US elections result 2024: ਡੋਨਲਡ ਟਰੰਪ ਨੇ ਸੰਬੋਧਨ ਦੌਰਾਨ ਜਿੱਤ ਨਾਲ ਸ਼ਾਨਦਾਰ ਵਾਪਸੀ ਦਾ ਦਾਅਵਾ ਕੀਤਾ
ਫਲੋਰਿਡਾ, 6 ਨਵੰਬਰ
US elections result 2024: ਰਿਪਬਲਿਕਨ ਡੋਨਲਡ ਟਰੰਪ ਨੇ 2024 ਦੇ ਰਾਸ਼ਟਰਪਤੀ ਮੁਕਾਬਲੇ ਵਿੱਚ ਜਿੱਤ ਦਾ ਦਾਅਵਾ ਕੀਤਾ ਜਦੋਂ ਫੌਕਸ ਨਿਊਜ਼ ਨੇ ਕਿਹਾ ਹੈ ਕਿ ਉਨ੍ਹਾਂ ਨੇ ਡੈਮੋਕਰੇਟ ਕਮਲਾ ਹੈਰਿਸ ਨੂੰ ਹਰਾ ਦਿੱਤਾ ਹੈ। ਟਰੰਪ ਵ੍ਹਾਈਟ ਹਾਊਸ ਛੱਡਣ ਤੋਂ ਚਾਰ ਸਾਲ ਬਾਅਦ ਇੱਕ ਸ਼ਾਨਦਾਰ ਸਿਆਸੀ ਵਾਪਸੀ ਕਰਨਗੇ
"ਅਮਰੀਕਾ ਨੇ ਸਾਨੂੰ ਇੱਕ ਬੇਮਿਸਾਲ ਅਤੇ ਸ਼ਕਤੀਸ਼ਾਲੀ ਫਤਵਾ ਦਿੱਤਾ ਹੈ ਅਤੇ ਅਸੀਂ ਅੱਜ ਰਾਤ ਅਜਿਹਾ ਕਰ ਕੇ ਇਤਿਹਾਸ ਰਚ ਦਿੱਤਾ," ਉਨ੍ਹਾਂ ਬੁੱਧਵਾਰ ਸਵੇਰੇ ਪਾਮ ਬੀਚ ਕਾਉਂਟੀ ਕਨਵੈਨਸ਼ਨ ਸੈਂਟਰ ਵਿੱਚ ਸਮਰਥਕਾਂ ਦੀ ਗਰਜਦੀ ਭੀੜ ਨੂੰ ਕਿਹਾ, ਜਿਸ ਵਿੱਚ ਉਨ੍ਹਾਂ ਨਾਲ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਵਾਲੇ ਰਿਪਬਲਿਕਨ ਉਮੀਦਵਾਰ ਸੈਨੇਟਰ ਜੇਡੀ ਵੈਂਸ ਵੀ ਸ਼ਾਮਲ ਸਨ।
ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਲਡ ਟਰੰਪ ਨੂੰ ਸ਼ਾਨਦਾਰ ਜਿੱਤ ਲਈ ਟਵੀਟ ਕਰਦਿਆਂ ਵਧਾਈ ਦਿੱਤੀ ਹੈ:
Heartiest congratulations my friend @realDonaldTrump on your historic election victory. As you build on the successes of your previous term, I look forward to renewing our collaboration to further strengthen the India-US Comprehensive Global and Strategic Partnership. Together,… pic.twitter.com/u5hKPeJ3SY
— Narendra Modi (@narendramodi) November 6, 2024
ਟਰੰਪ ਨੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਦੀ ਕਰੀਬ ਇੱਕ ਮਿੰਟ ਤੱਕ ਪ੍ਰਸ਼ੰਸਾ ਕੀਤੀ, ਮਸਕ ਨੇ ਟਰੰਪ ਦੀ ਮੁਹਿੰਮ ਦਾ ਸਮਰਥਨ ਕਰਨ ਲਈ ਲਗਭਗ 12 ਕਰੋੜ ਡਾਲਰ ਖਰਚ ਕੀਤੇ ਹਨ। ਟਰੰਪ ਨੇ ਕਿਹਾ ਹੈ ਕਿ ਉਹ ਸਰਕਾਰੀ ਕੁਸ਼ਲਤਾ ਕਮਿਸ਼ਨ ਦੇ ਮੁਖੀ ਵਜੋਂ ਮਸਕ ਦੀ ਨਿਯੁਕਤੀ ਕਰਨਗੇ।
ਹਾਲਾਂਕਿ ਕਮਲਾ ਹੈਰਿਸ ਨੇ ਆਪਣੇ ਸਮਰਥਕਾਂ ਨਾਲ ਗੱਲ ਨਹੀਂ ਕੀਤੀ, ਜੋ ਹਾਵਰਡ ਯੂਨੀਵਰਸਿਟੀ ਵਿੱਚ ਇਕੱਠੇ ਹੋਏ ਸਨ, ਜਿਥੋਂ ਕਮਲਾ ਨੇ ਪੜ੍ਹਾਈ ਕੀਤੀ ਸੀ। ਉਨ੍ਹਾਂ ਦੀ ਮੁਹਿੰਮ ਦੇ ਸਹਿ-ਚੇਅਰ ਸੇਡਰਿਕ ਰਿਚਮੰਡ ਨੇ ਅੱਧੀ ਰਾਤ ਤੋਂ ਬਾਅਦ ਭੀੜ ਨੂੰ ਸੰਖੇਪ ਵਿੱਚ ਸੰਬੋਧਿਤ ਕਰਦੇ ਹੋਏ ਕਿਹਾ ਕਿ ਹੈਰਿਸ ਬੁੱਧਵਾਰ ਨੂੰ ਜਨਤਕ ਤੌਰ ’ਤੇ ਬੋਲਣਗੇ। -ਰਾਇਟਰਜ਼