ਐੱਸ.ਆਈ. ਦੀ ਟੋਲੀ ਵੀ ਰੁਕੀ ਹੋਈ ਸੀ।
ਅਗਵਾਕਾਰਾਂ ਨੇ 38 ਮੰਗਾਂ ਰੱਖੀਆਂ। ਇਨ੍ਹਾਂ ਵਿੱਚ 36 ਕਸ਼ਮੀਰੀ ਅਤਿਵਾਦੀਆਂ ਜਾਂ ਪਾਕਿਸਤਾਨੀ ਦਹਿਸ਼ਤੀਆਂ ਦੀ ਭਾਰਤੀ ਜੇਲ੍ਹਾਂ ਵਿੱਚੋਂ ਰਿਹਾਈ ਬਾਰੇ ਸਨ। ਇੱਕ ਮੰਗ ਹਜ਼ਰਤ-ਉਲ-ਮੁਜਾਹਿਦੀਨ ਦੇ ਮੋਢੀ ਸੱਜਾਦ ਅਫ਼ਗਾਨੀ ਦੀ ਦਫ਼ਨਾਈ ਹੋਈ ਦੇਹ ਕਬਰ ਵਿੱਚੋਂ ਕੱਢ ਕੇ ਪਾਕਿਸਤਾਨ ਭੇਜੇ ਜਾਣ ਦੀ ਸੀ। ਆਖ਼ਰੀ ਮੰਗ 20 ਕਰੋੜ ਡਾਲਰਾਂ ਦੀ ਰਕਮ ਸੌ-ਸੌ ਦੇ ਨੋਟਾਂ ਦੀਆਂ ਦੱਥੀਆਂ ਵਿੱਚ ਫਿਰੌਤੀ ਵਜੋਂ ਅਦਾ ਕੀਤੇ ਜਾਣ ਦੀ ਸੀ। ਭਾਰਤੀ ਵਾਰਤਾਕਾਰ ਦੋ ਦਿਨਾਂ ਦੀ ਸੌਦੇਬਾਜ਼ੀ ਰਾਹੀਂ ਸੌਦਾ ਤਿੰਨ ਦਹਿਸ਼ਤੀ ਸਰਗਨਿਆਂ ਦੀ ਰਿਹਾਈ ਅਤੇ ਫਿਰੌਤੀ ਦੀ ਅਦਾਇਗੀ ਤੱਕ ਖਿੱਚ ਲਿਆਏ। ਜਹਾਜ਼ ਚਾਰ ਦਿਨਾਂ ਤੋਂ ਹਵਾਈ ਅੱਡੇ ’ਤੇ ਖੜ੍ਹਾ ਹੋਣ, ਇਸ ਦੇ ਪਾਖ਼ਾਨੇ ਗੰਦ ਨਾਲ ਲਬਾਲਬ ਹੋਣ ਕਾਰਨ ਜਹਾਜ਼ ਦੇ ਅੰਦਰ ਫੈਲੀ ਸੜਿਆਂਦ ਅਤੇ ਮੁਸਾਫ਼ਿਰਾਂ ਵਾਂਗ ਅਗਵਾਕਾਰ ਵੀ ਭੁੱਖਣ-ਭਾਣੇ ਹੋਣ ਵਰਗੇ ਤੱਤਾਂ ਨੇ ਅਗਵਾਕਾਰਾਂ ਨੂੰ ਆਪਣੀ ਬਹੁਤੀਆਂ ਮੰਗਾਂ ਛੱਡਣ ਲਈ ਮਜਬੂਰ ਕਰ ਦਿੱਤਾ। 31 ਦਸੰਬਰ ਨੂੰ ਭਾਰਤੀ ਵਿਦੇਸ਼ ਮੰਤਰੀ ਜਸਵੰਤ ਸਿੰਘ ਦੇ ਤਿੰਨ ਦਹਿਸ਼ਤੀ ਸਰਗਨਿਆਂ ਨਾਲ ਕੰਧਾਰ ਪੁੱਜਣ ਤੱਕ 20 ਕਰੋੜ ਡਾਲਰਾਂ ਵਾਲੀ ਮੰਗ ਵੀ ਖੂਹ ਖਾਤੇ ਪੈ ਗਈ। ਅਗਲੀਆਂ ਕਾਰਵਾਈਆਂ ਸਿਰੇ ਚੜ੍ਹਵਾਉਣ ਵਿੱਚ ਤਾਲਿਬਾਨ ਚੰਗੇ ਮਦਦਗਾਰ ਸਾਬਤ ਹੋਏ। ਮਾਮਲਾ ਸਿਰੇ ਚੜ੍ਹਦਿਆਂ ਹੀ ਪੰਜੋਂ ਅਗਵਾਕਾਰ, ਤਿੰਨਾਂ ਦਹਿਸ਼ਤੀ ਸਰਗਨਿਆਂ ਸਮੇਤ ਆਈ.