US deportation row: ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘਿਆ ਪਿੰਡ ਨਵਾਂ ਕੋਟ ਦਾ ਜਸਨੂਰ ਸਿੰਘ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 17 ਫਰਵਰੀ
ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਗਏ ਪਰਵਾਸੀਆਂ ਨੂੰ ਫੜ ਕੇ ਅਮਰੀਕਾ ਵਿੱਚੋਂ ਬਾਹਰ ਕੱਢਣ ਦੀ ਕੀਤੀ ਗਈ ਸ਼ੁਰੂਆਤ ਤਹਿਤ ਅਮਰੀਕਾ ਤੋਂ ਆਏ ਤੀਸਰੇ ਜਹਾਜ਼ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਜੰਡਾਲਾ ਗੁਰੂ ਦੇ ਪਿੰਡ ਨਵਾਂ ਕੋਟ ਦਾ 19 ਸਾਲਾ ਜਸਨੂਰ ਸਿੰਘ ਵੀ ਸ਼ਾਮਲ ਹੈ। ਜਸਨੂਰ ਦੇ ਦਾਦਾ ਮੰਗਲ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਹਰਜਿੰਦਰ ਕੌਰ ਅਤੇ ਹੋਰ ਸਾਕ ਸਬੰਧੀਆਂ ਨੇ ਦੱਸਿਆ ਕਿ ਜਸਨੂਰ ਸਿੰਘ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਜਲੰਧਰ ਦੇ ਇੱਕ ਏਜੰਟ ਰਾਹੀਂ ਅਮਰੀਕਾ ਲਈ ਰਵਾਨਾ ਹੋਇਆ ਸੀ। ਉਸ ਦੇ ਦਾਦਾ ਮੰਗਲ ਸਿੰਘ ਨੇ ਦੱਸਿਆ ਉਨ੍ਹਾਂ ਏਜੰਟ ਨਾਲ ਜਸਨੂਰ ਨੂੰ ਸਹੀ ਤਰੀਕੇ ਨਾਲ ਅਮਰੀਕਾ ਪਹੁੰਚਾਉਣ ਲਈ ਕਿਹਾ ਜਿਸ ਤਹਿਤ ਸੌਦਾ 55 ਲੱਖ ਵਿਚ ਤੈਅ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪੈਸੇ ਦਿੱਤੇ। ਜਸਨੂਰ 17 ਜੂਨ 2024 ਨੂੰ ਘਰ ਤੋਂ ਅਮਰੀਕਾ ਰਵਾਨਾ ਹੋਇਆ ਸੀ।
ਪਰ ਏਜੰਟ ਨੇ ਉਸ ਨਾਲ ਧੋਖਾ ਕਰਦਿਆਂ ਉਸ ਨੂੰ ਕਰੀਬ 10 ਦੇਸ਼ਾਂ ਵਿਚੋਂ ਦੀ ਲੰਘਾ ਕੇ ਤੇ ਅੱਠ ਮਹੀਨਿਆਂ ਬਾਅਦ ਮੈਕਸਿਕੋ ਰਾਹੀਂ ਬਾਰਡਰ ਪਾਰ ਕਰਵਾ ਕੇ ਅਮਰੀਕਾ ਵਿੱਚ ਦਾਖਲ ਕਰਵਾਇਆ। ਏਜੰਟ ਨੇ ਉਨ੍ਹਾਂ ਦੇ ਬੱਚੇ ਨੂੰ ਗੁਆਨਾ ਤੋਂ ਅੱਗੇ ਟੈਕਸੀਆਂ ਰਾਹੀਂ ਵੱਖ ਵੱਖ ਮੁਲਕਾਂ ਵਿੱਚੋਂ ਲਿਜਾਂਦਿਆਂ ਹੋਇਆ ਕੋਲੰਬੀਆ ਪਹੁੰਚਾਇਆ, ਜਿੱਥੇ ਉਸ ਨੂੰ ਕਰੀਬ ਚਾਰ ਮਹੀਨੇ ਰੋਕ ਕੇ ਰੱਖਿਆ। ਇਸ ਦੌਰਾਨ ਜਸਨੂਰ ਦੇ ਪਰਿਵਾਰ ਵੱਲੋਂ ਏਜੰਟ ਨੂੰ ਵਾਰ ਵਾਰ ਤਰਲੇ ਪਾਏ ਗਏ ਕਿ ਉਹ ਉਨ੍ਹਾਂ ਨਾਲ ਧੋਖਾ ਕਰ ਰਿਹਾ ਹੈ, ਇਸ ਕਰ ਕੇ ਉਹ ਉਨ੍ਹਾਂ ਦੇ ਬੱਚੇ ਨੂੰ ਵਾਪਸ ਭੇਜ ਦਵੇ ਪਰ ਜਲੰਧਰ ਦੇ ਏਜੰਟ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਕੋਲੰਬੀਆ ਤੋਂ ਸਮੁੰਦਰੀ ਕਿਸ਼ਤੀ ਰਾਹੀਂ ਪਨਾਮਾ ਪਹੁੰਚਾ ਦਿੱਤਾ ਜਿੱਥੇ ਉਨ੍ਹਾਂ ਦਾ ਬੱਚਾ ਬਹੁਤ ਭਾਰੀ ਮੁਸ਼ਕਿਲਾਂ ਵਿੱਚੋਂ ਲੰਘਦਾ ਹੋਇਆ ਨਦੀਆਂ, ਨਾਲਿਆਂ, ਜੰਗਲਾਂ ਰਾਹੀਂ ਪੰਜ ਦਿਨਾਂ ਬਾਅਦ ਪਨਾਮਾ ਦੇ ਜੰਗਲਾਂ ਵਿੱਚੋਂ ਅਮਰੀਕਾ ਪੁੱਜਾ।
