ਲਾਹੇਵੰਦ ਤਕਨੀਕ ਕੰਪਿਊਟਰ ਦ੍ਰਿਸ਼ਟੀ
ਡਾ. ਗੁਰਜੀਤ ਸਿੰਘ ਭੱਠਲ *
ਕੰਪਿਊਟਰ ਦ੍ਰਿਸ਼ਟੀ (Computer Vision) ਇੱਕ ਅਜਿਹੀ ਤਕਨੀਕ ਹੈ, ਜਿਸ ਦਾ ਮੁੱਖ ਮਕਸਦ ਕੰਪਿਊਟਰਾਂ ਨੂੰ ਦ੍ਰਿਸ਼ਟੀ ਪ੍ਰਦਾਨ ਕਰਨਾ ਹੈ। ਜਿਵੇਂ ਇਨਸਾਨੀ ਅੱਖਾਂ ਕੰਮ ਕਰਦੀਆਂ ਹਨ ਅਤੇ ਇਨਸਾਨੀ ਦਿਮਾਗ਼ ਫ਼ੈਸਲੇ ਲੈਂਦਾ ਹੈ, ਉਸੇ ਤਰ੍ਹਾਂ ਇਹ ਤਕਨੀਕ ਕੰਪਿਊਟਰਾਂ ਨੂੰ ਤਸਵੀਰਾਂ ਅਤੇ ਫਿਲਮਾਂ ਨੂੰ ਦੇਖਣ, ਸਮਝਣ ਅਤੇ ਉਨ੍ਹਾਂ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ਦੀ ਸਮਰੱਥਾ ਦਿੰਦੀ ਹੈ। ਇਸ ਦਾ ਮਕਸਦ ਮਨੁੱਖੀ ਅੱਖਾਂ ਅਤੇ ਦਿਮਾਗ਼ ਦੀ ਤਰ੍ਹਾਂ ਕੰਪਿਊਟਰਾਂ ਨੂੰ ਦ੍ਰਿਸ਼ਟੀਗਤ ਸੂਝ-ਬੂਝ ਦੇਣਾ ਹੈ।
ਆਧੁਨਿਕ ਤਕਨੀਕੀ ਯੁੱਗ ਵਿੱਚ ਨਿੱਤ ਦਿਨ ਹੋ ਰਹੀਆਂ ਨਵੀਆਂ ਤਬਦੀਲੀਆਂ ਅਤੇ ਖੋਜਾਂ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਬਿਹਤਰ ਅਤੇ ਸੁਖਾਲੀ ਕਰ ਰਹੀਆਂ ਹਨ। ਵਿਗਿਆਨ ਦੀਆਂ ਇਨ੍ਹਾਂ ਖੋਜਾਂ ਅਤੇ ਉਨ੍ਹਾਂ ਵਿੱਚ ਸਮੇਂ-ਸਮੇਂ ਹੋਏ ਸੁਧਾਰਾਂ ਦਾ ਇਤਿਹਾਸ ਹਮੇਸ਼ਾਂ ਹੀ ਬੜਾ ਦਿਲਚਸਪ ਰਿਹਾ ਹੈ। ਉਦਹਾਰਣ ਦੇ ਤੌਰ ’ਤੇ, ਸਭ ਤੋਂ ਪਹਿਲਾਂ ਕੈਮਰੇ ਦੁਆਰਾ ਤਸਵੀਰਾਂ (ਸਟਿਲ ਫੋਟੋਗਰਾਫੀ) ਅਤੇ ਫਿਲਮ (ਵੀਡੀਓ ਰਿਕਾਰਡਿੰਗ) ਦਾ ਆਵਿਸ਼ਕਾਰ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਲੈ ਕੇ ਆਇਆ। ਕੈਮਰੇ ਦੀਆਂ ਸ਼ੁਰੂਆਤੀ ਖੋਜਾਂ ਤਸਵੀਰਾਂ ’ਤੇ ਕੇਂਦਰਿਤ ਸਨ, ਜਿਸ ਵਿੱਚ ਇੱਕ ਚਿੱਤਰ ਲੈਣਾ ਅਤੇ ਉਸ ਨੂੰ ਸਟੋਰ ਕਰਨਾ ਹੀ ਮੁੱਖ ਮੰਤਵ ਸੀ। 19ਵੀਂ ਸਦੀ ਦੇ ਮੱਧ ਵਿੱਚ ਫੋਟੋਗ੍ਰਾਫੀ ਵਿੱਚ ਕਾਫ਼ੀ ਤਰੱਕੀ ਹੋਈ, ਜਦੋਂ ਪਹਿਲੀ ਵਾਰ ਵਿਅਕਤੀਗਤ ਅਤੇ ਪਰਿਵਾਰਕ ਤਸਵੀਰਾਂ ਯਾਦਗਾਰ ਦੇ ਤੌਰ ’ਤੇ ਲੈਣੀਆਂ ਸ਼ੁਰੂ ਕੀਤੀਆਂ ਗਈਆਂ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਫਿਲਮ (ਵੀਡੀਓ ਰਿਕਾਰਡਿੰਗ) ਦੀ ਖੋਜ ਹੋਈ, ਜਿਸ ਨਾਲ ਵਧੇਰੇ ਗੁੰਝਲਦਾਰ ਦ੍ਰਿਸ਼ ਬਣਾ ਕੇ ਸੰਭਾਲਣ ਦੀ ਯੋਗਤਾ ਵਧ ਗਈ। ਇਸ ਨੂੰ ਫਿਲਮ ਜਾਂ ਚਲਚਿੱਤਰ ਕਹਿ ਸਕਦੇ ਹਾਂ। ਜਿਉਂ-ਜਿਉਂ ਕੈਮਰੇ ਨੇ ਤਸਵੀਰਾਂ ਅਤੇ ਫਿਲਮਾਂ ਬਣਾਉਣ ਦੀ ਸਮਰੱਥਾ ਵਿਕਸਿਤ ਕੀਤੀ, ਉਸੇ ਤਰ੍ਹਾਂ ਕੰਪਿਊਟਰ ਦ੍ਰਿਸ਼ਟੀ ਦੀ ਖੋਜ ਨੇ ਵੀ ਇਸ ਤਕਨੀਕ ਨੂੰ ਹੋਰ ਅੱਗੇ ਵਧਾਇਆ। ਕੰਪਿਊਟਰ ਦ੍ਰਿਸ਼ਟੀ ਦੀ ਸ਼ੁਰੂਆਤ 1960ਵਿਆਂ ਦੇ ਦਹਾਕੇ ਵਿੱਚ ਹੋਈ ਜਦੋਂ ਪਹਿਲੀ ਵਾਰ ਕੁਝ ਖੋਜਾਰਥੀਆਂ ਨੇ ਤਸਵੀਰਾਂ ਦੀ ਪ੍ਰੋਸੈਸਿੰਗ ਲਈ ਕੰਪਿਊਟਰ ਪ੍ਰੋਗਰਾਮ ਤਿਆਰ ਕੀਤੇ। 1970ਵਿਆਂ ਦੌਰਾਨ 2-ਡੀ ਤਸਵੀਰਾਂ ਦੀ ਪ੍ਰੋਸੈਸਿੰਗ ਦੇ ਤਰੀਕੇ ਵਿਕਸਤ ਕੀਤੇ ਗਏ। ਸ਼ੁਰੂ ਵਿੱਚ ਕੰਪਿਊਟਰਾਂ ਨੂੰ ਚਿੱਤਰਾਂ ’ਤੇ ਸਾਧਾਰਨ ਕਾਰਵਾਈ ਕਰਨ ਦੀ ਸਮਰੱਥਾ ਦਿੱਤੀ। 1990ਵਿਆਂ ਦੌਰਾਨ ਕੰਪਿਊਟਰ ਦ੍ਰਿਸ਼ਟੀ ਵਿੱਚ ਮੁੱਖ ਤੌਰ ’ਤੇ ਮਨਸੂਈ ਬੁੱਧੀ (Artificial Intelligence) ਨਾਲ ਜੁੜੀਆਂ ਤਕਨੀਕਾਂ ਜਿਵੇਂ ਕਿ ਮਸ਼ੀਨ ਲਰਨਿੰਗ (Machine Learning), ਡੀਪ ਲਰਨਿੰਗ (Deep Learning) ਅਤੇ ਨਿਊਰਲ ਨੈੱਟਵਰਕ (Neural