For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਵਿੱਚ ਜੰਗਬੰਦੀ ਬਾਰੇ ਯੂਐੱਨ ’ਚ ਅਮਰੀਕਾ ਦਾ ਵੀਟੋ

07:30 AM Oct 19, 2023 IST
ਗਾਜ਼ਾ ਵਿੱਚ ਜੰਗਬੰਦੀ ਬਾਰੇ ਯੂਐੱਨ ’ਚ ਅਮਰੀਕਾ ਦਾ ਵੀਟੋ
ਅਮਰੀਕੀ ਸਦਰ ਜੋਅ ਬਾਇਡਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਸੰਯੁਕਤ ਰਾਸ਼ਟਰ/ਤਲ ਅਵੀਵ, 18 ਅਕਤੂੁਬਰ
ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਬ੍ਰਾਜ਼ੀਲ ਵੱਲੋਂ ਗਾਜ਼ਾ ’ਚ ਮਾਨਵੀ ਸਹਾਇਤਾ ਲਈ ਲਾਂਘਾ ਦੇਣ ਅਤੇ ਜੰਗਬੰਦੀ ਸਬੰਧੀ ਰੱਖੇ ਗਏ ਮਤੇ ਨੂੰ ਅਮਰੀਕਾ ਨੇ ਵੀਟੋ ਕਰ ਦਿੱਤਾ। ਉਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਅਪੀਲ ’ਤੇ ਇਜ਼ਰਾਈਲ ਨੇ ਮਿਸਰ ਨੂੰ ਸੀਮਤ ਮਾਨਵੀ ਸਹਾਇਤ ਗਾਜ਼ਾ ਭੇਜਣ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਹੈ। ਉਂਜ ਬਾਇਡਨ ਨੇ ਤਲ ਅਵੀਵ ਪਹੁੰਚ ਕੇ ਕਿਹਾ ਕਿ ਹਸਪਤਾਲ ’ਤੇ ਹੋਏ ਹਮਲੇ ਲਈ ਇਜ਼ਰਾਈਲ ਜ਼ਿੰਮੇਵਾਰ ਨਹੀਂ ਹੈ। ਬਾਇਡਨ ਨੇ ਦੋ ਮੁਲਕ ਬਣਾਉਣ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਗਾਜ਼ਾ ਅਤੇ ਪੱਛਮੀ ਕੰਢੇ ਨੂੰ 10 ਕਰੋੜ ਡਾਲਰ ਦੀ ਮਾਨਵੀ ਸਹਾਇਤਾ ਦਾ ਐਲਾਨ ਕੀਤਾ ਹੈ। ਪੰਦਰਾਂ ਮੈਂਬਰੀ ਸਲਾਮਤੀ ਪਰਿਸ਼ਦ ਨੇ ਮਤੇ ’ਤੇ ਵੋਟਿੰਗ ਕਰਵਾਈ ਸੀ ਜਿਸ ’ਚ 12 ਮੁਲਕਾਂ ਨੇ ਮਤੇ ਦੇ ਪੱਖ ’ਚ ਵੋਟ ਦਿੱਤੀ ਜਦਕਿ ਰੂਸ ਅਤੇ ਬ੍ਰਿਟੇਨ ਇਸ ਤੋਂ ਦੂਰ ਰਹੇ। ਸਲਾਮਤੀ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ’ਚੋਂ ਇਕ ਅਮਰੀਕਾ ਨੇ ਮਤੇ ਖ਼ਿਲਾਫ਼ ਵੋਟ ਪਾਇਆ ਜਿਸ ਕਾਰਨ ਇਸ ਨੂੰ ਅਪਣਾਇਆ ਨਾ ਜਾ ਸਕਿਆ। ਕੋਈ ਵੀ ਮਤਾ ਪਾਸ ਕਰਾਉਣ ਲਈ 9 ਵੋਟਾਂ ਦੀ ਲੋੜ ਹੁੰਦੀ ਹੈ ਪਰ ਕਿਸੇ ਸਥਾਈ ਮੈਂਬਰ ਵੱਲੋਂ ਉਸ ਨੂੰ ਵੀਟੋ ਨਹੀਂ ਕੀਤਾ ਜਾਣਾ ਚਾਹੀਦਾ ਹੈ।

Advertisement

ਹਮਾਸ ਦੇ ਹਮਲੇ ਦੀ ਪੀੜਤ ਨੂੰ ਦਿਲਾਸਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ। -ਫੋਟੋ: ਰਾਇਟਰਜ਼

ਇਸ ਦੌਰਾਨ ਇਜ਼ਰਾਈਲ ਨੇ ਕਿਹਾ ਕਿ ਉਹ ਮਿਸਰ ਨੂੰ ਗਾਜ਼ਾ ਪੱਟੀ ’ਚ ਸੀਮਤ ਮਾਨਵੀ ਸਹਾਇਤਾ ਦੀ ਇਜਾਜ਼ਤ ਦੇਵੇਗਾ। ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਬੇਨਤੀ ’ਤੇ ਇਸ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਜਦੋਂ ਤੱਕ ਹਮਾਸ ਕੋਲ ਜ਼ਰੂਰੀ ਵਸਤਾਂ ਦੀ ਸਪਲਾਈ ਨਹੀਂ ਪਹੁੰਚੇਗੀ, ਇਜ਼ਰਾਈਲ ਭੋਜਨ, ਪਾਣੀ ਅਤੇ ਦਵਾਈਆਂ ਦੀ ਸਪਲਾਈ ਨੂੰ ਨਹੀਂ ਰੋਕੇਗਾ। ਬਿਆਨ ’ਚ ਈਂਧਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਗਾਜ਼ਾ ਦੇ ਲੋਕਾਂ ਨੂੰ ਸਹਾਇਤਾ ਕਦੋਂ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਹਮਾਸ ਨਾਲ ਚੱਲ ਰਹੀ ਜੰਗ ਦਰਮਿਆਨ ਇਜ਼ਰਾਇਲੀਆਂ ਨਾਲ ਇਕਜੁੱਟਤਾ ਪ੍ਰਗਟਾਉਣ ਆਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਗਾਜ਼ਾ ਪੱਟੀ ਦੇ ਹਸਪਤਾਲ ’ਚ ਹੋਏ ਹਮਲੇ ਲਈ ਯਹੂਦੀ ਮੁਲਕ ਦੀ ਫ਼ੌਜ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਥੇ ਕਿਸੇ ਹੋਰ ਵੱਲੋਂ ਬੰਬਾਰੀ ਕੀਤੀ ਗਈ ਹੈ। ਇਥੇ ਉਚੇਚੇ ਤੌਰ ’ਤੇ ਪੁੱਜੇ ਬਾਇਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਅਤੇ ਜੰਗ ਲਈ ਬਣਾਈ ਵਿਸ਼ੇਸ਼ ਕੈਬਨਿਟ ਨਾਲ ਮੀਟਿੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲ ’ਚ ਬਹੁਤ ਸਾਰੇ ਲੋਕ ਸਨ ਅਤੇ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਉਥੇ ਧਮਾਕਾ ਕਿਵੇਂ ਹੋਇਆ। ਹਸਪਤਾਲ ’ਤੇ ਹਮਲੇ ਦੇ ਵਿਰੋਧ ’ਚ ਪੂਰੇ ਮੱਧ-ਪੂਰਬ ’ਚ ਤਿੱਖੇ ਰੋਸ ਪ੍ਰਦਰਸ਼ਨ ਹੋਏ ਹਨ। ਉਧਰ ਨੇਤਨਯਾਹੂ ਨੇ ਕਿਹਾ,‘‘ਸਾਰੀ ਦੁਨੀਆ ਦਾ ਗੁੱਸਾ ਜਾਇਜ਼ ਹੈ ਪਰ ਇਹ ਇਜ਼ਰਾਈਲ ’ਤੇ ਨਹੀਂ ਸਗੋਂ ਅਤਿਵਾਦੀਆਂ ’ਤੇ ਝਾੜਨਾ ਚਾਹੀਦਾ ਹੈ।’’ ਨੇਤਨਯਾਹੂ ਨੇ ਇਜ਼ਰਾਇਲੀ ਫ਼ੌਜ ਵੱਲੋਂ ਹਸਪਤਾਲ ’ਤੇ ਹਮਲੇ ਤੋਂ ਸਪੱਸ਼ਟ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਮੁਤਾਬਕ ਹਮਾਸ ਵੱਲੋਂ ਦਾਗ਼ੀ ਗਈ ਮਿਜ਼ਾਈਲ ਹੀ ਮਿਸਫਾਇਰ ਹੋ ਗਈ ਅਤੇ ਉਹ ਹਸਪਤਾਲ ’ਤੇ ਜਾ ਡਿੱਗੀ। ਇਜ਼ਰਾਈਲ ਡਿਫੈਂਸ ਫੋਰਸ ਨੇ ਵੀ ਕਿਹਾ ਕਿ ਹਸਪਤਾਲ ’ਚ ਧਮਾਕੇ ਮਗਰੋਂ ਕੋਈ ਖੱਡਾ ਨਹੀਂ ਬਣਿਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਜ਼ਰਾਈਲ ਨੇ ਹਮਲਾ ਨਹੀਂ ਕੀਤਾ ਸੀ। ਬਾਇਡਨ ਨੇ ਅਰਬ ਆਗੂਆਂ ਨਾਲ ਮੁਲਾਕਾਤ ਲਈ ਜਾਰਡਨ ਵੀ ਜਾਣਾ ਸੀ ਪਰ ਹਸਪਤਾਲ ’ਚ ਧਮਾਕੇ ਮਗਰੋਂ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸੀ ਨੇ ਰੋਸ ਵਜੋਂ ਮੀਟਿੰਗ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਇਹ ਮੀਟਿੰਗ ਰੱਦ ਕਰ ਦਿੱਤੀ ਗਈ। ਬਾਇਡਨ ਨੇ ਨੇਤਨਯਾਹੂ ਨੂੰ ਕਿਹਾ, ‘‘ਮੈਂ ਹਸਪਤਾਲ ’ਚ ਹੋਏ ਧਮਾਕੇ ਤੋਂ ਉਦਾਸ ਹਾਂ। ਹਮਾਸ ਸਾਰੇ ਫਲਸਤੀਨੀ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦਾ ਹੈ। ਉਸ ਨਾਲ ਲੋਕਾਂ ਦੀਆਂ ਸਿਰਫ਼ ਮੁਸ਼ਕਲਾਂ ਹੀ ਵਧੀਆਂ ਹਨ। ਬੇਕਸੂਰ ਫਲਸਤੀਨੀਆਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।’’ ਉਂਜ ਉਨ੍ਹਾਂ ਕਿਹਾ ਕਿ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਇਲੀਆਂ ਦਾ ਕਤਲੇਆਮ ਕੀਤਾ ਸੀ ਜਿਸ ’ਚ 1400 ਲੋਕ ਮਾਰੇ ਗਏ ਸਨ। ਮੀਟਿੰਗ ਦੌਰਾਨ ਬਾਇਡਨ ਨੇ ਕਿਹਾ ਕਿ ਅਮਰੀਕੀ ਵੀ ਚਿੰਤਿਤ ਹਨ ਅਤੇ ਇਜ਼ਰਾਇਲੀ ਇਕੱਲੇ ਨਹੀਂ ਹਨ। ‘ਤੁਸੀਂ ਆਪਣੇ ਲੋਕਾਂ ਦੀ ਰਾਖੀ ਕਰ ਰਹੇ ਹੋ ਤਾਂ ਇਜ਼ਰਾਈਲ ਨੂੰ ਅਮਰੀਕਾ ਦੀ ਪੂਰੀ ਹਮਾਇਤ ਮਿਲੇਗੀ। ਅਸੀਂ ਬੇਕਸੂਰ ਲੋਕਾਂ ਨਾਲ ਤ੍ਰਾਸਦੀ ਵਾਪਰਨ ਤੋਂ ਰੋਕਣ ਲਈ ਖ਼ਿੱਤੇ ’ਚ ਤੁਹਾਡੇ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰਖਾਂਗੇ।’ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਹਮਾਸ ਨੂੰ ਹਰਾਉਣ ਲਈ ਇਜ਼ਰਾਈਲ ਇਕਜੁੱਟ ਹੈ। ਇਸ ਤੋਂ ਪਹਿਲਾਂ ਇਥੇ ਬੇਨ ਗੁਰਿਓਨ ਕੌਮਾਂਤਰੀ ਹਵਾਈ ਅੱਡੇ ’ਤੇ ਨੇਤਨਯਾਹੂ ਨੇ ਬਾਇਡਨ ਦਾ ਸਵਾਗਤ ਕੀਤਾ ਅਤੇ ਦੋਵਾਂ ਨੇ ਗਲਵਕੜੀ ਵੀ ਪਾਈ। ਉਧਰ ਗਾਜ਼ਾ ਦੇ ਅਲ-ਆਹਲੀ ਹਸਪਤਾਲ ’ਚ ਧਮਾਕੇ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਖ਼ਿੱਤੇ ’ਚ ਕਈ ਥਾਵਾਂ ’ਤੇ ਪ੍ਰਦਰਸ਼ਨ ਹੋਏ ਹਨ। ਰਾਮੱਲਾ ਸਮੇਤ ਪੱਛਮੀ ਕੰਢੇ ਦੇ ਵੱਡੇ ਸ਼ਹਿਰਾਂ ’ਚ ਸੈਂਕੜੇ ਫਲਸਤੀਨੀ ਸੜਕਾਂ ’ਤੇ ਨਿਕਲ ਆਏ। ਬੈਰੂਤ, ਲਬਿਨਾਨ, ਅਮਾਨ, ਜਾਰਡਨ ਅਤੇ ਹੋਰ ਕਈ ਥਾਵਾਂ ’ਤੇ ਲੋਕ ਇਜ਼ਰਾਇਲੀ ਸਫ਼ਾਰਤਖਾਨੇ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਨਿਖੇਧੀ ਕੀਤੀ। ਜਾਰਡਨ ਦੇ ਵਿਦੇਸ਼ ਮੰਤਰੀ ਅਯਮਾਨ ਸਫਦੀ ਨੇ ਕਿਹਾ ਕਿ ਖ਼ਿੱਤੇ ਨੂੰ ਜੰਗ ’ਚ ਝੋਕਿਆ ਜਾ ਰਿਹਾ ਹੈ। ਜਾਰਡਨ ਨੇ ਹਸਪਤਾਲ ’ਚ ਹੋਈਆਂ ਮੌਤਾਂ ’ਤੇ ਮੁਲਕ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਬਾਇਡਨ ਦੇ ਅਮਰੀਕਾ ਪੁੱਜਣ ਮਗਰੋਂ ਉਨ੍ਹਾਂ ਵੱਲੋਂ ਅਰਬ ਆਗੂਆਂ ਨਾਲ ਫੋਨ ’ਤੇ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ’ਚ ਫਲਸਤੀਨੀ ਸਫ਼ੀਰ ਰਿਆਦ ਮਨਸੂਰ ਨੇ ਕਿਹਾ ਕਿ ਬਾਇਡਨ ਇਜ਼ਰਾਈਲ ਨੂੰ ਸਪੱਸ਼ਟ ਤੌਰ ’ਤੇ ਆਖਣ ਕਿ ਗਾਜ਼ਾ ਪੱਟੀ ’ਚ ਫਲਸਤੀਨੀ ਲੋਕਾਂ ਖ਼ਿਲਾਫ਼ ਖ਼ੂਨ-ਖ਼ਰਾਬਾ ਰੋਕਿਆ ਜਾਵੇ। -ਏਪੀ

