US prez poll: ਅਮਰੀਕਾ ਰਾਸ਼ਟਰਪਤੀ ਚੋਣ: ਚੋਣ ਸਰਵੇਖਣਾਂ ’ਚ ਹੈਰਿਸ ਤੇ ਟਰੰਪ ਵਿਚਾਲੇ ਸਖ਼ਤ ਮੁਕਾਬਲਾ
ਵਾਸ਼ਿੰਗਟਨ, 5 ਨਵੰਬਰ
ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੱਡੀ ਗਿਣਤੀ ’ਚ ਵੋਟਰ ਵੋਟਿੰਗ ਕੇਂਦਰਾਂ ’ਚ ਪੁੱਜੇ। ਲੰਘੀ ਰਾਤ ਦੋਵਾਂ ਉਮੀਦਵਾਰਾਂ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਤੇ ਡੈਮੋਕਰੈਟਿਕ ਪਾਰਟੀ ਦੀ ਕਮਲਾ ਹੈਰਿਸ ਨੇ ਵੋਟਰਾਂ ਨੂੰ ਰਿਝਾਉਣ ਲਈ ਸੱਤ ‘ਸਵਿੰਗ’ ਰਾਜਾਂ ’ਚੋਂ ਸਭ ਤੋਂ ਵੱਡੇ ਇਲੈਕਟੋਰਲ ਕਾਲਜ ਵਾਲੇ ਪੈਨਸਿਲਵੇਨੀਆ ’ਚ ਕਾਫੀ ਸਮਾਂ ਬਿਤਾਇਆ। ਵੱਖ ਵੱਖ ਮੀਡੀਆ ਅਦਾਰਿਆਂ ਵੱਲੋਂ ਕਰਵਾਏ ਗਏ ਸਰਵੇਖਣਾਂ ’ਚ ਹੈਰਿਸ (60) ਤੇ ਟਰੰਪ (78) ਵਿਚਾਲੇ ਸਖਤ ਟੱਕਰ ਦਿਖਾਈ ਦਿੱਤੀ, ਜਦਕਿ ਡੈਮੋਕਰੈਟ ਉਮੀਦਵਾਰ ਨੂੰ ਮਾਮੂਲੀ ਲੀਡ ਮਿਲਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ। ਪੈਨਸਿਲਵੇਨੀਆ ਤੋਂ ਇਲਾਵਾ ਹੋਰ ਅਹਿਮ ਰਾਜ ਐਰੀਜ਼ੋਨਾ, ਜੌਰਜੀਆ, ਮਿਸ਼ੀਗਨ, ਨੇਵਾਦਾ, ਉੱਤਰੀ ਕੈਰੋਲੀਨਾ ਅਤੇ ਵਿਸਕੌਨਸਿਨ ਹਨ। ਅਮਰੀਕਾ ਭਰ ’ਚ ਮੁੱਢਲੀ ਵੋਟਿੰਗ ਤੇ ਡਾਕ ਰਾਹੀਂ ਵੋਟਿੰਗ ’ਤੇ ਨਜ਼ਰ ਰੱਖਣ ਵਾਲੇ ਫਲੋਰੀਡਾ ਯੂਨੀਵਰਸਿਟੀ ਦੇ ‘ਇਲੈਕਸ਼ਨ ਹੱਬ’ ਅਨੁਸਾਰ 8.2 ਕਰੋੜ ਤੋਂ ਵੱਧ ਅਮਰੀਕਾ ਪਹਿਲਾਂ ਹੀ ਆਪਣੀ ਵੋਟ ਪਾ ਚੁੱਕੇ ਹਨ। ਸਾਬਕਾ ਰਾਸ਼ਟਰਪਤੀ ਟਰੰਪ ਫਲੋਰਿਡਾ ਦੇ ਪਾਲਮ ਬੀਚ ਵਿੱਚ ਸਾਬਕਾ ਪ੍ਰਥਮ ਲੇਡੀ ਮਿਲਾਨੀਆ ਟਰੰਪ ਨਾਲ ਵੋਟ ਪਾਉਣ ਪੁੱਜੇ।
ਆਪਣੀਆਂ ਆਖਰੀ ਰੈਲੀਆਂ ’ਚ ਦੋਵਾਂ ਉਮੀਦਵਾਰਾਂ ਨੇ ਦੇਸ਼ ਨੂੰ ਅੱਗੇ ਲਿਜਾਣ ਬਾਰੇ ਇੱਕ-ਦੂਜੇ ਦੇ ਉਲਟ ਨਜ਼ਰੀਏ ਨਾਲ ਪ੍ਰਚਾਰ ਕਰਕੇ ਆਪਣੀਆਂ ਮੁਹਿੰਮਾਂ ਖਤਮ ਕੀਤੀਆਂ। ਅਮਰੀਕੀ ਏਜੰਸੀਆਂ ਨੇ ਚੋਣਾਂ ਦੀ ਪੂਰਬਲੀ ਸੰਧਿਆ ਚੋਣ ’ਚ ਭੰਡੀ ਪ੍ਰਚਾਰ ਨਾਲ ਸਬੰਧਤ ਰੂਸ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਦਾ ਦਾਅਦਾ ਕੀਤਾ ਹੈ। ਰੂਸੀ ਦੂਤਾਵਾਸ ਨੇ ਹਾਲਾਂਕਿ ਇਨ੍ਹਾ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। -ਪੀਟੀਆਈ