ਗਾਜ਼ਾ ’ਚ ਜੰਗਬੰਦੀ ਬਾਰੇ ਮਤਾ ਅਮਰੀਕਾ ਵੱਲੋਂ ਸਲਾਮਤੀ ਕੌਂਸਲ ਵਿੱਚ ਵੀਟੋ
ਸੰਯੁਕਤ ਰਾਸ਼ਟਰ, 9 ਦਸੰਬਰ
ਅਮਰੀਕਾ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਇਜ਼ਰਾਈਲ-ਹਮਾਸ ਜੰਗਬੰਦੀ ਸਬੰਧੀ ਇਕ ਮਤੇ ਦੇ ਖਰੜੇ ਨੂੰ ਵੀਟੋ ਕਰ ਦਿੱਤਾ ਹੈ ਜਿਸ ’ਚ ਗਾਜ਼ਾ ’ਚ ਫੌਰੀ ਜੰਗਬੰਦੀ ਅਤੇ ਹਮਾਸ ਵੱਲੋਂ ਬੰਧਕ ਬਣਾਏ ਗਏ ਸਾਰੇ ਇਜ਼ਰਾਇਲੀਆਂ ਦੀ ਫੌਰੀ ਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਸਲਾਮਤੀ ਕੌਂਸਲ ਨੇ ਸੰਯੁਕਤ ਅਰਬ ਅਮੀਰਾਤ ਵੱਲੋਂ ਪੇਸ਼ ਕੀਤੇ ਗਏ ਮਤੇ ’ਤੇ ਸ਼ੁੱਕਰਵਾਰ ਵੋਟਿੰਗ ਕੀਤੀ ਅਤੇ 90 ਤੋਂ ਵੱਧ ਮੈਂਬਰ ਮੁਲਕਾਂ ਨੇ ਇਸ ਦੀ ਹਮਾਇਤ ਕੀਤੀ ਸੀ। ਮਤੇ ਦੇ ਪੱਖ ’ਚ ਕੌਂਸਲ ਦੇ 13 ਮੈਂਬਰਾਂ ਦੇ ਵੋਟ ਪਏ ਜਦਕਿ ਬ੍ਰਿਟੇਨ ਵੋਟਿੰਗ ਤੋਂ ਦੂਰ ਰਿਹਾ। ਮਤੇ ’ਤੇ ਵੋਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਜੰਗਬੰਦੀ ਲਈ ਸੁਰੱਖਿਆ ਕੌਂਸਲ ਨੂੰ ਅਪੀਲ ਕਰਨ ਵਾਸਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 99 ਦੀ ਵਰਤੋਂ ਕੀਤੀ ਹੈ। ਵੋਟਿੰਗ ਤੋਂ ਪਹਿਲਾਂ ਗੁਟੇਰੇਜ਼ ਨੇ ਕੌਂਸਲ ਨੂੰ ਫੌਰੀ ਜੰਗਬੰਦੀ, ਆਮ ਲੋਕਾਂ ਦੀ ਸੁਰੱਖਿਆ ਅਤੇ ਰਾਹਤ ਸਮੱਗਰੀ ਦੀ ਸਪਲਾਈ ਲਈ ਕੋਈ ਕਸਰ ਨਾ ਛੱਡਣ ਦੀ ਅਪੀਲ ਕੀਤੀ। ਵੀਟੋ ਬਾਰੇ ਦੱਸਦਿਆਂ ਅਮਰੀਕਾ ਦੇ ਸਫ਼ੀਰ ਰੌਬਰਟ ਵੁੱਡ ਨੇ ਇਜ਼ਰਾਈਲ ’ਤੇ ਹਮਾਸ ਦੇ ਹਮਲਿਆਂ ਦੀ ਨਿੰਦਾ ਕਰਨ ਜਾਂ ਇਜ਼ਰਾਈਲ ਦੇ ਆਪਣੀ ਰੱਖਿਆ ਕਰਨ ਦੇ ਹੱਕ ਨੂੰ ਸਵੀਕਾਰ ਕਰਨ ’ਚ ਨਾਕਾਮੀ ਲਈ ਸਲਾਮਤੀ ਕੌਂਸਲ ਦੀ ਨਿਖੇਧੀ ਕੀਤੀ। ਵੁੱਡ ਨੇ ਕਿਹਾ ਕਿ ਮਤੇ ’ਚ ਇਜ਼ਰਾਈਲ ’ਤੇ ਹਮਾਸ ਦੇ ਖ਼ਤਰਨਾਕ ਹਮਲੇ ਦੀ ਨਿੰਦਾ ਕਰਨ ਸਬੰਧੀ ਕੋਈ ਭਾਸ਼ਾ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਫਿਰ ਅਮਰੀਕਾ ਨੇ ਨੇਕ ਨੀਅਤ ਨਾਲ ਮਤੇ ਦੇ ਖਰੜੇ ’ਚ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਫ਼ੌਜੀ ਕਾਰਵਾਈ ਰੋਕਣ ਨਾਲ ਹਮਾਸ ਨੂੰ ਗਾਜ਼ਾ ’ਤੇ ਰਾਜ ਕਰਨ ਅਤੇ ‘ਅਗਲੀ ਜੰਗ ਦੇ ਬੀਜ ਬੀਜਣ’ ’ਚ ਸਹਾਇਤਾ ਮਿਲੇਗੀ। ਵੁੱਡ ਮੁਤਾਬਕ ਅਮਰੀਕਾ ਨੇ ਮਸਲੇ ਦੇ ਉਸਾਰੂ ਹੱਲ, ਮਾਨਵੀ ਸਹਾਇਤਾ ਗਾਜ਼ਾ ’ਚ ਦਾਖ਼ਲ ਹੋਣ ਦੇ ਮੌਕੇ ਵਧਾਉਣ, ਬੰਧਕਾਂ ਦੀ ਰਿਹਾਈ ਅਤੇ ਸਥਾਈ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੀ ਤਜਵੀਜ਼ ਪੇਸ਼ ਕੀਤੀ ਸੀ ਜਿਸ ਨੂੰ ਅਣਗੌਲਿਆ ਕਰ ਦਿੱਤਾ ਗਿਆ। ਯੂਏਈ ਦੇ ਸਫ਼ੀਰ ਅਤੇ ਉਪ ਸਥਾਈ ਨੁਮਾਇੰਦੇ ਮੁਹੰਮਦ ਅਬੂਸ਼ਾਹਾਬ ਨੇ ਮਤੇ ’ਤੇ ਵੀਟੋ ਹੋਣ ਉਪਰ ਨਿਰਾਸ਼ਾ ਜਤਾਈ ਹੈ। ਬ੍ਰਿਟੇਨ ਦੀ ਸਥਾਈ ਨੁਮਾਇੰਦਾ ਬਾਰਬਰਾ ਵੁੱਡਵਰਡ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਉਸ ਮਤੇ ’ਤੇ ਵੋਟਿੰਗ ਦੇ ਪੱਖ ’ਚ ਨਹੀਂ ਹੈ ਜਿਸ ’ਚ ਹਮਾਸ ਵੱਲੋਂ ਬੇਕਸੂਰ ਇਜ਼ਰਾਇਲੀਆਂ ਖ਼ਿਲਾਫ਼ 7 ਅਕਤੂਬਰ ਨੂੰ ਢਾਹੇ ਗਏ ਤਸ਼ੱਦਦ ਦੀ ਨਿਖੇਧੀ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੂੰ ਕੌਮਾਂਤਰੀ ਮਾਨਵੀ ਕਾਨੂੰਨਾਂ ਦਾ ਪਾਲਣ ਕਰਦਿਆਂ ਹਮਾਸ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਗੁਟੇਰੇਜ਼ ਨੇ ਕਿਹਾ ਕਿ ਇਜ਼ਰਾਈਲ-ਹਮਾਸ ਜੰਗ ਖ਼ਿੱਤੇ ਲਈ ਖ਼ਤਰਨਾਕ ਹੈ ਅਤੇ ਇਹ ਲਬਿਨਾਨ, ਸੀਰੀਆ, ਇਰਾਕ ਅਤੇ ਯਮਨ ਤੱਕ ਫੈਲਦੀ ਦਿਖ ਰਹੀ ਹੈ। ਇਜ਼ਰਾਈਲ ਦੇ ਸਫ਼ੀਰ ਗਿਲਾਡ ਅਰਡਨ ਨੇ ਵੀਟੋ ਲਈ ਅਮਰੀਕਾ ਦਾ ਧੰਨਵਾਦ ਕੀਤਾ ਪਰ ਹਿਊਮਨ ਰਾਈਟਸ ਵਾਚ, ਔਕਸਫੈਮ ਅਤੇ ਐਮਨੈਸਟੀ ਇੰਟਰਨੈਸ਼ਨਲ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਫਲਸਤੀਨੀ ਪ੍ਰਧਾਨ ਮੰਤਰੀ ਮੁਹੰਮਦ ਸ਼ਤਾਯੇਹ ਅਤੇ ਸੰਯੁਕਤ ਰਾਸ਼ਟਰ ’ਚ ਫਲਸਤੀਨ ਦੇ ਸਫ਼ੀਰ ਰਿਆਦ ਮਨਸੂਰ ਨੇ ਵੀਟੋ ਲਈ ਅਮਰੀਕਾ ਦੀ ਨਿੰਦਾ ਕੀਤੀ। ਹਮਾਸ ਨੇ ਕਿਹਾ ਕਿ ਇਹ ਅਨੈਤਿਕ ਅਤੇ ਗ਼ੈਰਮਾਨਵੀ ਵਰਤਾਰਾ ਹੈ। -ਪੀਟੀਆਈ