Network) ਵਰਤੀਆਂ ਜਾਣ ਲੱਗੀਆਂ, ਜੋ ਮਸ਼ੀਨਾਂ ਨੂੰ ਸਿਖਾਉਂਦੀਆਂ ਹਨ ਕਿ ਤਸਵੀਰਾਂ ਅਤੇ ਫਿਲਮਾਂ ਨੂੰ ਦ੍ਰਿਸ਼ਟੀਗਤ ਦੇ ਰੂਪ ਵਿੱਚ ਕਿਵੇਂ ਪਛਾਣਿਆ ਜਾਵੇ ਅਤੇ ਉਸ ਤੋਂ ਕੰਪਿਊਟਰ ਜਾਂ ਮਸ਼ੀਨਾਂ ਨੂੰ ਕਿਵੇਂ ਫ਼ੈਸਲੇ ਲੈਣ ਯੋਗ ਬਣਾਇਆ ਜਾਵੇ। ਕੰਪਿਊਟਰ ਦ੍ਰਿਸ਼ਟੀ ਪ੍ਰਣਾਲੀ ਕੈਮਰਿਆਂ, ਸੈਂਸਰਾਂ ਅਤੇ ਕੰਪਿਊਟਰ ਪ੍ਰੋਗਰਾਮ ਦਾ ਸੰਗ੍ਰਹਿ ਹੈ। ਕੰਪਿਊਟਰ ਦ੍ਰਿਸ਼ਟੀ ਦੇ ਬਿਹਤਰੀਨ ਇਸਤੇਮਾਲ ਵਿੱਚ ਸਵੈ-ਚਲਿਤ ਕਾਰਾਂ, ਗੇਮਿੰਗ, ਖੇਤੀਬਾੜੀ, ਮੈਡੀਕਲ, ਅਤੇ ਸੁਰੱਖਿਆ ਖੇਤਰ ਸ਼ਾਮਲ ਹਨ। ਇਨ੍ਹਾਂ ਵਿੱਚੋਂ ਮੈਡੀਕਲ ਅਤੇ ਸੁਰੱਖਿਆ ਖੇਤਰ ਵਿੱਚ ਇਸ ਤਕਨੀਕ ਦੀਆਂ ਬੇਹੱਦ ਵੱਡੀਆਂ ਸੰਭਾਵਨਾਵਾਂ ਹਨ।
ਮੈਡੀਕਲ ਖੇਤਰ ਵਿੱਚ ਕੰਪਿਊਟਰ ਦ੍ਰਿਸ਼ਟੀ ਨੂੰ ਰੋਗ ਪਛਾਣਨ, ਤਸਵੀਰ ਵਿਸ਼ਲੇਸ਼ਣ ਅਤੇ ਸਰਜਰੀ ਦੇ ਮਾਹਰ ਰੋਬੋਟਾਂ ਦੀ ਮਦਦ ਲਈ ਵਰਤਿਆ ਜਾ ਰਿਹਾ ਹੈ। ਜਿਵੇਂ ਕਿ ਕੈਂਸਰ ਜਾਂ ਦਿਲ ਦੀਆਂ ਬਿਮਾਰੀਆਂ ਦੇ ਸ਼ੁਰੂਆਤੀ ਪੜਾਅ ਵਿੱਚ ਪਤਾ ਲਾਉਣਾ ਹੁੰਦਾ ਹੈ, ਇੱਥੇ ਕੰਪਿਊਟਰ ਦ੍ਰਿਸ਼ਟੀ ਮਸ਼ੀਨਾਂ ਨੂੰ ਤਸਵੀਰਾਂ ਦੀ ਗਹਿਰਾਈ ਨਾਲ ਵਿਸ਼ਲੇਸ਼ਣ ਕਰਨ ਦੇ ਕਾਬਲ ਬਣਾ ਰਹੀ ਹੈ। ਰੇਡੀਓਲੌਜੀ ਵਿੱਚ, ਕੰਪਿਊਟਰਾਂ ਦੀ ਮਦਦ ਨਾਲ ਰੋਗ ਪਛਾਣ ਪ੍ਰਕਿਰਿਆ ਤੇਜ਼ ਅਤੇ ਸ਼ੁੱਧ ਬਣ ਗਈ ਹੈ। ਮੈਡੀਕਲ ਦ੍ਰਿਸ਼ਟੀ ਪ੍ਰਣਾਲੀ ਰੋਗੀਆਂ ਦੇ ਇਲਾਜ ਵਿੱਚ ਪ੍ਰਗਤੀਸ਼ੀਲ ਦਿਸ਼ਾ ਵਿੱਚ ਕੰਮ ਕਰ ਰਹੀ ਹੈ, ਜਿਸ ਨਾਲ ਡਾਕਟਰਾਂ ਨੂੰ ਮਰੀਜ਼ਾਂ ਦੀ ਬਿਮਾਰੀ ਦੀ ਸਹੀ ਸਮੇਂ ਪਛਾਣ ਅਤੇ ਇਲਾਜ ਵਿੱਚ ਬਹੁਤ ਸਹਾਇਤਾ ਮਿਲ ਰਹੀ ਹੈ। ਭਵਿੱਖ ਵਿੱਚ ਇਹ ਤਕਨੀਕ ਮੈਡੀਕਲ ਖੇਤਰ ਵਿੱਚ ਕਈ ਨਵੇਂ ਤਰੀਕਿਆਂ ਨਾਲ ਮਰੀਜ਼ਾਂ ਦਾ ਇਲਾਜ ਕਰਨ ਲਈ ਸਹਾਈ ਹੋਵੇਗੀ। ਮੈਡੀਕਲ ਤਸਵੀਰਾਂ ਅਤੇ ਰੋਬੋਟਿਕ ਸਰਜਰੀ ਵਿੱਚ ਕੰਪਿਊਟਰ ਦ੍ਰਿਸ਼ਟੀ ਦਾ ਇਨਕਲਾਬੀ ਯੋਗਦਾਨ ਹੈ। ਇਹ ਸਿਰਫ਼ ਡਾਇਗਨੋਸਟਿਕ ਪ੍ਰਕਿਰਿਆ ਨੂੰ ਹੀ ਨਹੀਂ ਸੁਧਾਰੇਗੀ ਸਗੋਂ ਇਸ ਨੂੰ ਹੋਰ ਵੀ ਸੰਪੂਰਨ ਬਣਾਏਗੀ। ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਦ੍ਰਿਸ਼ਟੀ ਸਰਜਰੀ ਰੋਬੋਟਾਂ ਦੇ ਨਾਲ ਮਿਲ ਕੇ ਮਰੀਜ਼ਾਂ ਦੇ ਇਲਾਜ ਨੂੰ ਬਿਲਕੁਲ ਸਹੀ ਅਤੇ ਨਿਸ਼ਾਨਾ-ਬੱਧ ਬਣਾਏਗੀ, ਜਿਸ ਨਾਲ ਇਨਸਾਨੀ ਭੁੱਲਾਂ ਤੋਂ ਰਹਿਤ ਇਲਾਜ ਸੰਭਵ ਹੋਵੇਗਾ। ਇਹ ਰੋਗ ਪਛਾਣ ਦੇ ਖੇਤਰ ਵਿੱਚ ਡਾਕਟਰਾਂ ਦੇ ਕੰਮ ਨੂੰ ਬਹੁਤ ਹੱਦ ਤੱਕ ਆਸਾਨ ਕਰੇਗੀ ਅਤੇ ਮਰੀਜ਼ਾਂ ਦੀ ਜ਼ਿੰਦਗੀ ਨੂੰ ਬਚਾਉਣ ਵਿੱਚ ਅਹਿਮ ਯੋਗਦਾਨ ਪਾਵੇਗੀ।
ਸੁਰੱਖਿਆ ਖੇਤਰ ਵਿੱਚ ਕੰਪਿਊਟਰ ਦ੍ਰਿਸ਼ਟੀ ਦੀ ਵੱਡੇ ਪੱਧਰ ’ਤੇ ਵਰਤੋਂ ਹੋ ਰਹੀ ਹੈ। ਸੁਰੱਖਿਆ ਦੇ ਮਾਮਲਿਆਂ ਵਿੱਚ ਚਿਹਰੇ ਦੀ ਪਛਾਣ (Face Recognition) ਦੀ ਤਕਨੀਕ ਬਹੁਤ ਹੀ ਲਾਭਦਾਇਕ ਸਾਬਤ ਹੋਈ ਹੈ। ਇਹ ਪ੍ਰਣਾਲੀ ਹਵਾਈ ਅੱਡਿਆਂ, ਸਰਕਾਰੀ ਇਮਾਰਤਾਂ ਅਤੇ ਵੱਡੇ ਪੱਧਰ ਦੀਆਂ ਕਾਰੋਬਾਰੀ ਸੰਸਥਾਵਾਂ ਵਿੱਚ ਸੁਰੱਖਿਆ ਦੀਆਂ ਕਾਰਵਾਈਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਰਤੀ ਜਾਂਦੀ ਹੈ। ਚਿਹਰੇ ਦੀ ਪਛਾਣ ਅਤੇ ਸਵੈਚਾਲਿਤ ਨਿਗਰਾਨੀ ਪ੍ਰਣਾਲੀ ਦੀ ਮਦਦ ਨਾਲ ਅਣਪਛਾਤੇ ਲੋਕਾਂ ਦੀ ਪਛਾਣ ਹੋ ਸਕਦੀ ਹੈ ਅਤੇ ਸੁਰੱਖਿਆ ਵਿੱਚ ਖ਼ਤਰਾ ਬਣ ਰਹੀਆਂ ਸਥਿਤੀਆਂ ਨੂੰ ਰੋਕਿਆ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ, ਜੰਗਲਾਤ ਵਿੱਚ ਨਿਗਰਾਨੀ ਡਰੋਨ ਦੀ ਮਦਦ ਨਾਲ ਜੰਗਲੀ ਜੀਵਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਨਾਲ ਜੰਗਲਾਂ ਵਿੱਚ ਹੋ ਰਹੇ ਅਪਰਾਧਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਸੁਰੱਖਿਆ ਖੇਤਰ ਵਿੱਚ ਵੀ ਕੰਪਿਊਟਰ ਦ੍ਰਿਸ਼ਟੀ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਹਾਲਾਂਕਿ ਅੱਜ ਚਿਹਰੇ ਦੀ ਪਛਾਣ ਤਕਨੀਕ ਵਰਤੀ ਜਾ ਰਹੀ ਹੈ, ਭਵਿੱਖ ਵਿੱਚ ਇਹ ਸਿਸਟਮ ਹੋਰ ਵੀ ਅੱਗੇ ਵਧ ਕੇ ਸਰੀਰ ਦੇ ਹੋਰ ਹਿੱਸਿਆਂ ਅਤੇ ਗਤੀਵਿਧੀਆਂ ਨੂੰ ਵੀ ਪਛਾਣਨ ਯੋਗ ਹੋ ਜਾਵੇਗਾ। ਅਜਿਹੇ ਸਿਸਟਮ ਜਿਹੜੇ ਸਿਰਫ਼ ਚਿਹਰੇ ਤੋਂ ਪਛਾਣ ਕਰਦੇ ਹਨ, ਉਹ ਵਿਕਸਿਤ ਹੋ ਕੇ ਪੂਰੇ ਸਰੀਰ ਦੀ ਡੀਲ-ਡੌਲ, ਚਾਲ, ਗਤੀ ਅਤੇ ਹੋਰ ਵਿਸ਼ੇਸ਼ਤਾਵਾਂ ਨੂੰ ਵੀ ਸਮਝਣ ਦੀ ਸਮਰੱਥਾ ਰੱਖਣਗੇ। ਇਸ ਨਾਲ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਅਤੇ ਨਿੱਜੀ ਹੋਣਗੇ।
ਖੇਤੀਬਾੜੀ ਖੇਤਰ ਵਿੱਚ ਕੰਪਿਊਟਰ ਦ੍ਰਿਸ਼ਟੀ ਦੀ ਵਰਤੋਂ ਵੀ ਬੇਹੱਦ ਫ਼ਾਇਦੇਮੰਦ ਹੈ। ਇਸ ਤਕਨੀਕ ਨਾਲ ਖੇਤਾਂ ਦੀ ਜ਼ਮੀਨੀ ਹਾਲਤ, ਤਾਪਮਾਨ ਅਤੇ ਨਮੀ, ਪਾਣੀ ਦੀ ਲੋੜ ਅਤੇ ਫ਼ਸਲਾਂ ਦੀ ਹਾਲਤ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੁਖਾਲਾ ਹੋ ਗਿਆ ਹੈ। ਖੇਤਾਂ ਵਿੱਚ ਕੈਮਰਿਆਂ ਅਤੇ ਸੈਂਸਰਾਂ ਦੀ ਵਰਤੋਂ ਕਰਕੇ, ਫਸਲਾਂ ਵਿੱਚ ਬਿਮਾਰੀਆਂ ਦਾ ਪਹਿਲਾਂ ਹੀ ਪਤਾ ਲੱਗ ਜਾ ਸਕਦਾ ਹੈ। ਇਨ੍ਹਾਂ ਰੋਗਾਂ ਦੀ ਪਛਾਣ ਕਰਨ ਲਈ ਤਸਵੀਰਾਂ ਨੂੰ ਕੰਪਿਊਟਰ ਦ੍ਰਿਸ਼ਟੀ ਅਤੇ ਕੰਪਿਊਟਰ ਪ੍ਰੋਗਰਾਮਿੰਗ ਦੁਆਰਾ ਵਿਸ਼ਲੇਸ਼ਿਤ ਕੀਤਾ ਜਾਂਦਾ ਹੈ। ਡਰੋਨ ਅਤੇ ਸਵੈਚਾਲਿਤ ਮਸ਼ੀਨਾਂ ਦੀ ਮਦਦ ਨਾਲ ਨਿਗਰਾਨੀ ਸਵੈਚਲਿਤ ਤਰੀਕੇ ਨਾਲ ਹੋ ਰਹੀ ਹੈ, ਜੋ ਕਿਸਾਨਾਂ ਨੂੰ ਸਫਲਤਾ ਨਾਲ ਫ਼ਸਲਾਂ ਦੀ ਵਾਧੂ ਪੈਦਾਵਾਰ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਖੇਤੀਬਾੜੀ ਵਿੱਚ ਜੰਗਲੀ ਜੀਵਾਂ ਦੀ ਨਿਗਰਾਨੀ ਲਈ ਵੀ ਕੰਪਿਊਟਰ ਦ੍ਰਿਸ਼ਟੀ ਦੀ ਵਰਤੋਂ ਹੋ ਰਹੀ ਹੈ, ਜਿਸ ਨਾਲ ਜੰਗਲਾਂ ਅਤੇ ਫ਼ਸਲਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।
ਉਦਯੋਗਿਕ ਖੇਤਰ ਵਿੱਚ ਕੰਪਿਊਟਰ ਦ੍ਰਿਸ਼ਟੀ ਦੀ ਵਰਤੋਂ ਜਾਰੀ ਹੈ। ਨਿਰਮਾਣ ਖੇਤਰ ਵਿੱਚ ਕੰਪਿਊਟਰ ਦ੍ਰਿਸ਼ਟੀ ਦੀ ਵਰਤੋਂ ਉੱਚ-ਗੁਣਵੱਤਾ ਵਾਲੀਆਂ ਉਤਪਾਦਨ ਲਾਈਨਾਂ ਨੂੰ ਨਿਰਮਾਣ ਕਰਨ ਲਈ ਕੀਤੀ ਜਾ ਰਹੀ ਹੈ। ਇਹ ਤਕਨੀਕ ਯੰਤਰਾਂ ਦੀ ਗ਼ਲਤੀ ਰਹਿਤ ਨਿਰਮਾਣ ਯੋਗਤਾ ਨੂੰ ਸੁਧਾਰਦੀ ਹੈ ਅਤੇ ਖ਼ਰਾਬੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ। ਇਸ ਤਕਨੀਕ ਦੀ ਮਦਦ ਨਾਲ ਉਦਯੋਗਿਕ ਪ੍ਰਬੰਧਾਂ ਨੂੰ ਹੋਰ ਵੀ ਸਵੈਚਾਲਿਤ ਬਣਾਇਆ ਜਾ ਰਿਹਾ ਹੈ, ਜੋ ਇਨਸਾਨੀ ਦਖ਼ਲ ਤੋਂ ਬਿਨਾਂ ਵੱਧ ਕੁਸ਼ਲਤਾ ਨਾਲ ਕੰਮ ਕਰ ਸਕਦੇ ਹਨ।
