ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਦਾ ਚਾਰ ਰੋਜ਼ਾ ਭਾਰਤ ਦੌਰਾ 21 ਤੋਂ
ਨਵੀਂ ਦਿੱਲੀ, 16 ਅਪਰੈਲ
ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ 21 ਅਪਰੈਲ ਤੋਂ ਭਾਰਤ ਦੇ ਚਾਰ ਦਿਨਾਂ ਦੌਰੇ ’ਤੇ ਹੋਣਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ, ਜਿਸ ਵਿੱਚ ਤਜਵੀਜ਼ਤ ਦੁਵੱਲੇ ਵਪਾਰ ਸਮਝੌਤੇ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ। ਵਿਦੇਸ਼ ਮੰਤਰਾਲੇ (MEA) ਨੇ ਬੁੱਧਵਾਰ ਨੂੰ ਇਸ ਦੌਰੇ ਦਾ ਐਲਾਨ ਕੀਤਾ। ਵਾਂਸ ਦੇ ਦਫ਼ਤਰ ਨੇ ਵੀ ਵੱਖਰੇ ਤੌਰ 'ਤੇ ਯਾਤਰਾ ਦਾ ਐਲਾਨ ਕੀਤਾ ਹੈ। ਜੇਡੀ ਵਾਂਸ ਦੀ ਪਤਨੀ ਊਸ਼ਾ ਭਾਰਤੀ ਮੂਲ ਦੀ ਅਮਰੀਕੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਵਿਵਾਦ ਕਾਰਨ ਵਧਦੀਆਂ ਆਲਮੀ ਚਿੰਤਾਵਾਂ ਦਰਮਿਆਨ ਜੇਡੀ ਵਾਂਸ ਭਾਰਤ ਦਾ ਦੌਰਾ ਕਰ ਰਹੇ ਹਨ ਅਤੇ ਦੋਵਾਂ ਧਿਰਾਂ ਵੱਲੋਂ ਤਜਵੀਜ਼ਤ ਵਪਾਰ ਸਮਝੌਤੇ ਦੀ ਮਜ਼ਬੂਤੀ ਲਈ ਚਰਚਾ ਕਰਨ ਦੀ ਸੰਭਾਵਨਾ ਹੈ ਜਿਸਦਾ ਉਦੇਸ਼ ਟੈਰਿਫ, ਮਾਰਕੀਟ ਪਹੁੰਚ ਅਤੇ ਸਪਲਾਈ ਚੇਨ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਇਹ ਉਪ ਰਾਸ਼ਟਰਪਤੀ ਵਾਂਸ ਦੀ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ। ਇਸ ਯਾਤਰਾ ਦੌਰਾਨ ਉਹ 21 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।’’ ਬਿਆਨ ਮੁਤਾਬਕ, ‘‘ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਵਫ਼ਦ ਦੇ ਦਿੱਲੀ ਵਿੱਚ ਹੋਰ ਰੁਝੇਵੇਂ ਹੋਣਗੇ ਅਤੇ 24 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਲਈ ਰਵਾਨਾ ਹੋਣ ਤੋਂ ਪਹਿਲਾਂ ਜੈਪੁਰ ਅਤੇ ਆਗਰਾ ਦਾ ਦੌਰਾ ਕਰਨ ਦਾ ਵੀ ਪ੍ਰੋਗਰਾਮ ਹੈ।’’ ਅਮਰੀਕੀ ਉਪ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਪਤਨੀ ਊਸ਼ਾ, ਉਨ੍ਹਾਂ ਦੇ ਤਿੰਨ ਬੱਚੇ - ਇਵਾਨ, ਵਿਵੇਕ ਅਤੇ ਮੀਰਾਬੇਲ ਅਤੇ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਮੈਂਬਰ ਵੀ ਆਉਣਗੇ।
ਅਮਰੀਕੀ ਉਪ ਰਾਸ਼ਟਰਪਤੀ ਟਰੰਪ ਦੀ ਟੈਰਿਫ ਨੀਤੀ ਦੇ ਪਿਛੋਕੜ ਵਿੱਚ ਭਾਰਤ ਦਾ ਦੌਰਾ ਕਰ ਰਹੇ ਹਨ। ਇਸ ਨੀਤੀ ਕਾਰਨ ਵੱਡੇ ਪੱਧਰ 'ਤੇ ਕਾਰੋਬਾਰੀ ਵਿਘਨ ਅਤੇ ਵਿਸ਼ਵਵਿਆਪੀ ਆਰਥਿਕ ਮੰਦੀ ਦਾ ਡਰ ਬਣਿਆ ਹੋਇਆ ਹੈ। ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਵਾਂਸ ਅਤੇ ਉਸਦੇ ਪਰਿਵਾਰ ਦੇ ਪਹੁੰਚਣ ਤੋਂ ਤੁਰੰਤ ਬਾਅਦ ਲਾਲ ਕਿਲ੍ਹੇ ਦਾ ਦੌਰਾ ਕਰਨ ਦੀ ਉਮੀਦ ਹੈ। -ਪੀਟੀਆਈ