ਇਜ਼ਰਾਇਲੀ ਫ਼ੌਜ ਵੱਲੋਂ ਗਾਜ਼ਾ ’ਤੇ ਬੰਬਾਰੀ ਜਾਰੀ
ਰਾਫ਼ਾਹ: ਇਜ਼ਰਾਇਲੀ ਲੜਾਕੂ ਜੈੱਟਾਂ ਨੇ ਸ਼ੁੱਕਰਵਾਰ ਅੱਧੀ ਰਾਤ ਤੋਂ ਬਾਅਦ ਗਾਜ਼ਾ ਪੱਟੀ ਦੇ ਕਈ ਹਿੱਸਿਆਂ ’ਚ ਜ਼ੋਰਦਾਰ ਬੰਬਾਰੀ ਕੀਤੀ। ਇਨ੍ਹਾਂ ’ਚ ਅਜਿਹੇ ਕੁਝ ਇਲਾਕੇ ਵੀ ਸ਼ਾਮਲ ਸਨ ਜਿਥੋਂ ਫਲਸਤੀਨੀਆਂ ਨੂੰ ਜਾਣ ਲਈ ਆਖ ਦਿੱਤਾ ਗਿਆ ਹੈ। ਗਾਜ਼ਾ ਦੇ ਲੋਕਾਂ ਮੁਤਾਬਕ ਇਜ਼ਰਾਈਲ ਨੇ ਰਾਫ਼ਾਹ ਸਮੇਤ ਦੱਖਣ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਨੁਸਰਤ ਸ਼ਰਨਾਰਥੀ ਕੈਂਪ ’ਤੇ ਵੀ ਹਵਾਈ ਹਮਲਾ ਹੋਇਆ ਹੈ। ਇਜ਼ਰਾਈਲ ਨੇ ਦੱਖਣ ’ਚ ਬੰਜਰ ਇਲਾਕੇ ਮੁਵਾਸੀ ਨੂੰ ਸੁਰੱਖਿਅਤ ਜ਼ੋਨ ਬਣਾਇਆ ਹੈ। ਫਲਸਤੀਨੀਆਂ ਨੇ ਕਿਹਾ ਕਿ ਇਸ ਇਲਾਕੇ ’ਚ ਸਹੂਲਤਾਂ ਦੀ ਘਾਟ ਹੈ ਅਤੇ ਉਥੇ ਰਹਿਣਾ ਬਹੁਤ ਹੀ ਮੁਸ਼ਕਲ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਦੀਰ ਅਲ-ਬਾਲਾਹ ਦੇ ਮੁੱਖ ਹਸਪਤਾਲ ’ਚ 71 ਲਾਸ਼ਾਂ ਪਹੁੰਚੀਆਂ ਹਨ ਜੋ ਪਿਛਲੇ 24 ਘੰਟਿਆਂ ਦੌਰਾਨ ਹੋਈ ਬੰਬਾਰੀ ਕਾਰਨ ਮਾਰੇ ਗਏ। ਹਸਪਤਾਲ ’ਚ 160 ਜ਼ਖ਼ਮੀ ਵੀ ਦਾਖ਼ਲ ਹੋਏ ਹਨ। ਮੰਤਰਾਲੇ ਨੇ ਕਿਹਾ ਕਿ ਖ਼ਾਨ ਯੂਨਿਸ ਦੇ ਨਾਸਿਰ ਹਸਪਤਾਲ ’ਚ 62 ਲਾਸ਼ਾਂ ਆਈਆਂ। ਇਜ਼ਰਾਈਲ ਉੱਤਰੀ ਗਾਜ਼ਾ ’ਚ ਆਪਣਾ ਕਬਜ਼ਾ ਬਣਾਈ ਰਖਣ ਦੀਆਂ ਕੋਸ਼ਿਸ਼ਾਂ ’ਚ ਹੈ ਜਿਥੇ ਹਮਾਸ ਨਾਲ ਗਹਿਗੱਚ ਜੰਗ ਜਾਰੀ ਹੈ। ਇਲਾਕਾ ਖਾਲੀ ਕਰਨ ਦੇ ਹੁਕਮਾਂ ਦੇ ਬਾਵਜੂਦ ਉਥੇ ਲੱਖਾਂ ਲੋਕ ਅਜੇ ਵੀ ਰੁਕੇ ਹੋਏ ਹਨ। ਇਕ ਹਫ਼ਤੇ ਦੀ ਜੰਗਬੰਦੀ ਖ਼ਤਮ ਹੋਣ ਮਗਰੋਂ ਪਹਿਲੀ ਦਸੰਬਰ ਤੋਂ ਲੈ ਕੇ ਹੁਣ ਤੱਕ 2200 ਤੋਂ ਜ਼ਿਆਦਾ ਫਲਸਤੀਨੀ ਮਾਰੇ ਜਾ ਚੁੱਕੇ ਹਨ। -ਏਪੀ