ਇਹ ਸਹੀ ਹੈ ਕਿ ਕੰਪਿਊਟਰ ਦ੍ਰਿਸ਼ਟੀ ਦੇ ਬਹੁਤ ਸਾਰੇ ਫ਼ਾਇਦੇ ਹਨ, ਪਰ ਇਸ ਦੇ ਕੁਝ ਨੁਕਸਾਨ ਵੀ ਹਨ। ਕੰਪਿਊਟਰ ਦ੍ਰਿਸ਼ਟੀ ਤਕਨੀਕ ਦੀ ਵਰਤੋਂ ਜਾਸੂਸੀ ਡਰੋਨ ਕੈਮਰਿਆਂ ਵਿੱਚ ਵੀ ਕੀਤੀ ਜਾ ਰਹੀ ਹੈ, ਜਿਸ ਨਾਲ ਵਿਅਕਤੀਗਤ ਅਤੇ ਰਾਸ਼ਟਰੀ ਗੁਪਤਤਾ ਦੀ ਉਲੰਘਣਾ ਹੁੰਦੀ ਹੈ। ਕੁਝ ਕੈਮਰੇ ਅਜਿਹੇ ਸਥਾਨਾਂ ’ਤੇ ਲੱਗੇ ਹੁੰਦੇ ਹਨ, ਜਿੱਥੇ ਉਨ੍ਹਾਂ ਨੂੰ ਲੋਕਾਂ ਦੀ ਨਿੱਜੀ ਜ਼ਿੰਦਗੀ ’ਚ ਦਖਲ ਨਹੀਂ ਦੇਣਾ ਚਾਹੀਦਾ। ਜਾਸੂਸੀ ਕੈਮਰਿਆਂ ਦੀ ਵਰਤੋਂ ਇਨਸਾਨੀ ਹੱਕਾਂ ਦੀ ਉਲੰਘਣਾ ਕਰਦੀ ਹੈ ਅਤੇ ਕਈ ਵਾਰ ਗ਼ੈਰਕਾਨੂੰਨੀ ਮਕਸਦਾਂ ਲਈ ਇਹ ਤਕਨੀਕ ਵਰਤੀ ਜਾਂਦੀ ਹੈ। ਇਹ ਸਾਰਾ ਕੁਝ ਇੰਟਰਨੈੱਟ ਨਾਲ ਜੁੜਿਆ ਹੈ। ਇਸ ਲਈ ਹਮੇਸ਼ਾ ਖਦਸ਼ਾ ਬਣਿਆ ਰਹਿੰਦਾ ਹੈ ਕਿ ਕੋਈ ਹੈਕਰ (Hacker) ਇਸ ਦਾ ਗ਼ਲਤ ਇਸਤੇਮਾਲ ਨਾ ਕਰ ਲਵੇ, ਜਿਸ ਨਾਲ ਭਾਰੀ ਨੁਕਸਾਨ ਹੋਣ ਦਾ ਖ਼ਤਰਾ ਹੈ, ਜਿਵੇਂ ਚਾਲਕ ਰਹਿਤ ਵਾਹਨ ਜਾਂ ਸਵੈਚਾਲਿਤ ਡਰੋਨ ਅਤੇ ਹੋਰ ਮਸ਼ੀਨਾਂ।
ਕੰਪਿਊਟਰ ਦ੍ਰਿਸ਼ਟੀ ਦੀ ਵਰਤੋਂ ਦਾ ਦਾਇਰਾ ਬਹੁਤ ਵਿਆਪਕ ਹੈ। ਮੈਡੀਕਲ, ਸੁਰੱਖਿਆ, ਖੇਤੀਬਾੜੀ, ਆਟੋਮੇਸ਼ਨ ਅਤੇ ਹੋਰ ਖੇਤਰਾਂ ਵਿੱਚ ਇਸ ਦੀਆਂ ਭਵਿੱਖੀ ਸੰਭਾਵਨਾਵਾਂ ਬੇਹੱਦ ਮਹੱਤਵਪੂਰਨ ਹਨ, ਪਰ ਨਿੱਜਤਾ ਨੂੰ ਖ਼ਤਰਾ ਹਮੇਸ਼ਾਂ ਬਣਿਆ ਰਹਿਣਾ ਹੈ। ਖੋਜਾਰਥੀਆਂ ਨੂੰ ਇਸ ਪੱਖ ਬਾਰੇ ਵੀ ਸੁਚੇਤ ਹੋਣ ਦੀ ਉਤਨੀ ਹੀ ਜ਼ਰੂਰਤ ਹੈ।
* ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98142-05475 (ਵਟਸਐਪ)