US-India News: ਟਰੰਪ ਨੇ ਭਾਰਤੀ ਮੂਲ ਦੇ ਕਾਸ਼ ਪਟੇਲ ਨੂੰ FBI ਡਾਇਰੈਕਟਰ ਨਿਯੁਕਤ ਕੀਤਾ
ਵਾਸ਼ਿੰਗਟਨ, 1 ਦਸੰਬਰ
Donald Trump India: ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ (Donald Trump) ਨੇ ਭਾਰਤੀ ਮੂਲ ਦੇ ਅਮਰੀਕੀ ਕਾਸ਼ ਪਟੇਲ (44) (Kash Patel) ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦਾ ਡਾਇਰੈਕਟਰ ਨਾਮਜ਼ਦ ਕੀਤਾ ਹੈ। ਪਟੇਲ ਇਸ ਨਾਮਜ਼ਦਗੀ ਨਾਲ ਅਗਾਮੀ ਟਰੰਪ ਪ੍ਰਸ਼ਾਸਨ ਵਿਚ ਸਿਖਰਲਾ ਅਹੁਦਾ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਅਮਰੀਕੀ ਬਣ ਗਏ ਹਨ।
ਟਰੰਪ ਨੇ ਆਪਣੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ‘ਟਰੁਥ ਸੋਸ਼ਲ’ ਉੱਤੇ ਐਲਾਨ ਕੀਤਾ, ‘‘ਮੈਨੂੰ ਇਹ ਐਲਾਨ ਕਰਨ ਵਿਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਸ਼ਯਪ ‘ਕਾਸ਼’ ਪਟੇਲ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਅਗਲੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣਗੇ। ਕਾਸ਼ ਬਹੁਤ ਵਧੀਆ ਵਕੀਲ, ਤਫ਼ਤੀਸ਼ਕਾਰ ਅਤੇ ‘ਅਮੈਰਿਕਾ ਫਸਟ’ ਜੰਗਜੂ ਹੈ, ਜਿਸ ਨੇ ਆਪਣਾ ਕਰੀਅਰ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ, ਨਿਆਂ ਦੀ ਰੱਖਿਆ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਉੱਤੇ ਲਾ ਦਿੱਤਾ।’’ ਟਰੰਪ ਨੇ ਕਿਹਾ ਕਿ ਪਟੇਲ ਨੇ ‘ਰਸ਼ੀਆ ਰਸ਼ੀਆ ਰਸ਼ੀਆ ਹੌਕਸ’ ਬੇਨਕਾਬ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ। ਉਹ ਸੱਚ, ਜਵਾਬਦੇਹੀ ਤੇ ਸੰਵਿਧਾਨ ਦੀ ਵਕਾਲਤ ਲਈ ਖੜ੍ਹਿਆ ਰਿਹਾ।
ਪਟੇਲ ਨੇ 2017 ਵਿਚ ਟਰੰਪ ਪ੍ਰਸ਼ਾਸਨ ਦੇ ਆਖਰੀ ਕੁਝ ਹਫ਼ਤਿਆਂ ਵਿਚ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਦੇ ਚੀਫ਼ ਆਫ਼ ਸਟਾਫ਼ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਮਨੋਨੀਤ ਰਾਸ਼ਟਰਪਤੀ ਨੇ ਕਿਹਾ, ‘‘ਕਾਸ਼ ਨੇ ਮੇਰੇ ਪਹਿਲੇ ਕਾਰਜਕਾਲ ਦੌਰਾਨ ਸ਼ਾਨਦਾਰ ਕੰਮ ਕੀਤਾ ਸੀ। ਕਾਸ਼ ਨੇ ਰੱਖਿਆ ਵਿਭਾਗ ਵਿਚ ਚੀਫ਼ ਆਫ਼ ਸਟਾਫ, ਨੈਸ਼ਨਲ ਇੰਟੈਲੀਜੈਂਸ ਦੇ ਡਿਪਟੀ ਡਾਇਰੈਕਟਰ ਅਤੇ ਕੌਮੀ ਸੁਰੱਖਿਆ ਕੌਂਸਲ ਵਿਚ ਅਤਿਵਾਦ ਦੇ ਟਾਕਰੇ ਨੂੰ ਲੈ ਕੇ ਵਿਭਾਗ ਦੇ ਸੀਨੀਅਰ ਡਾਇਰੈਕਟਰ ਵਜੋਂ ਵੀ ਕੰਮ ਕੀਤਾ। ਕਾਸ਼ 60 ਤੋਂ ਵੱਧ ਕੇਸਾਂ ਵਿਚ ਸਰਕਾਰ ਵੱਲੋਂ ਪੇਸ਼ ਹੋਇਆ।’’ ਪੀਟੀਆਈ
ਪਟੇਲ ਦੀਆਂ ਜੜ੍ਹਾਂ ਗੁਜਰਾਤ ਵਿਚ
ਨਿਊ ਯਾਰਕ ਵਿਚ ਪੈਦਾ ਹੋਏ ਪਟੇਲ ਦੀਆਂ ਜੜ੍ਹਾਂ ਗੁਜਰਾਤ ਵਿਚ ਹਨ। ਪਟੇਲ ਦੇ ਮਾਤਾ ਪਿਤਾ ਈਸਟ ਅਫ਼ਰੀਕਾ- ਮਾਂ ਤਨਜ਼ਾਨੀਆ ਅਤੇ ਪਿਤਾ ਯੁਗਾਂਡਾ ਤੋਂ ਹਨ। ਪਟੇਲ ਦੇ ਮਾਤਾ ਪਿਤਾ 1970 ਵਿਚ ਕੈਨੇਡਾ ਤੋਂ ਅਮਰੀਕਾ ਆਏ ਸਨ। ਪਟੇਲ ਨੇ ਇਸ ਖ਼ਬਰ ਏਜੰਸੀ ਨੂੰ ਪਹਿਲਾਂ ਦਿੱਤੀ ਇੰਟਰਵਿਊ ਵਿਚ ਕਿਹਾ ਸੀ, ‘‘ਅਸੀਂ ਗੁਜਰਾਤੀ ਹਾਂ।’’ ਪਟੇਲ ਪਰਿਵਾਰ 70ਵਿਆਂ ਦੇ ਅਖੀਰ ਵਿਚ ਨਿਊ ਯਾਰਕ ਦੇ ਕੁਈਨਜ਼ ਵਿਚ ਆਇਆ ਸੀ। ਪਟੇਲ ਦਾ ਜਨਮ ਤੇ ਪਰਵਰਿਸ਼ ਇਥੇ ਹੀ ਹੋਈ।