ਰੂਸੀ ਹਵਾਈ ਹਮਲੇ ਦੀ ਚਿਤਾਵਨੀ ਮਗਰੋਂ ਕੀਵ ਵਿੱਚ ਅਮਰੀਕੀ ਦੂਤਘਰ ਬੰਦ
ਕੀਵ:
ਯੂਕਰੇਨ ਦੀ ਰਾਜਧਾਨੀ ਕੀਵ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਕਿ ਉਸ ਨੂੰ ਰੂਸੀ ਹਵਾਈ ਹਮਲੇ ਦੀ ਸੰਭਾਵਨਾ ਬਾਰੇ ਚਿਤਾਵਨੀ ਮਿਲੀ ਹੈ, ਜਿਸ ਕਾਰਨ ਇਹਤਿਆਤ ਵਜੋਂ ਦੂਤਘਰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਕਦਮ ਉਸ ਸਮੇਂ ਚੁੱਕਿਆ ਜਦੋਂ ਰੂਸੀ ਅਧਿਕਾਰੀਆਂ ਨੇ ਯੂਕਰੇਨ ਨੂੰ ਅਮਰੀਕਾ ’ਚ ਬਣੀਆਂ ਮਿਜ਼ਾਈਲਾਂ ਨਾਲ ਰੂਸੀ ਧਰਤੀ ’ਤੇ ਹਮਲਾ ਕਰਨ ਦੀ ਇਜਾਜ਼ਤ ਦੇਣ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਫੈਸਲੇ ਦਾ ਜਵਾਬ ਦੇਣ ਦਾ ਫ਼ੈਸਲਾ ਕੀਤਾ। ਜੋਅ ਬਾਇਡਨ ਦੇ ਫ਼ੈਸਲੇ ਤੋਂ ਕਰੈਮਲਿਨ ਨਾਰਾਜ਼ ਹੈ। ਇਹ ਜੰਗ ਬੀਤੇ ਦਿਨ 1000ਵੇਂ ਦਿਨ ਅੰਦਰ ਦਾਖਲ ਹੋ ਗਈ ਹੈ ਅਤੇ ਰੂਸ ਦੀ ਮਦਦ ਲਈ ਉੱਤਰ ਕੋਰਿਆਈ ਸੈਨਿਕਾਂ ਦੇ ਪਹੁੰਚਣ ਨਾਲ ਇਸ ਜੰਗ ਨੇ ਕੌਮਾਂਤਰੀ ਰੂਪ ਲੈ ਲਿਆ ਹੈ। ਅਮਰੀਕੀ ਦੂਤਾਵਾਸ ਨੇ ਬਿਆਨ ’ਚ ਕਰਮਚਾਰੀਆਂ ਨੂੰ ਸੁਰੱਖਿਅਤ ਸਥਾਨ ’ਤੇ ਰਹਿਣ ਦਾ ਨਿਰਦੇਸ਼ ਦਿੱਤਾ ਹੈ ਅਤੇ ਇਹ ਸੁਝਾਅ ਵੀ ਦਿੱਤਾ ਹੈ ਕਿ ਕੀਵ ’ਚ ਮੌਜੂਦ ਅਮਰੀਕੀ ਨਾਗਰਿਕ ਹਮਲੇ ਦੇ ਅਲਰਟ ਦੀ ਸਥਿਤੀ ’ਚ ਤੁਰੰਤ ਸੁਰੱਖਿਅਤ ਥਾਵਾਂ ’ਤੇ ਪਹੁੰਚਣ ਲਈ ਤਿਆਰ ਰਹਿਣ। ਇਸ ਤੋਂ ਇੱਕ ਦਿਨ ਪਹਿਲਾਂ ਰੂਸ ਨੇ ਕਿਹਾ ਸੀ ਕਿ ਬ੍ਰਾਂਸਕ ਖੇਤਰ ’ਚ ਹਥਿਆਰਾਂ ਦੇ ਗੋਦਾਮ ’ਤੇ ਯੂਕਰੇਨੀ ਹਮਲੇ ’ਚ ਅਮਰੀਕਾ ’ਚ ਬਣੀਆਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ ਅਮਰੀਕਾ ’ਚ ਬਣੀਆਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਨੂੰ ਹਰੀ ਝੰਡੀ ਦਿੱਤੀ ਹੈ। ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਸਤੰਬਰ ’ਚ ਕਿਹਾ ਸੀ ਕਿ ਜੇ ਪੱਛਮੀ ਮੁਲਕ ਯੂਕਰੇਨ ਨੂੰ ਲੰਮੀ ਦੂਰੀ ਦੇ ਹਥਿਆਰਾਂ ਨਾਲ ਰੂਸ ਅੰਦਰ ਹਮਲੇ ਦੀ ਇਜਾਜ਼ਤ ਦਿੰਦਾ ਹੈ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਨਾਟੋ ਮੁਲਕ ਅਮਰੀਕਾ ਤੇ ਯੂਰਪੀ ਦੇਸ਼ ਰੂਸ ਨਾਲ ਜੰਗ ’ਚ ਸ਼ਾਮਲ ਹਨ। -ਪੀਟੀਆਈ