ਮਨੀਪੁਰ ਵਿੱਚ ਸ਼ਾਂਤੀ ਬਹਾਲੀ ਲਈ ਅਮਰੀਕਾ ਮਦਦ ਨੂੰ ਤਿਆਰ: ਗਾਰਸੇਟੀ
ਨਵੀਂ ਦਿੱਲੀ, 7 ਜੁਲਾਈ
ਅਮਰੀਕਾ ਦੇ ਭਾਰਤ ’ਚ ਸਫ਼ੀਰ ਐਰਿਕ ਗਾਰਸੇਟੀ ਨੇ ਮਨੀਪੁਰ ’ਚ ਹਿੰਸਾ ’ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਭਾਵੇਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਪਰ ਜੇਕਰ ਉਹ ਮਨੀਪੁਰ ’ਚ ਸ਼ਾਂਤੀ ਬਹਾਲੀ ਲਈ ਸਹਿਯੋਗ ਮੰਗੇਗਾ ਤਾਂ ਅਮਰੀਕਾ ਉਸ ਲਈ ਤਿਆਰ ਹੈ। ਗਾਰਸੇਟੀ ਨੇ ਕੋਲਕਾਤਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਜਦੋਂ ਹਿੰਸਾ ’ਚ ਬੱਚੇ ਜਾਂ ਵੱਡੇ ਮਰ ਰਹੇ ਹੋਣ ਤਾਂ ਤੁਹਾਨੂੰ ਫਿਕਰਮੰਦੀ ਜਤਾਉਣ ਲਈ ਭਾਰਤੀ ਹੋਣ ਦੀ ਲੋੜ ਨਹੀਂ ਹੈ। ਉੱਤਰ-ਪੂਰਬੀ ਸੂਬਿਆਂ ’ਚ ਬਹੁਤ ਤਰੱਕੀ ਹੋਈ ਹੈ। ਜੇਕਰ ਖ਼ਿੱਤੇ ’ਚ ਸ਼ਾਂਤੀ ਰਹੇਗੀ ਤਾਂ ਹੋਰ ਵਧੇਰੇ ਨਿਵੇਸ਼ ਲਿਆਂਦਾ ਜਾ ਸਕਦਾ ਹੈ।’’ ਜਦੋਂ ਗਾਰਸੇਟੀ ਦੇ ਬਿਆਨ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਅਕਸਰ ਵਿਦੇਸ਼ੀ ਡਿਪਲੋਮੈਟ ਟਿੱਪਣੀਆਂ ਨਹੀਂ ਕਰਦੇ ਹਨ ਪਰ ਉਹ ਬਿਆਨ ਦੇਖੇ ਬਿਨਾਂ ਕੋਈ ਵੀ ਟਿੱਪਣੀ ਨਹੀਂ ਕਰਨਗੇ। ਅਮਰੀਕੀ ਸਫ਼ੀਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਨਾਲ ਦੋਵੇਂ ਮੁਲਕਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਹੋਏ ਹਨ। -ਰਾਇਟਰਜ਼
ਝੜਪਾਂ ’ਚ ਪੁਲੀਸ ਕਮਾਂਡੋ ਸਮੇਤ ਚਾਰ ਹਲਾਕ
ਇੰਫਾਲ: ਬਿਸ਼ਨੂਪੁਰ ਜ਼ਿਲ੍ਹੇ ਦੇ ਕਾਂਗਵਾਈ ਇਲਾਕੇ ’ਚ ਦੋ ਗੁੱਟਾਂ ਵਿਚਕਾਰ ਝੜਪਾਂ ਮਗਰੋਂ ਮਨੀਪੁਰ ਪੁਲੀਸ ਦੇ ਇਕ ਕਮਾਂਡੋ ਅਤੇ ਇਕ ਨਾਬਾਲਗ ਸਮੇਤ ਚਾਰ ਵਿਅਕਤੀ ਮਾਰੇ ਗਏ। ਇਹ ਘਟਨਾ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਸੁਰੱਖਿਆ ਬਲਾਂ ਨੇ ਕਿਸੇ ਵੀ ਟਕਰਾਅ ਨੂੰ ਰੋਕਣ ਲਈ ਉਥੇ ਬਫ਼ਰ ਜ਼ੋਨ ਬਣਾਇਆ ਸੀ ਪਰ ਫਿਰ ਵੀ ਦੰਗੇ ਭੜਕ ਗਏ। ਬੀਤੀ ਰਾਤ ਭੀੜ ਨੇ ਪਹਾੜੀ ਤੋਂ ਉਤਰ ਕੇ ਵਾਦੀ ਦੇ ਕੁਝ ਪਿੰਡਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅੱਗਜ਼ਨੀ ਤੋਂ ਰੋਕ ਦਿੱਤਾ ਸੀ ਪਰ ਇੰਨੇ ਨੂੰ ਦੋਵੇਂ ਗੁੱਟਾਂ ਨੇ ਫਾਇਰਿੰਗ ਕਰ ਦਿੱਤੀ। ਇਸ ਘਟਨਾ ’ਚ ਤਿੰਨ ਵਿਅਕਤੀ ਮਾਰੇ ਗਏ। ਬਾਅਦ ’ਚ ਸ਼ੁੱਕਰਵਾਰ ਸ਼ਾਮ ਨੂੰ ਰੁਕ-ਰੁਕ ਕੇ ਹੋਈ ਗੋਲੀਬਾਰੀ ਦੌਰਾਨ ਪੁਲੀਸ ਕਮਾਂਡੋ ਜ਼ਖ਼ਮੀ ਹੋ ਗਿਆ ਅਤੇ ਉਸ ਨੇ ਹਸਪਤਾਲ ’ਚ ਦਮ ਤੋੜ ਦਿੱਤਾ। -ਪੀਟੀਆਈ
ਗਾਰਸੇਟੀ ਜਿਹੀ ਟਿੱਪਣੀ ਪਹਿਲਾਂ ਕਿਸੇ ਅਮਰੀਕੀ ਸਫ਼ੀਰ ਨੇ ਨਹੀਂ ਕੀਤੀ: ਤਿਵਾੜੀ
ਨਵੀਂ ਦਿੱਲੀ: ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਭਾਰਤ ’ਚ ਅਮਰੀਕੀ ਸਫ਼ੀਰ ਐਰਿਕ ਗਾਰਸੇਟੀ ਵੱਲੋਂ ਮਨੀਪੁਰ ਬਾਰੇ ਕੀਤੀ ਗਈ ਟਿੱਪਣੀ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਤੀਤ ’ਚ ਭਾਰਤ ਦੇ ਅੰਦਰੂਨੀ ਮਾਮਲਿਆਂ ’ਤੇ ਕਿਸੇ ਵੀ ਅਮਰੀਕੀ ਸਫ਼ੀਰ ਵੱਲੋਂ ਅਜਿਹੀ ਟਿੱਪਣੀ ਨਹੀਂ ਸੁਣੀ ਗਈ। ਲੋਕ ਸਭਾ ਮੈਂਬਰ ਨੇ ਟਵੀਟ ਕੀਤਾ,‘‘ਚਾਰ ਦਹਾਕੇ ਦੇ ਆਪਣੇ ਜਨਤਕ ਜੀਵਨ ਦੌਰਾਨ ਮੈਂ ਕਦੇ ਵੀ ਨਹੀਂ ਸੁਣਿਆ ਕਿ ਅਮਰੀਕਾ ਦੇ ਕਿਸੇ ਸਫ਼ੀਰ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਅਜਿਹਾ ਕੋਈ ਬਿਆਨ ਦਿੱਤਾ ਹੋਵੇ। ਅਸੀਂ ਪੰਜਾਬ, ਜੰਮੂ ਕਸ਼ਮੀਰ ਅਤੇ ਉੱਤਰ-ਪੂਰਬ ’ਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਅਕਲਮੰਦੀ ਨਾਲ ਸਫ਼ਲਤਾ ਹਾਸਲ ਕੀਤੀ।’’ ਉਨ੍ਹਾਂ ਕਿਹਾ ਕਿ 1990 ਦੇ ਦਹਾਕੇ ’ਚ ਜਦੋਂ ਰੌਬਿਨ ਰਾਫ਼ੇਲ ਨੇ ਜੰਮੂ ਕਸ਼ਮੀਰ ਬਾਰੇ ਬਿਆਨਬਾਜ਼ੀ ਕੀਤੀ ਸੀ ਤਾਂ ਕੁਝ ਵੀ ਕਹਿਣ ਤੋਂ ਪਹਿਲਾਂ ਭਾਰਤ ’ਚ ਅਮਰੀਕੀ ਸਫ਼ੀਰ ਚੌਕਸ ਰਹਿੰਦੇ ਸਨ। ਕਾਂਗਰਸ ਤਰਜਮਾਨ ਸ਼ਮਾ ਮੁਹੰਮਦ ਨੇ ਅਮਰੀਕੀ ਸਫ਼ੀਰ ਦੇ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ’ਤੇ ਤਨਜ਼ ਕਸਿਆ। -ਪੀਟੀਆਈ