ਐੱਸ.ਆਈ. ਦੇ ਏਜੰਟਾਂ ਦੀਆਂ ਜੀਪਾਂ ’ਤੇ ਸਵਾਰ ਹੋ ਕੇ ਗਾਇਬ ਹੋ ਗਏ। ਇੱਕ ਅਫ਼ਗ਼ਾਨ ਅਧਿਕਾਰੀ ਨੇ ਘਨਸ਼ਿਆਮ ਨੂੰ ਦੱਸਿਆ ਕਿ ਆਈ.ਐੱਸ.ਆਈ. ਗੁਪਤ ਰਾਹ ਰਾਹੀਂ ਉਨ੍ਹਾਂ ਨੂੰ ਸਿੱਧਾ ਪਾਕਿਸਤਾਨ ਲੈ ਗਈ।
ਮੁਸਾਫ਼ਿਰਾਂ ਤੇ ਜਹਾਜ਼ੀ ਅਮਲੇ ਸਮੇਤ ਭਾਰਤੀ ਅਧਿਕਾਰੀ ਦੋ ਜਹਾਜ਼ਾਂ ਰਾਹੀਂ ਨਵੀਂ ਦਿੱਲੀ ਪਰਤ ਗਏ। ਅਗਵਾ ਜਹਾਜ਼ ਦੀ ਸਫ਼ਾਈ ਤੇ ਨਿੱਕੀ ਮੋਟੀ ਮੁਰੰਮਤ ਰਾਤ ਵੇਲੇ ਵੀ ਜਾਰੀ ਰਹੀ। ਉਸ ਰਾਤ ਘਨਸ਼ਿਆਮ, ਦੋ ਪਾਇਲਟਾਂ ਤੇ ਦੋ ਇੰਜਨੀਅਰਾਂ ਸਮੇਤ 13 ਹਵਾਈ ਕਰਮਚਾਰੀ ਹਵਾਈ ਅੱਡੇ ਦੇ ਲਾਊਂਜ ਵਿੱਚ ਹੀ ਟਿਕੇ ਰਹੇ। ਦਰਅਸਲ, ਘਨਸ਼ਿਆਮ ਨੂੰ ਗੈਸਟ ਹਾਊਸ ਵਿੱਚ ਰਾਤ ਕੱਟਣ ਦੀ ਥਾਂ ਲਾਊਂਜ ਵਿੱਚ ਰੁਕੇ ਰਹਿਣ ਦੀ ਹਦਾਇਤ ਬਿਨਾਂ ਕੋਈ ਕਾਰਨ ਦੱਸੇ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਕੀਤੀ ਸੀ। ਉਨ੍ਹਾਂ ਨੂੰ ਸ਼ਾਇਦ ਖ਼ਦਸ਼ਾ ਸੀ ਕਿ ਆਈ.ਐੱਸ.ਆਈ., ਜੋ ਕਿ ਘਨਸ਼ਿਆਮ ਦੀ ਕੰਧਾਰ ਵਿੱਚ ਮੌਜੂਦਗੀ ਤੋਂ ਖ਼ਫ਼ਾ ਸੀ, ਗੈਸਟ ਹਾਊਸ ਨੂੰ ਬੰਬ ਨਾਲ ਉਡਾ ਸਕਦੀ ਸੀ। ਲਾਊਂਜ ਉਡਾਉਣਾ ਸੰਭਵ ਨਹੀਂ ਸੀ। ਅਗਲੀ ਸਵੇਰ ਭਾਰਤੀ ਜਹਾਜ਼ ਵਤਨ ਵੱਲ ਰਵਾਨਾ ਹੋਣ ਮਗਰੋਂ ਘਨਸ਼ਿਆਮ ਵੀ ਸੰਯੁਕਤ ਰਾਸ਼ਟਰ ਦੇ ਨਿੱਕੇ ਜਿਹੇ ਜਹਾਜ਼ ਰਾਹੀਂ ਇਸਲਾਮਾਬਾਦ ਪਰਤ ਗਿਆ। ਉਸੇ ਸ਼ਾਮ ਜਸਵੰਤ ਸਿੰਘ ਨੇ ਫ਼ੋਨ ਰਾਹੀਂ ਉਸ ਦਾ ਹਾਲ-ਚਾਲ ਪੁੱਛਿਆ। ਇਸ ਕਿਸਮ ਦਾ ਸਿਸ਼ਟਾਚਾਰ ਸਿਰਫ਼ ਜਸਵੰਤ ਸਿੰਘ ਹੀ ਦਿਖਾ ਸਕਦੇ ਸਨ।
