ਅਮਰੀਕਾ: ਭਾਰਤੀ ਰਾਜਦੂਤ ਸੰਧੂ ਨੂੰ ਵਿਦਾਇਗੀ ਪਾਰਟੀ
ਵਾਸ਼ਿੰਗਟਨ: ਅਮਰੀਕੀ ਵਪਾਰਕ ਵਕਾਲਤ ਸਮੂਹ ਨੇ ਇਸ ਮਹੀਨੇ ਦੇ ਅਖ਼ੀਰ ਵਿੱਚ ਸੇਵਾਮੁਕਤ ਹੋ ਰਹੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਵਿਦਾਇਗੀ ਪਾਰਟੀ ਦਿੱਤੀ। ਯੂਐੱਸ ਇੰਡੀਆ ਬਿਜ਼ਨਸ ਕੌਂਸਲ (ਯੂਐੱਸਆਈਬੀਸੀ) ਨੇ ਬੁੱਧਵਾਰ ਨੂੰ ਇਸ ਪਾਰਟੀ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਵ੍ਹਾਈਟ ਹਾਊਸ, ਸਰਕਾਰੀ ਅਤੇ ਕਾਰਪੋਰੇਟ ਸੈਕਟਰ ਦੇ ਸਿਖਰਲੇ ਅਧਿਕਾਰੀ ਸ਼ਾਮਲ ਹੋਏ। ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤ-ਅਮਰੀਕਾ ਵਿਚਾਲੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਤਰਨਜੀਤ ਸਿੰਘ ਸੰਧੂ ਨੇ ਅਹਿਮ ਭੂਮਿਕਾ ਨਿਭਾਈ ਹੈ। ਆਪਣੇ 35 ਸਾਲ ਦੇ ਕਰੀਅਰ ਦੌਰਾਨ ਸੰਧੂ ਨੂੰ ਚਾਰ ਵਾਰ ਸੰਯੁਕਤ ਰਾਜ ਅਮਰੀਕਾ ਵਿੱਚ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਵਾਰ ਉਹ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਸਨ। ਸਮਾਰੋਹ ਵਿੱਚ ਵ੍ਹਾਈਟ ਹਾਊਸ ਦੇ ਇੰਡੋ-ਪੈਸੀਫਿਕ ਲਈ ਕੌਮੀ ਸੁਰੱਖਿਆ ਕੌਂਸਲ ਦੇ ਕੋਆਰਡੀਨੇਟਰ ਕੁਰਟ ਕੈਂਪਬੈਲ ਅਤੇ ਸਾਬਕਾ ਡਿਪਲੋਮੈਂਟ ਤੇ ਯੂਐੱਸ ਇੰਡੀਆ ਬਿਜ਼ਨਸ ਕੌਂਸਲ ਦੇ ਪ੍ਰਧਾਨ ਅਤੁਲ ਕਸ਼ਪ ਨੇ ਤਰਨਜੀਤ ਸਿੰਘ ਸੰਧੂੁ ਦੀਆਂ ਪ੍ਰਾਪਤੀਆਂ ਗਿਣਾਈਆਂ। -ਪੀਟੀਆਈ