ਚੀਨ ਵਿੱਚ ਚੇਂਗਦੂ ਸਫਾਰਤਖ਼ਾਨੇ ’ਤੋਂ ਅਮਰੀਕੀ ਝੰਡਾ ਲਾਹਿਆ
ਚੇਂਗਦੂ, 27 ਜੁਲਾਈ
ਦੱਖਣ ਪੱਛਮੀ ਚੀਨ ਵਿੱਚ ਅਮਰੀਕੀ ਸਫਾਰਤਖ਼ਾਨੇ ’ਤੋਂ ਅਮਰੀਕੀ ਝੰਡਾ ਉਤਾਰ ਦਿੱਤਾ ਗਿਆ ਹੈ। ਅਮਰੀਕੀ ਅਧਿਕਾਰੀ ਨੇ ਚੀਨ ਸਰਕਾਰ ਦੇ ਹੁਕਮਾਂ ਅਨੁਸਾਰ ਚੇਂਗਦੂ ਸਫਾਰਤਖਾਨੇ ਦੀ ਇਮਾਰਤ ਖਾਲੀ ਕਰ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਸਫਾਰਤਖ਼ਾਨੇ ਨੇ ਸੋਮਵਾਰ ਸਵੇਰੇ 10 ਵਜੇ ਕੰਮ ਕਾਜ ਬੰਦ ਕਰ ਦਿੱਤਾ। ਉਸ ਨੇ ਚੀਨ ਦੇ ਫੈਸਲੇ ’ਤੇ ਨਿਰਾਸ਼ਾ ਜਤਾਉਂਦਿਆਂ ਕਿਹਾ ਕਿ ਅਮਰੀਕਾ ਆਪਣੇ ਹੋਰਨਾਂ ਮਿਸ਼ਨਾਂ ਰਾਹੀਂ ਖੇਤਰ ਤਕ ਆਪਣੀ ਪਹੁੰਚ ਬਣਾਈ ਰੱਖਣ ਦੀ ਕੋਸ਼ਿਸ ਕਰੇਗਾ। ਸਰਕਾਰੀ ਟੀਵੀ ‘ਸੀਸੀਟੀਵੀ’ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਦੱਸਿਆ ਕਿ ਸ਼ਿਚੂਆਨ ਸੂਬੇ ਦੀ ਰਾਜਧਾਨੀ ਚੇਂਗਦੂ ਵਿੱਚ ਅਮਰੀਕੀ ਸਫਾਰਤਖਾ਼ਨੇ ’ਤੋਂ ਸੋਮਵਾਰ ਸਵੇਰੇ 6.18 ਮਿੰਟ ’ਤੇ ਝੰਡਾ ਉਤਾਰ ਦਿੱਤਾ ਗਿਆ। ਪੁਲੀਸ ਨੇ ਸਫਾਰਤਖ਼ਾਨੇ ਦੇ ਦੋ ਤੋ ਤਿੰਨ ਬਲਾਕ ਬੰਦ ਕਰ ਦਿੱਤੇ ਹਨ, ਜਿਸ ਕਾਰਨ ਹੁਣ ਇਸ ਇਮਾਰਤ ਨੂੰ ਦੇਖਿਆ ਨਹੀਂ ਜਾ ਸਕਦਾ। ਅਮਰੀਕਾ ਨੇ ਹਿਊਸਟਨ ਵਿੱਚ ਚੀਨੀ ਸਫਾਰਤਖ਼ਾਨੇ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਚੀਨ ਨੇ ਸ਼ੁੱਕਰਵਾਰ ਨੂੰ ਚੇਂਗਦੂ ਵਿੱਚ ਅਮਰੀਕੀ ਸਫਾਰਤਖ਼ਾਨਾ ਬੰਦ ਕਰਨ ਦਾ ਹੁਕਮ ਦਿੱਤਾ ਸੀ।