* * *
ਅਗਵਾਕਾਰਾਂ, ਭਾਰਤੀ ਅਧਿਕਾਰੀਆਂ ਤੇ ਤਾਲਿਬਾਨ ਦੇ ਪ੍ਰਤੀਨਿਧਾਂ ਦਰਮਿਆਨ ਗੱਲਬਾਤ ਸੰਭਵ ਬਣਾਉਣ ਲਈ ਜਿਸ ਦੁਭਾਸ਼ੀਏ ਨੂੰ ਬੁਲਾਇਆ ਗਿਆ, ਉਸ ਦਾ ਨਾਮ ਸੱਯਦ ਰਹਿਮਤਉੱਲਾ ਹਾਸ਼ਮੀ ਸੀ। ਉਹ ਛੇ ਜ਼ੁਬਾਨਾਂ- ਦਾਰੀ, ਪਸ਼ਤੋ, ਫ਼ਾਰਸੀ, ਉਰਦੂ, ਅੰਗਰੇਜ਼ੀ ਤੇ ਅਰਬੀ ਆਸਾਨੀ ਨਾਲ ਬੋਲਦਾ ਸੀ। ਉਸ ਨੇ ਘਨਸ਼ਿਆਮ ਨੂੰ ਦੱਸਿਆ ਕਿ ਅਫ਼ਗ਼ਾਨਿਸਤਾਨ ਵਿੱਚ ਇੱਕ ਵਹਿਮ ਬਹੁਤ ਪ੍ਰਚੱਲਿਤ ਹੈ। ਉਹ ਇਹ ਕਿ ਜਦੋਂ ਕੋਈ ਬੱਚਾ ਦੋ ਵਰ੍ਹਿਆਂ ਦਾ ਹੋਣ ’ਤੇ ਵੀ ਬੋਲਣਾ ਸ਼ੁਰੂ ਨਹੀਂ ਕਰਦਾ ਤਾਂ ਉਸ ਦੀ ਮਾਂ ਉਸ ਨੂੰ ਕਿਸੇ ਸਿੱਖ ਪਰਿਵਾਰ ਦੇ ਘਰ ਲੈ ਜਾਂਦੀ ਹੈ। ਉਸ ਘਰ ਦੀ ਰੋਟੀ ਖਾਣ ਮਗਰੋਂ ਬੱਚਾ ਬੋਲਣਾ ਸ਼ੁਰੂ ਕਰ ਦਿੰਦਾ ਹੈ। ਹਾਸ਼ਮੀ ਦਾ ਕਹਿਣਾ ਸੀ ਕਿ ਅਜਿਹੇ ਬੱਚਿਆਂ ਵਿੱਚ ਉਹ ਵੀ ਸ਼ਾਮਿਲ ਸੀ।
* * *
ਰੁਚੀ ਦੇ ਲਿਖਣ ਮੁਤਾਬਿਕ ਬਹੁਤ ਲੋਕ ਉਸ ਨੂੰ ਪੁੱਛਦੇ ਰਹੇ ਸਨ ਕਿ ਘਨਸ਼ਿਆਮ ਨੂੰ ਕੰਧਾਰ ਜਾਣ ਦਾ ਹੁਕਮ ਸੁਣਾਏ ਜਾਣ ’ਤੇ ਕੀ ਉਸ ਨੂੰ ਡਰ ਨਹੀਂ ਸੀ ਲੱਗਿਆ। ਉਸ ਦਾ ਜਵਾਬ ਇਹੋ ਰਹਿੰਦਾ ਸੀ ਕਿ ਡਰ ਤਾਂ ਬਹੁਤ ਲੱਗਿਆ ਸੀ, ਪਰ ਨਾਲ ਹੀ ਅਫ਼ਗ਼ਾਨ ਵਿਵਹਾਰ ਜ਼ਾਬਤੇ (ਪਸ਼ਤੂਨਵਾਲੀ) ਬਾਰੇ ਸੋਚ ਕੇ ਇਹ ਢਾਰਸ ਬੱਝ ਜਾਂਦਾ ਸੀ ਕਿ ਪਸ਼ਤੂਨ ਆਪਣੇ ਮਹਿਮਾਨ ਦੀ ਪੂਰੀ ਹਿਫ਼ਾਜ਼ਤ ਕਰਨਗੇ। ਤਾਲਿਬਾਨ ਨੇ ਇਸੇ ਜ਼ਾਬਤੇ ਨੂੰ ਪੂਰੀ ਤਰ੍ਹਾਂ ਨਿਭਾਇਆ।