X ’ਤੇ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਉਪਭੋਗਤਾ ਪ੍ਰੇਸ਼ਾਨ
ਅਰਬਪਤੀ ਐਲਨ ਮਸਕ ਦੀ ਮਲਕੀਅਤ ਵਾਲੇ X ’ਤੇ ਅੱਜ ਸੇਵਾਵਾਂ ’ਚ ਵਿਘਨ ਦਾ ਸਾਹਮਣਾ ਕਰਨਾ ਪਿਆ ਅਤੇ ਵਿਸ਼ਵ ਪੱਧਰ ’ਤੇ ਹਜ਼ਾਰਾਂ ਉਪਭੋਗਤਾਵਾਂ ਨੇ ਇੱਕ ਤੋਂ ਵੱਧ ਵਾਰ ਸਮੱਸਿਆਵਾਂ ਦੀ ਰਿਪੋਰਟ ਕੀਤੀ।
Downdetector ਅਨੁਸਾਰ ਭਾਰਤੀ ਉਪਭੋਗਤਾਵਾਂ ਤੋਂ ਦੁਪਹਿਰ 3:30 ਵਜੇ ਦੇ ਆਸ-ਪਾਸ ਸੇਵਾਵਾਂ ਵਿੱਚ ਵਿਘਨ ਦੀਆਂ ਕਰੀਬ 2200 ਰਿਪੋਰਟਾਂ ਪ੍ਰਾਪਤ ਹੋਈਆਂ ਅਤੇ ਸ਼ਾਮ ਵੇਲੇ 7:30 ਵਜੇ ਦੇ ਕਰੀਬ ਇੱਕ ਵਾਰ ਫਿਰ ਸੇਵਾਵਾਂ ਵਿੱਚ ਵਿਘਨ ਦੀਆਂ ਰਿਪੋਰਟਾਂ ਮਿਲੀਆਂ। ਆਊਟੇਜ ਟਰੈਕਿੰਗ ਵੈੱਬਸਾਈਟ ’ਤੇ ਸ਼ਾਮ ਸਮੇਂ ਕਰੀਬ 1500 ਰਿਪੋਰਟਾਂ ਪ੍ਰਾਪਤ ਹੋਈਆਂ।
ਡਾਊਨਡਿਟੈਕਟਰ ਨੇ ਦਿਖਾਇਆ ਕਿ ਕੁੱਝ ਸਮੇਂ ਬਾਅਦ ਰਿਪੋਰਟਾਂ ਘਟ ਗਈਆਂ ਅਤੇ ਸੇਵਾਵਾਂ ਆਮ ਵਾਂਗ ਬਹਾਲ ਹੋ ਗਈਆਂ।
ਆਲਮੀ ਪੱਧਰ ’ਤੇ ਵੱਡੇ ਪੱਧਰ ਉੱਤੇ ਸੇਵਾਵਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਅਮਰੀਕਾ ਵਿੱਚ 20,000 ਅਤੇ ਯੂਕੇ ਵਿੱਚ 10,000 ਰਿਪੋਰਟਾਂ ਪ੍ਰਾਪਤ ਹੋਈਆਂ।
ਡਾਊਨਡਿਟੈਕਟਰ ਅਨੁਸਾਰ 53 ਫ਼ੀਸਦੀ ਸਮੱਸਿਆਵਾਂ ਵੈੱਬਸਾਈਟ ਨਾਲ ਸਬੰਧਿਤ ਸਨ ਅਤੇ 41 ਫ਼ੀਸਦੀ ਸਮੱਸਿਆਵਾਂ ਐਪ ਤੇ ਛੇ ਫ਼ੀਸਦੀ ਸਰਵਿਸ ਕੁਨੈਕਸ਼ਨ ਨਾਲ ਸਬੰਧਿਤ ਸਮੱਸਿਆਵਾਂ ਸਨ।
ਸੇਵਾਵਾਂ ਪ੍ਰਭਾਵਿਤ ਹੋਣ ਵੇਲੇ ਉਪਭੋਗਤਾ Feed ਨੂੰ Refresh ਕਰਨ, ਪੋਸਟਾਂ ਅਪਲੋਡ ਕਰਨ ਤੋਂ ਅਸਮਰੱਥ ਸਨ ਅਤੇ ਉਨ੍ਹਾਂ ਨੂੰ ‘Something went wrong, try reloading’ ਦਾ ਸੰਦੇਸ਼ ਵਾਰ-ਵਾਰ ਦਿਖਾਈ ਦੇ ਰਿਹਾ ਸੀ। -ਪੀਟੀਆਈ