ਚੇਂਗਦੂ ਵਿੱਚ ਅਮਰੀਕੀ ਕੌਂਸਲਖਾਨਾ ਬੰਦ
ਪੇਈਚਿੰਗ/ਚੇਂਗਦੂ, 27 ਜੁਲਾਈ
ਚੀਨ ਨੇ ਅੱਜ ਕਿਹਾ ਕਿ ਉਸ ਨੇ ਚੇਂਗਦੂ ਵਿੱਚ ਸਥਿਤ ਅਮਰੀਕੀ ਕੌਂਸਲੇਟ ਰਸਮੀ ਤੌਰ ’ਤੇ ਬੰਦ ਕਰ ਦਿੱਤਾ ਹੈ। ਚੀਨ ਨੇ ਹਿਊਸਟਨ ਵਿੱਚ ਚੀਨੀ ਸਫ਼ਾਰਤਖਾਨਾ ਬੰਦ ਕਰਨ ਦੇ ਅਮਰੀਕਾ ਦੇ ਹੁਕਮਾਂ ਦੇ ਜਵਾਬ ਵਜੋਂ ਚੇਂਗਦੂ ਵਿੱਚ ਸਥਿਤ ਅਮਰੀਕੀ ਕੌਂਸਲੇਟ ਬੰਦ ਕਰਨ ਦਾ ਹੁਕਮ ਦਿੱਤਾ ਸੀ।
ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਇਕ ਪ੍ਰੈੱਸ ਰਿਲੀਜ਼ ਅਨੁਸਾਰ ਅੱਜ ਸਵੇਰੇ 10 ਵਜੇ ਚੇਂਗਦੂ ਵਿੱਚ ਸਥਿਤ ਅਮਰੀਕੀ ਕੌਂਸਲੇਟ ਜਨਰਲ ਬੰਦ ਕਰ ਦਿੱਤਾ ਗਿਆ। ਚੇਂਗਦੂ ਚੀਨ ਦੇ ਦੱਖਣ-ਪੱਛਮੀ ਸੂਬੇ ਸਿਚੁਆਨ ਦੀ ਰਾਜਥਾਨੀ ਹੈ। ਉਪਰੰਤ ਚੀਨ ਦੇ ਸਮਰੱਥ ਅਧਿਕਾਰੀ ਮੁੱਖ ਗੇਟ ਰਾਹੀਂ ਇਮਾਰਤ ਦੇ ਅੰਦਰ ਦਾਖ਼ਲ ਹੋਏ ਅਤੇ ਇਮਾਰਤ ਨੂੰ ਕਬਜ਼ੇ ਵਿਚ ਲੈ ਲਿਆ। ਚੀਨ ਦੇ ਸਰਕਾਰੀ ਟੈਲੀਵਿਜ਼ਨ ‘ਸੀਸੀਟੀਵੀ’ ਅਨੁਸਾਰ ਸਵੇਰੇ-ਸਵੇਰੇ ਇਮਾਰਤ ਤੋਂ ਅਮਰੀਕੀ ਝੰਡਾ ਲਾਹ ਦਿੱਤਾ ਗਿਆ ਸੀ। ਪੁਲੀਸ ਨੇ ਕੌਂਸਲੇਟ ਦੁਆਲੇ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਹੈ। ਉੱਧਰ, ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅੱਜ ਬਿਆਨ ਜਾਰੀ ਕਰ ਕੇ ਕੌਂਸਲੇਟ ਬੰਦ ਕਰਨ ’ਤੇ ਨਿਰਾਸ਼ਾ ਜ਼ਾਹਿਰ ਕੀਤੀ। ਮੰਤਰਾਲੇ ਨੇ ਕਿਹਾ, ‘‘ਇਹ ਦੂਤਾਵਾਸ ਪਿਛਲੇ 35 ਸਾਲਾਂ ਤੋਂ ਤਿੱਬਤ ਸਣੇ ਪੱਛਮੀ ਚੀਨ ਦੇ ਲੋਕਾਂ ਨਾਲ ਸਾਡੇ ਸਬੰਧਾਂ ਦਾ ਕੇਂਦਰ ਰਿਹਾ ਹੈ। ਅਸੀਂ ਚੀਨੀ ਕਮਿਊਨਿਸਟ ਪਾਰਟੀ ਦੇ ਫ਼ੈਸਲੇ ਤੋਂ ਨਿਰਾਸ਼ ਹਾਂ।’’ -ਪੀਟੀਆਈ