ਅਮਰੀਕਾ: ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ ਜੈਸ਼ੰਕਰ
ਵਾਸ਼ਿੰਗਟਨ ਡੀਸੀ ’ਚ 20 ਨੂੰ ਹੋਣ ਵਾਲੇ ਸਮਾਗਮ ’ਚ ਕਰਨਗੇ ਭਾਰਤ ਦੀ ਪ੍ਰਤੀਨਿਧਤਾ; ਅਗਾਮੀ ਟਰੰਪ ਪ੍ਰਸ਼ਾਸਨ ਦੇ ਨੁਮਾਇੰਦਿਆਂ ਨਾਲ ਵੀ ਕਰਨਗੇ ਮੁਲਾਕਾਤ
ਨਵੀਂ ਦਿੱਲੀ, 12 ਜਨਵਰੀ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ 20 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਵਿਚ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।
ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਆਪਣੀ ਇਸ ਫੇਰੀ ਦੌਰਾਨ ਜੈਸ਼ੰਕਰ ਅਗਾਮੀ ਟਰੰਪ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਵੀ ਮਿਲਣਗੇ। ਪਿਛਲੇ ਸਾਲ ਨਵੰਬਰ ’ਚ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ’ਚ ਟਰੰਪ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾਇਆ ਸੀ। ਜੈਸ਼ੰਕਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਟਰੰਪ ਦਾ ਭਾਰਤ ਪ੍ਰਤੀ ਸਕਾਰਾਤਮਕ ਰਾਜਨੀਤਕ ਨਜ਼ਰੀਆ ਰਿਹਾ ਹੈ ਅਤੇ ਭਾਰਤ ਉਨ੍ਹਾਂ ਦੇ ਪ੍ਰਸ਼ਾਸਨ ਨਾਲ ਡੂੰਘੇ ਸਬੰਧ ਬਣਾਉਣ ਅਤੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਕਈ ਹੋਰ ਮੁਲਕਾਂ ਮੁਕਾਬਲੇ ਵੱਧ ਲਾਭਦਾਇਕ ਸਥਿਤੀ ਵਿੱਚ ਹੈ।
ਵਿਦੇਸ਼ ਮੰਤਰਾਲੇ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ ਕਿ ‘ਟਰੰਪ-ਵਾਂਸ (ਜੇਡੀ ਵਾਂਸ) ਉਦਘਾਟਨੀ ਕਮੇਟੀ ਦੇ ਸੱਦੇ ਉੱਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ਦਾਰੀ ਸਮਾਗਮ ’ਚ ਭਾਰਤ ਸਰਕਾਰ ਦੇ ਨੁਮਾਇੰਦੇ ਵਜੋਂ ਸ਼ਿਰਕਤ ਕਰਨਗੇ।’ ਜੇਡੀ ਵੇਂਸ ਅਮਰੀਕਾ ਦੇ ਨਵੇਂ ਉਪ ਰਾਸ਼ਟਰਪਤੀ ਹੋਣਗੇ।
ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ, ‘ਵਿਦੇਸ਼ ਮੰਤਰੀ (ਜੈਸ਼ੰਕਰ) ਇਸ ਯਾਤਰਾ ਦੌਰਾਨ ਅਮਰੀਕਾ ਦੇ ਅਗਾਮੀ ਪ੍ਰਸ਼ਾਸਨ ਦੇ ਨੁਮਾਇੰਦਿਆਂ ਦੇ ਨਾਲ ਹੀ ਸਮਾਗਮ ’ਚ ਸ਼ਾਮਲ ਹੋਣ ਲਈ ਅਮਰੀਕਾ ਆਉਣ ਵਾਲੀਆਂ ਕੁਝ ਅਹਿਮ ਹਸਤੀਆਂ ਨਾਲ ਵੀ ਮੀਟਿੰਗ ਕਰਨਗੇ।’
ਟਰੰਪ ਪ੍ਰਸ਼ਾਸਨ ਦੀ ਟੈਕਸ, ਵਾਤਾਵਰਨ ਤਬਦੀਲੀ ਅਤੇ ਰੂਸ-ਯੂਕਰੇਨ ਸੰਘਰਸ਼ ਤੇ ਪੱਛਮੀ ਏਸ਼ੀਆ ਦੀ ਸਥਿਤੀ ਦੀ ਪਿੱਠਭੂਮੀ ’ਚ ਵਿਦੇਸ਼ ਨੀਤੀ ਦੀਆਂ ਤਰਜੀਹਾਂ ਸਮੇਤ ਕਈ ਸੰਵੇਦਨਸ਼ੀਲ ਮੁੱਦਿਆਂ ’ਤੇ ਨੀਤੀ ਨੂੰ ਲੈ ਕੇ ਕਈ ਮੁਲਕ ਫਿਕਰਮੰਦ ਹਨ। ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ। ਇਸ ਤੋਂ ਪਹਿਲਾਂ ਉਹ ਜਨਵਰੀ 2017 ਤੋਂ ਜਨਵਰੀ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਕੰਮ ਕਰ ਚੁੱਕੇ ਹਨ। -ਪੀਟੀਆਈ