Advertisement

ਫਰਸ਼ ’ਤੇ ਡਾਕਟਰਾਂ ਨੂੰ ਕਰਨੀ ਪੈ ਰਹੀ ਹੈ ਸਰਜਰੀ

ਖਾਨ ਯੂਨਿਸ: ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਅਲ-ਆਹਲੀ ਹਸਪਤਾਲ ਦੇ ਡਾਕਟਰਾਂ ਨੂੰ ਫਰਸ਼ ’ਤੇ ਹੀ ਅਪਰੇਸ਼ਨ ਕਰਨੇ ਪੈ ਰਹੇ ਹਨ ਤਾਂ ਜੋ ਧਮਾਕੇ ਮਗਰੋਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਲੋਕਾਂ ਦੀ ਜਾਨ ਬਚਾਈ ਜਾ ਸਕੇ। ਕਈ ਵਾਰ ਤਾਂ ਉਨ੍ਹਾਂ ਨੂੰ ਅਨੈਸਥੀਸੀਆ ਤੋਂ ਬਿਨਾ ਹੀ ਸਰਜਰੀ ਕਰਨੀ ਪੈ ਰਹੀ ਹੈ। ਧਮਾਕੇ ਵਾਲੀ ਥਾਂ ’ਤੇ ਸੜੀਆਂ ਹੋਈਆਂ ਕਾਰਾਂ ਅਤੇ ਕਾਲਾ ਮਲਬਾ ਹੀ ਨਜ਼ਰ ਆ ਰਿਹਾ ਸੀ। ਹਸਪਤਾਲ ਦੇ ਡਾਇਰੈਕਟਰ ਸੁਹੇਲਾ ਤਰਾਜ਼ੀ ਨੇ ਕਿਹਾ ਕਿ ਉਨ੍ਹਾਂ ਦਾ ਹਸਪਤਾਲ ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਅਸਥਾਨ ਹੈ ਪਰ ਇਹ ਜੰਗ ਸਾਰਿਆਂ ਦੀ ਹਾਰ ਹੈ। ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ’ਚ ਹੁਣ ਤੱਕ 3200 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ 11 ਹਜ਼ਾਰ ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ 1200 ਹੋਰ ਲੋਕ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ। ਉਧਰ ਇਜ਼ਰਾਈਲ ’ਚ ਮੌਤਾਂ ਦੀ ਗਿਣਤੀ 1400 ਤੋਂ ਵੱਧ ਹੈ। ਗਾਜ਼ਾ ’ਚ ਇਜ਼ਰਾਈਲ ਵੱਲੋਂ ਬੁੱਧਵਾਰ ਨੂੰ ਵੀ ਹਮਲੇ ਕੀਤੇ ਗਏ। ਇਜ਼ਰਾਈਲ ਨੇ ਦੱਖਣੀ ਗਾਜ਼ਾ ਦੇ ਸ਼ਹਿਰਾਂ ’ਤੇ ਵੀ ਬੰਬ ਸੁੱਟੇ ਹਨ ਜਿਸ ਨੂੰ ਉਹ ਫਲਸਤੀਨੀਆਂ ਲਈ ਸੁਰੱਖਿਅਤ ਜ਼ੋਨ ਆਖਦਾ ਆ ਰਿਹਾ ਹੈ। ਗਾਜ਼ਾ ਸਿਟੀ ਦੀ ਤਿੰਨ ਮੰਜ਼ਿਲਾ ਇਮਾਰਤ ’ਤੇ ਕੀਤੇ ਗਏ ਹਮਲੇ ’ਚ 40 ਵਿਅਕਤੀ ਮਾਰੇ ਅਤੇ 25 ਹੋਰ ਜ਼ਖ਼ਮੀ ਹੋ ਗਏ। ਇਜ਼ਰਾਇਲੀ ਫ਼ੌਜ ਨੇ ਮੁੜ ਫਲਸਤੀਨੀਆਂ ਨੂੰ ਕਿਹਾ ਹੈ ਕਿ ਉਹ ਗਾਜ਼ਾ ਸਿਟੀ ਤੋਂ ਦੱਖਣ ਵੱਲ ਚਲੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਹਾਇਤਾ ਦਿੱਤੀ ਗਈ ਤਾਂ ਇਹ ਦੱਖਣੀ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ਨੇੜੇ ਮਿਲੇਗੀ। -ਏਪੀ