ਜਸਨੂਰ ਨੇ ਦੱਸਿਆ ਕਿ ਪਹਿਲਾਂ ਪਹਿਲ ਉਸ ਦੀ ਉਸ ਦੇ ਪਰਿਵਾਰ ਨਾਲ ਫੋਨ ਉੱਪਰ ਗੱਲ ਹੋ ਜਾਂਦੀ ਸੀ ਪਰ ਅਮਰੀਕਾ ਦਾ ਬਾਰਡਰ ਟੱਪਦਿਆਂ ਹੀ ਉਸ ਦੀ ਆਪਣੇ ਪਰਿਵਾਰ ਨਾਲ ਕੋਈ ਗੱਲ ਨਹੀਂ ਹੋਈ। ਇਧਰ ਪੰਜਾਬ ਵਿੱਚ ਬੈਠਾ ਪਰਿਵਾਰ ਉਸ ਦੀ ਭਾਰੀ ਚਿੰਤਾ ਵਿੱਚ ਸੀ। ਪਰਿਵਾਰ ਨੇ ਦੱਸਿਆ ਕਿ ਜਸਨੂਰ ਨੂੰ ਅਮਰੀਕਾ ਭੇਜਣ ਲਈ ਉਨ੍ਹਾਂ ਆਪਣੀਆਂ ਦੋ ਕਮਰਸ਼ੀਅਲ ਗੱਡੀਆਂ, ਜ਼ਮੀਨ, ਪਲਾਟ ਵੇਚ ਕੇ 12 ਲੱਖ ਰੁਪਏ ਦੀ ਰਕਮ ਵਿਆਜ ਉੱਪਰ ਲੈ ਕੇ ਏਜੰਟ ਨੂੰ ਕੁੱਲ 55 ਲੱਖ ਰੁਪਏ ਦਿੱਤੇ।
ਜਸਨੂਰ ਸਿੰਘ ਨੇ ਦੱਸਿਆ ਕਿ ਅਮਰੀਕਾ ਵਿੱਚ ਦਾਖਲ ਹੁੰਦੇ ਸਾਰ ਹੀ ਅਮਰੀਕਨ ਪੁਲੀਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਉਹ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿਚ ਲੰਘਿਆ। ਉਸ ਨੇ ਦੱਸਿਆ ਇਸ ਦੌਰਾਨ ਅਮਰੀਕਨ ਪੁਲੀਸ ਵੱਲੋਂ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਉਤਰਵਾ ਕੇ ਕੂੜੇਦਾਨਾਂ ਵਿੱਚ ਸੁੱਟੀਆਂ ਗਈਆਂ ਅਤੇ ਦੁਬਾਰਾ ਸਿਰ ਢਕਣ ਨਹੀਂ ਦਿੱਤਾ ਗਿਆ। ਇਸ ਦਾ ਵਿਰੋਧ ਕਰਨ ’ਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਧਰਮ ਦੇ ਨਾਲ ਉਨ੍ਹਾਂ ਦਾ ਕੋਈ ਮਤਲਬ ਨਹੀਂ ਹੈ, ਉਹ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਹਨ। ਉਹ ਜਿੰਨੇ ਦਿਨ ਅਮਰੀਕਨ ਪੁਲੀਸ ਦੀ ਹਿਰਾਸਤ ਵਿੱਚ ਰਹੇ ਉਨ੍ਹਾਂ ਨੂੰ ਰੋਟੀ ਵੀ ਖਾਣ ਨੂੰ ਨਹੀਂ ਮਿਲੀ ਅਤੇ ਖਾਣ ਦੇ ਨਾਮ ਉੱਪਰ ਸਿਰਫ ਇੱਕ ਚਿਪਸ ਦਾ ਪੈਕੇਟ ਅਤੇ ਇੱਕ ਫਰੂਟੀ ਮਿਲਦੀ ਰਹੀ।
ਜਸਨੂਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਡਿਪੋਰਟ ਹੋਏ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਨੌਜਵਾਨਾਂ ਨਾਲ ਧੋਖਾਧੜੀ ਕਰਨ ਵਾਲੇ ਅਜਿਹੇ ਏਜੰਟਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।