ਅਮਰੀਕੀ ਸੰਸਦ ਮੈਂਬਰ ਵੱਲੋਂ ਅਡਾਨੀ ਖ਼ਿਲਾਫ਼ ਜਾਂਚ ਨੂੰ ਚੁਣੌਤੀ
* ਦੇਸ਼ ਦੇ ਮੁੱਖ ਭਾਈਵਾਲ ਨਾਲ ਰਿਸ਼ਤੇ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਜਤਾਇਆ
ਵਾਸ਼ਿੰਗਟਨ, 8 ਜਨਵਰੀ
ਅਮਰੀਕਾ ਵਿੱਚ ਭਾਰਤੀ ਅਰਬਪਤੀ ਗੌਤਮ ਅਡਾਨੀ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ ਦੇ ਬਾਇਡਨ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਰਿਪਬਲਿਕਨ ਸੰਸਦ ਮੈਂਬਰ ਨੇ ਕਿਹਾ ਕਿ ਅਜਿਹੀਆਂ ਚੋਣਵੀਆਂ ਕਾਰਵਾਈਆਂ ਮੁੱਖ ਭਾਈਵਾਲਾਂ ਨਾਲ ਅਹਿਮ ਗੱਠਜੋੜ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਸਦਨ ਦੀ ਨਿਆਂਪਾਲਿਕਾ ਕਮੇਟੀ ਦੇ ਮੈਂਬਰ ਲਾਂਸ ਗੂਡਨ ਨੇ ਅਮਰੀਕਾ ਦੇ ਅਟਾਰਨੀ ਜਨਰਲ ਮੈਰਿਕ ਬੀ ਗਾਰਲੈਂਡ ਨੂੰ ਸਖ਼ਤ ਸ਼ਬਦਾਂ ਵਿੱਚ ਲਿਖੇ ਪੱਤਰ ’ਚ ਪੁੱਛਿਆ, ‘ਜੇ ਭਾਰਤ ਹਵਾਲਗੀ ਦੀ ਅਪੀਲ ਮੰਨਣ ਤੋਂ ਇਨਕਾਰ ਕਰ ਦੇਵੇ ਤਾਂ ਅਮਰੀਕਾ ਕੀ ਕਰੇਗਾ?’ ਗੂਡਨ ਨੇ ਨਿਆਂ ਵਿਭਾਗ ਵੱਲੋਂ ਵਿਦੇਸ਼ੀ ਇਕਾਈਆਂ ਖ਼ਿਲਾਫ਼ ‘ਚੋਣਵੇਂ ਮੁਕੱਦਮੇ’ ਬਾਰੇ ਵੀ ਜਵਾਬ ਮੰਗੇ। ਉਨ੍ਹਾਂ ਨੇ ਅਜਿਹੀਆਂ ਕਾਰਵਾਈਆਂ ਨਾਲ ਅਮਰੀਕਾ ਦੇ ਆਲਮੀ ਗੱਠਜੋੜਾਂ ਅਤੇ ਆਰਥਿਕ ਵਿਕਾਸ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਵੀ ਪੁੱਛਿਆ। ਇਸ ਤੋਂ ਇਲਾਵਾ ਪੱਤਰ ਵਿੱਚ ਇਸ ਦਾ ਜੌਰਜ ਸੋਰੋਸ ਨਾਲ ਸਬੰਧਾਂ ਬਾਰੇ ਵੀ ਪੁੱਛਿਆ ਗਿਆ ਹੈ। ਗੂਡੇਨ ਨੇ 7 ਜਨਵਰੀ ਨੂੰ ਆਪਣੇ ਪੱਤਰ ਵਿੱਚ ਲਿਖਿਆ, ‘ਨਿਆਂ ਵਿਭਾਗ ਦੀਆਂ ਚੋਣਵੀਆਂ ਕਾਰਵਾਈਆਂ ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਦੇ ਸਭ ਤੋਂ ਮਜ਼ਬੂਤ ਸਹਿਯੋਗੀਆਂ ’ਚੋਂ ਇੱਕ ਭਾਰਤ ਵਰਗੇ ਪ੍ਰਮੁੱਖ ਭਾਈਵਾਲਾਂ ਨਾਲ ਮਹੱਤਵਪੂਰਨ ਰਿਸ਼ਤੇ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੈ।’ ਉਨ੍ਹਾਂ ਕਿਹਾ, ‘ਕਮਜ਼ੋਰ ਅਧਿਕਾਰ ਖੇਤਰ ਅਤੇ ਅਮਰੀਕੀ ਹਿੱਤਾਂ ਲਈ ਸੀਮਤ ਪ੍ਰਸੰਗਿਕਤਾ ਵਾਲੇ ਕੇਸਾਂ ਦੀ ਪੈਰਵੀ ਕਰਨ ਦੀ ਬਜਾਏ ਨਿਆਂ ਵਿਭਾਗ ਨੂੰ ਘਰੇਲੂ ਪੱਧਰ ’ਤੇ ਕਾਰਵਾਈ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।’ -ਪੀਟੀਆਈ
ਬਾਇਡਨ ਪ੍ਰਸ਼ਾਸਨ ਦਾ ਫ਼ੈਸਲਾ ਨਵੇਂ ਨਿਵੇਸ਼ਕਾਂ ’ਤੇ ਪਾ ਸਕਦੈ ਅਸਰ: ਗੂਡਨ
ਪੰਜ ਵਾਰ ਦੇ ਰਿਪਬਲਿਕਨ ਸੰਸਦ ਮੈਂਬਰ ਲਾਂਸ ਗੂਡਨ ਨੇ ਕਿਹਾ ਕਿ ਅਰਬਾਂ ਡਾਲਰਾਂ ਦਾ ਨਿਵੇਸ਼ ਕਰਨ ਵਾਲੀਆਂ ਅਤੇ ਅਮਰੀਕੀਆਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਕਰਨ ਵਾਲੀਆਂ ਇਕਾਈਆਂ ਨੂੰ ਨਿਸ਼ਾਨਾ ਬਣਾਉਣਾ ਲੰਮੇ ਸਮੇਂ ਲਈ ਅਮਰੀਕਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ, ‘ਜਦੋਂ ਅਸੀਂ ਹਿੰਸਕ ਅਪਰਾਧ, ਆਰਥਿਕ ਜਾਸੂਸੀ ਅਤੇ ਸੀਸੀਪੀ ਪ੍ਰਭਾਵ ਤੋਂ ਪੈਦਾ ਹੋਏ ਅਸਲ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਅਤੇ ਸਾਡੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਵਾਲਿਆਂ ’ਤੇ ਹਮਲਾ ਕਰਦੇ ਹਾਂ, ਤਾਂ ਇਹ ਸਾਡੇ ਦੇਸ਼ ਵਿੱਚ ਨਿਵੇਸ਼ ਕਰਨ ਦੀ ਉਮੀਦ ਕਰ ਰਹੇ ਨਵੇਂ ਨਿਵੇਸ਼ਕਾਂ ਨੂੰ ਨਿਰਾਸ਼ ਕਰਦਾ ਹੈ।’