ਦੋਸ਼ੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ: ਮੋਦੀ

ਨਵੀਂ ਦਿੱਲੀ: ਗਾਜ਼ਾ ਦੇ ਹਸਪਤਾਲ ’ਤੇ ਹੋਏ ਹਮਲੇ ਦੌਰਾਨ ਮੌਤਾਂ ’ਤੇ ਦੁੱਖ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੰਗ ਦੌਰਾਨ ਆਮ ਲੋਕਾਂ ਦੀ ਮੌਤ ਗੰਭੀਰ ਮਾਮਲਾ ਹੈ ਅਤੇ ਹਮਲੇ ਦੇ ਦੋਸ਼ੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਮੋਦੀ ਨੇ ‘ਐਕਸ’ ’ਤੇ ਕਿਹਾ,‘‘ਗਾਜ਼ਾ ’ਚ ਅਲ ਆਹਲੀ ਹਸਪਤਾਲ ’ਚ ਜਾਨਾਂ ਜਾਣ ਤੋਂ ਡੂੰਘਾ ਸਦਮਾ ਲੱਗਾ ਹੈ। ਪੀੜਤਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਅਤੇ ਜ਼ਖ਼ਮੀਆਂ ਦੇ ਤੇਜ਼ੀ ਨਾਲ ਸਿਹਤਯਾਬ ਹੋਣ ਲਈ ਪ੍ਰਾਰਥਨਾ ਕਰਦੇ ਹਾਂ।’’ -ਪੀਟੀਆਈ

ਇਰਾਨ ਦੀ ਰਾਜਧਾਨੀ ਤਹਿਰਾਨ ’ਚ ਬੁੱਧਵਾਰ ਨੂੰ ਇਜ਼ਰਾਈਲ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਲੋਕ। -ਫੋਟੋ: ਰਾਇਟਰਜ਼

