ਅਮਰੀਕੀ ਅਦਾਲਤ ਵੱਲੋਂ ਰਾਣਾ ਦੀ ਜ਼ਮਾਨਤ ਅਰਜ਼ੀ ਰੱਦ
ਵਾਸ਼ਿੰਗਟਨ, 25 ਜੁਲਾਈ
ਅਮਰੀਕੀ ਅਦਾਲਤ ਨੇ 2008 ਦੇ ਮੁੰਬਈ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ (59) ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਭਗੌੜਾ ਕਰਾਰ ਦਿੱਤੇ ਗਏ ਰਾਣਾ ਦੀ ਹਵਾਲਗੀ ਲਈ ਭਾਰਤ ਨੇ ਦਰਖਾਸਤ ਦਿੱਤੀ ਹੋਈ ਹੈ। ਡੇਵਿਡ ਕੋਲਮੈਨ ਹੈਡਲੀ ਦੇ ਦੋਸਤ ਰਾਣਾ ਨੂੰ ਭਾਰਤ ਦੀ ਬੇਨਤੀ ’ਤੇ 10 ਜੂਨ ਨੂੰ ਲਾਸ ਏਂਜਲਸ ’ਚ ਮੁੜ ਗ੍ਰਿਫ਼ਤਾਰ ਕੀਤਾ ਗਿਆ ਸੀ। ਲਾਸ ਏਂਜਲਸ ’ਚ ਜ਼ਿਲ੍ਹਾ ਜੱਜ ਜੈਕੁਲੀਨ ਸ਼ੂਲਜਿਆਨ ਨੇ 24 ਪੰਨਿਆਂ ਦੇ ਹੁਕਮ ’ਚ ਰਾਣਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਉਸ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਹ ਕੈਨੇਡਾ ਫਰਾਰ ਹੋ ਸਕਦਾ ਹੈ। ਸਹਾਇਕ ਅਟਾਰਨੀ ਜੌਹਨ ਜੇ ਲੂਲੇਜਿਆਨ ਨੇ ਕਿਹਾ ਕਿ ਜੇਕਰ ਉਸ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਅਮਰੀਕਾ ਦੇ ਭਾਰਤ ਨਾਲ ਸਬੰਧ ਵਿਗੜ ਸਕਦੇ ਹਨ। ਉਧਰ ਰਾਣਾ ਦੇ ਵਕੀਲ ਨੇ ਕਿਹਾ ਸੀ ਕਿ ਉਹ ਵਿਦੇਸ਼ ਨਹੀਂ ਭੱਜੇਗਾ ਅਤੇ ਜ਼ਮਾਨਤ ਲਈ ਉਸ ਨੇ 15 ਲੱਖ ਡਾਲਰ ਦਾ ਬਾਂਡ ਭਰਨ ਦੀ ਤਜਵੀਜ਼ ਵੀ ਪੇਸ਼ ਕੀਤੀ ਸੀ। -ਪੀਟੀਆਈ