For the best experience, open
https://m.punjabitribuneonline.com
on your mobile browser.
Advertisement

ਯੂਐੱਸ ਓਪਨ: ਜੋਕੋਵਿਚ ਨੇ ਰਿਕਾਰਡ 24ਵਾਂ ਖਿਤਾਬ ਜਿੱਤਿਆ

08:19 AM Sep 12, 2023 IST
ਯੂਐੱਸ ਓਪਨ  ਜੋਕੋਵਿਚ ਨੇ ਰਿਕਾਰਡ 24ਵਾਂ ਖਿਤਾਬ ਜਿੱਤਿਆ
ਯੂਐੱਸ ਓਪਨ ਦਾ ਖਿਤਾਬ ਜਿੱਤਣ ਮਗਰੋਂ ਟਰਾਫੀ ਚੁੰਮਦਾ ਹੋਇਆ ਨੋਵਾਕ ਜੋਕੋਵਿਚ। -ਫੋਟੋ: ਪੀਟੀਆਈ
Advertisement

ਨਿਊਯਾਰਕ, 11 ਸਤੰਬਰ
ਨੋਵਾਕ ਜੋਕੋਵਿਚ ਨੇ ਕਰੀਬ ਪੌਣੇ ਦੋ ਘੰਟੇ ਤੱਕ ਚੱਲੇ ਯੂਐੱਸ ਓਪਨ ਫਾਈਨਲ ਵਿੱਚ ਦਾਨਿਲ ਮੈਦਵੇਦੇਵ ਨੂੰ ਹਰਾ ਕੇ ਰਿਕਾਰਡ 24ਵਾਂ ਗਰੈਂਡਸਲੈਮ ਖਿਤਾਬ ਜਿੱਤ ਲਿਆ। ਲਗਪਗ ਇੱਕੋ ਜਿਹੀ ਸ਼ੈਲੀ ਵਾਲੇ ਦੋਵਾਂ ਖਿਡਾਰੀਆਂ ਵਿਚਾਲੇ ਮੁਕਾਬਲਾ ਦਿਲਚਸਪ ਰਿਹਾ। ਜਿੱਤਣ ਤੋਂ ਬਾਅਦ ਜੋਕੋਵਿਚ ਕੋਰਟ ’ਤੇ ਹੀ ਬੈਠ ਗਿਆ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਸ ਨੇ ਮੈਦਵੇਦੇਵ ਨੂੰ 6-3, 7-6, 6-3 ਨਾਲ ਮਾਤ ਦਿੱਤੀ। ਜਿੱਤ ਮਗਰੋਂ ਉਸ ਨੇ ਕਿਹਾ, ‘‘ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਥੇ ਖੜ੍ਹੇ ਹੋ ਕੇ ਮੈਂ 24ਵੇਂ ਗਰੈਂਡਸਲੈਮ ਬਾਰੇ ਗੱਲ ਕਰਾਂਗਾ। ਮੈਨੂੰ ਕਦੇ ਨਹੀਂ ਲੱਗਿਆ ਸੀ ਕਿ ਇਹ ਸੱਚ ਹੋਵੇਗਾ।’’ ਜੋਕੋਵਿਚ ਪੁਰਸ਼ ਸਿੰਗਲਜ਼ ਵਰਗ ਵਿੱਚ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਵਾਲਾ ਟੈਨਿਸ ਖਿਡਾਰੀ ਬਣ ਗਿਆ ਹੈ। ਸਪੇਨ ਦੇ ਰਾਫੇਲ ਨਡਾਲ ਕੋਲ 22 ਗਰੈਂਡ ਸਲੈਮ ਖਿਤਾਬ ਹਨ ਅਤੇ ਰੋਜਰ ਫੈਡਰਰ ਨੇ 20 ਗਰੈਂਡ ਸਲੈਮ ਖਿਤਾਬ ਜਿੱਤ ਕੇ ਸੰਨਿਆਸ ਲਿਆ ਸੀ। ਜੋਕੋਵਿਚ ਨੇ ਸੇਰੇਨਾ ਵਿਲੀਅਮਜ਼ ਨੂੰ ਪਛਾੜਿਆ ਜਿਸ ਦੇ ਨਾਮ 23 ਗਰੈਂਡ ਸਲੈਮ ਖਿਤਾਬ ਹਨ। ਇਹ ਉਸ ਦਾ ਚੌਥਾ ਯੂਐੱਸ ਓਪਨ ਖ਼ਿਤਾਬ ਹੈ। ਇਸ ਤੋਂ ਇਲਾਵਾ ਉਹ 10 ਆਸਟਰੇਲੀਅਨ ਓਪਨ, ਸੱਤ ਵਿੰਬਲਡਨ ਅਤੇ ਤਿੰਨ ਫਰੈਂਚ ਓਪਨ ਖਿਤਾਬ ਜਿੱਤ ਚੁੱਕਾ ਹੈ।
ਮੁਕਾਬਲਾ ਹਾਰਨ ਮਗਰੋਂ ਮੈਦਵੇਦੇਵ ਨੇ ਕਿਹਾ, ‘‘ਆਖ਼ਰਕਾਰ ਉਹ ਨੋਵਾਕ ਹੈ। ਉਹ ਤਾਂ ਇੱਥੇ ਹੋਣਾ ਹੀ ਸੀ।’’ ਉਸ ਨੇ ਕਿਹਾ, ‘‘ਯਕੀਨੀ ਤੌਰ ’ਤੇ ਮੈਨੂੰ ਅਫਸੋਸ ਹੈ। ਮੈਨੂੰ ਜਿੱਤਣਾ ਚਾਹੀਦਾ ਸੀ।’’ ਰੂਸੀ ਖਿਡਾਰੀ ਦਾ ਇਹ ਪੰਜਵਾਂ ਗਰੈਂਡ ਸਲੈਮ ਫਾਈਨਲ ਸੀ। ਪਿਛਲੀ ਵਾਰ ਉਸ ਨੇ 2021 ਵਿੱਚ ਜੋਕੋਵਿਚ ਨੂੰ ਹਰਾ ਕੇ ਇੱਕ ਕੈਲੰਡਰ ਸਾਲ ਵਿੱਚ ਚਾਰ ਸਲੈਮ ਜਿੱਤਣ ਦਾ ਉਸ ਦਾ ਸੁਫ਼ਨਾ ਤੋੜਿਆ ਸੀ। ਇਸ ਜਿੱਤ ਨਾਲ ਜੋਕੋਵਿਚ ਏਟੀਪੀ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਕਾਬਜ਼ ਹੋ ਜਾਵੇਗਾ। -ਏਪੀ

Advertisement

Advertisement
Author Image

joginder kumar

View all posts

Advertisement
Advertisement
×