ਅਮਰੀਕਾ ਦੀ ਰਿਪੋਰਟ ਪੱਖਪਾਤੀ: ਭਾਰਤ
ਨਵੀਂ ਦਿੱਲੀ, 28 ਜੂਨ
ਭਾਰਤ ਨੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਜਾਰੀ ਰਿਪੋਰਟ ’ਚ ਕੀਤੀ ਗਈ ਆਲੋਚਨਾ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਪੱਖਪਾਤੀ ਤੇ ਵੋਟ ਬੈਂਕ ਦੀ ਸੋਚ ਤੋਂ ਪ੍ਰੇਰਿਤ ਹੈ। ਭਾਰਤ ਨੇ ਇਸ ਰਿਪੋਰਟ ਵਿਚਲੇ ਦੋਸ਼ਾਂ ਤੇ ਤੱਥਾਂ ਨੂੰ ਚੋਣ ਦੇ ਆਧਾਰ ’ਤੇ ਵਰਤੇ ਜਾਣ ਦਾ ਦਾਅਵਾ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਰਿਪੋਰਟ ’ਚ ਭਾਰਤ ਖ਼ਿਲਾਫ਼ ਪਹਿਲਾਂ ਤੋਂ ਨਿਰਧਾਰਤ ਬਿਰਤਾਂਤ ਨੂੰ ਅੱਗੇ ਵਧਾਉਣ ਲਈ ਚੋਣਵੀਆਂ ਘਟਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇੱਥੋਂ ਤੱਕ ਕਿ ਇਹ ਰਿਪੋਰਟ ਭਾਰਤੀ ਅਦਾਲਤਾਂ ਵੱਲੋਂ ਸੁਣਾਏ ਗਏ ਕੁਝ ਕਾਨੂੰਨੀ ਫ਼ੈਸਲਿਆਂ ਦੀ ਅਖੰਡਤਾ ਨੂੰ ਵੀ ਚੁਣੌਤੀ ਦਿੰਦੀ ਦਿਖਾਈ ਦੇ ਰਹੀ ਹੈ। ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਵਿਦੇਸ਼ ਮੰਤਰਾਲੇ ਦੀ 2023 ਦੀ ਰਿਪੋਰਟ ’ਚ ਉੱਤਰ-ਪੂਰਬੀ ਸੂਬੇ ਮਨੀਪੁਰ ’ਚ ਹਿੰਸਾ ਦਾ ਹਵਾਲਾ ਦੇਣ ਤੋਂ ਇਲਾਵਾ ਭਾਰਤ ’ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਹੱਤਿਆਵਾਂ ਤੇ ਉਨ੍ਹਾਂ ’ਤੇ ਹਿੰਸਕ ਹਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਅਤੀਤ ਦੀ ਤਰ੍ਹਾਂ ਇਹ ਰਿਪੋਰਟ ਵੀ ਬਹੁਤ ਜ਼ਿਆਦਾ ਪੱਖਪਾਤੀ ਹੈ। ਇਸ ਵਿੱਚ ਭਾਰਤ ਦੇ ਸਮਾਜਿਕ ਤਾਣੇ-ਬਾਣੇ ਦੀ ਸਮਝ ਦੀ ਘਾਟ ਹੈ ਅਤੇ ਇਹ ਵੋਟ ਬੈਂਕ ਦੀ ਸੋਚ ਤੋਂ ਪ੍ਰੇਰਿਤ ਹੈ। ਇਸ ਲਈ ਅਸੀਂ ਇਸ ਨੂੰ ਖਾਰਜ ਕਰਦੇ ਹਾਂ।’ -ਪੀਟੀਆਈ