ਇਰਾਕ ’ਚ ਅਮਰੀਕੀ ਰੱਖਿਆ ਬਲਾਂ ਦੇ ਟਿਕਾਣੇ ਵੱਲ ਦਾਗੇ ਗਏ ਡਰੋਨ

ਬੈਰੂਤ: ਅਮਰੀਕਾ ਦੇ ਇਕ ਰੱਖਿਆ ਅਧਿਕਾਰੀ ਨੇ ਅੱਜ ਕਿਹਾ ਕਿ ਇਰਾਕ ਵਿਚ ਅਮਰੀਕੀ ਰੱਖਿਆ ਬਲਾਂ ਦੇ ਇਕ ਟਿਕਾਣੇ ਵੱਲ ਦੋ ਡਰੋਨ ਦਾਗੇ ਗਏ ਹਨ। ਹਾਲਾਂਕਿ ਇਨ੍ਹਾਂ ਨੂੰ ਡੇਗ ਲਿਆ ਗਿਆ ਤੇ ਕੋਈ ਜ਼ਖ਼ਮੀ ਨਹੀਂ ਹੋਇਆ। ਕੁਝ ਘੰਟਿਆਂ ਬਾਅਦ ਇਰਾਕ ਵਿਚ ਮੌਜੂਦ ਇਰਾਨ ਦੀ ਹਮਾਇਤ ਪ੍ਰਾਪਤ ਇਕ ਸੰਗਠਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੂਜੇ ਬੇਸ ਵੱਲ ਇਕ ਹੋਰ ਡਰੋਨ ਦਾਗਿਆ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਲੱਗੀ ਜੰਗ ਦਾ ਦਾਇਰਾ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਚੁੱਕਾ ਹੈ ਜੋ ਕਿ ਵੱਡੇ ਖੇਤਰੀ ਟਕਰਾਅ ਵਿਚ ਬਦਲ ਸਕਦਾ ਹੈ। ਸੱਤ ਅਕਤੂਬਰ ਨੂੰ ਸ਼ੁਰੂ ਹੋਈ ਜੰਗ ਤੋਂ ਬਾਅਦ ਹਿਜ਼ਬੁੱਲ੍ਹਾ ਨੇ ਵੀ ਧਿਆਨ ਖਿੱਚਿਆ ਹੈ ਜੋ ਕਿ ਲਬਿਨਾਨ ਵਿਚ ਹਮਾਸ ਦਾ ਤਾਕਤਵਰ ਸਾਥੀ ਹੈ। ਇਸ ਵੱਲੋਂ ਇਜ਼ਰਾਈਲ ਦੀ ਸਰਹੱਦ ਉਤੇ ਸੀਮਤ ਹਮਲੇ ਕੀਤੇ ਗਏ ਹਨ। -ਏਪੀ

ਹਮਾਸ ਦੇ 10 ਮੈਂਬਰਾਂ ਖ਼ਿਲਾਫ਼ ਅਮਰੀਕਾ ਨੇ ਲਾਈ ਪਾਬੰਦੀ

ਵਾਸ਼ਿੰਗਟਨ: ਅਮਰੀਕਾ ਨੇ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਦੇ ਜਵਾਬ ’ਚ ਹਮਾਸ ਦੇ 10 ਮੈਂਬਰਾਂ ਅਤੇ ਫਲਸਤੀਨੀ ਅਤਿਵਾਦੀ ਜਥੇਬੰਦੀ ਦੇ ਗਾਜ਼ਾ, ਸੂਡਾਨ, ਤੁਰਕੀ, ਅਲਜੀਰੀਆ ਅਤੇ ਕਤਰ ’ਚ ਫੈਲੇ ਫਾਇਨਾਂਸ਼ੀਅਲ ਨੈੱਟਵਰਕ ਖ਼ਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ ਹੈ। ਖ਼ਜ਼ਾਨਾ ਮੰਤਰੀ ਜੈਨੇਟ ਯੈਲੇਨ ਨੇ ਕਿਹਾ ਕਿ ਅਮਰੀਕਾ ਹਮਾਸ ਦੇ ਵਿੱਤੀ ਸਾਧਨ ਮੁਹੱਈਆ ਕਰਾਉਣ ਵਾਲਿਆਂ ਖ਼ਿਲਾਫ਼ ਤੇਜ਼ੀ ਨਾਲ ਅਤੇ ਫ਼ੈਸਲਾਕੁਨ ਕਾਰਵਾਈ ਕਰ ਰਿਹਾ ਹੈ। ਇਕ ਹੋਰ ਅਮਰੀਕੀ ਅਧਿਕਾਰੀ ਬ੍ਰਾਇਨ ਨੈਲਸਨ ਨੇ ਕਿਹਾ ਕਿ ਉਹ ਹਮਾਸ ਦੀ ਫੰਡਿੰਗ ਰੋਕਣ ਲਈ ਸਾਰੇ ਇੱਛੁਕ ਮੁਲਕਾਂ ਨਾਲ ਗੱਲਬਾਤ ਕਰ ਰਹੇ ਹਨ। -ਏਪੀ

Advertisement
Author Image

sukhwinder singh

View all posts

Advertisement