ਫਿਲਪੀਨਜ਼ ਦੀ ਮਦਦ ਲਈ ਅਮਰੀਕਾ ਵਚਨਬੱਧ: ਬਲਿੰਕਨ
* ਅਮਰੀਕਾ ਨੇ ਫਿਲਪੀਨਜ਼ ਨਾਲ ਸਾਂਝੀ ਰੱਖਿਆ ਸੰਧੀ ਤਹਿਤ ਆਪਣੀ ਵਚਨਬੱਧਤਾ ਦੁਹਰਾਈ
ਮਨੀਲਾ, 19 ਮਾਰਚ
ਵਿਵਾਦਤ ਦੱਖਣੀ ਚੀਨ ਸਾਗਰ ’ਚ ਚੀਨੀ ਤੇ ਫਿਲੀਪੀਨੋ ਤੱਟ ਰੱਖਿਅਕਾਂ ਵਿਚਾਲੇ ਹਾਲੀਆਂ ਝੜਪਾਂ ਮਗਰੋਂ ਅਮਰੀਕੀ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਫਿਲਪੀਨਜ਼ ਦੇ ਬਲਾਂ ’ਤੇ ਹਮਲਾ ਹੋਣ ਦੀ ਸੂਰਤ ’ਚ ਅਮਰੀਕਾ ਫਿਲਪੀਨਜ਼ ਦੀ ਮਦਦ ਲਈ ਵਚਨਬੱਧ ਹੈ। ਹਾਲੀਆ ਸਮੇਂ ਦੌਰਾਨ ਦੱਖਣੀ ਚੀਨ ਸਾਗਰ ’ਚ ਚੀਨ ਤੇ ਫਿਲਪੀਨਜ਼ ਵਿਚਾਲੇ ਦੁਸ਼ਮਣੀ ਹੋਰ ਵਧ ਗਈ ਹੈ। ਅਮਰੀਕਾ ਦੇ ਸਹਿਯੋਗੀ ਮੁਲਕ ਦੇ ਉੱਚ ਪੱਧਰੀ ਅਧਿਕਾਰਤ ਦੌਰੇ ਦੌਰਾਨ ਬਲਿੰਕਨ ਨੇ ਅੱਜ ਮਨੀਲਾ ’ਚ ਫਿਲਪੀਨਜ਼ ਦੇ ਪ੍ਰਧਾਨ ਮੰਤਰੀ ਫਰਡੀਨੈਂਡ ਮਾਰਕੋਸ ਜੂਨੀਅਰ ਤੇ ਹੋਰ ਉੱਚ ਅਧਿਕਾਰੀਆਂ ਨਾਲ ਤੈਅ ਮੀਟਿੰਗ ਤੋਂ ਪਹਿਲਾਂ ਆਪਣੇ ਫਿਲਪੀਨਜ਼ ਹਮਰੁਤਬਾ ਐਨਰਿਕ ਮਨਾਲੋ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਪਰੈਲ ਮਹੀਨੇ ਵ੍ਹਾਈਟ ਹਾਊਸ ਸੰਮੇਲਨ ’ਚ ਮਾਰਕੋਸ ਅਤੇ ਜਪਾਨੀ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਮੇਜ਼ਬਾਨੀ ਕਰਨਗੇ। ਤਿੰਨਾਂ ਵੱਲੋਂ ਦੱਖਣੀ ਚੀਨ ਸਾਗਰ ’ਚ ਚੀਨ ਦੀਆਂ ਵਧਦੀਆਂ ਹਮਲਾਵਰ ਸਰਗਰਮੀਆਂ ਅਤੇ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਬਾਰੇ ਚਰਚਾ ਕਰਨ ਦੀ ਸੰਭਾਵਨਾ ਹੈ। ਬਲਿੰਕਨ ਨੇ ਮਨਾਲੋ ਨਾਲ ਕਾਨਫਰੰਸ ’ਚ ਕਿਹਾ, ‘‘ਅਸੀਂ ਫਿਲਪੀਨਜ਼ ਦੇ ਨਾਲ ਖੜ੍ਹੇ ਹਾਂ ਅਤੇ ਸਾਂਝੀ ਰੱਖਿਆ ਸੰਧੀ ਤਹਿਤ ਆਪਣੀ ਦ੍ਰਿੜ ਰੱਖਿਆ ਵਚਨਬੱਧਤਾ ’ਤੇ ਕਾਇਮ ਹਾਂ।’’ -ਏਪੀ
ਯੂਕਰੇਨ ਨੂੰ ਸਹਾਇਤਾ ਦੇਣੀ ਜਾਰੀ ਰੱਖੇਗਾ ਅਮਰੀਕਾ
ਰੈਮਸਟੀਨ ਏਅਰਬੇਸ (ਜਰਮਨੀ): ਅਮਰੀਕੀ ਰੱਖਿਆ ਸਕੱਤਰ ਲਿਲਿਓਡ ਆਸਟਿਨ ਨੇ ਅੱਜ ਕਿਹਾ ਕਿ ਅਮਰੀਕਾ ਰੂਸ ਖ਼ਿਲਾਫ਼ ਜੰਗ ’ਚ ਯੂਕਰੇਨ ਦੀਆਂ ਕੋਸ਼ਿਸ਼ਾਂ ਲਈ ਅਮਰੀਕਾ ਵੱਲੋਂ ਮਦਦ ਜਾਰੀ ਰਹੇਗੀ ਭਾਵੇਂ ਕਿ ਅਮਰੀਕੀ ਕਾਂਗਰਸ ਇਸ ਮੋਰਚੇ ’ਤੇ ਵਾਧੂ ਹਥਿਆਰ ਭੇਜਣ ਨੂੰ ਲੈ ਕੇ ਫੰਡਿੰਗ ਦੇ ਮਾਮਲੇ ’ਤੇ ਰੁਕੀ ਹੋਈ ਹੈ। ਜਰਮਨੀ ਦੇ ਰੈਮਸਟੀਨ ਏਅਰਬੇਸ ’ਤੇ ਯੂਰੋਪ ਤੇ ਵਿਸ਼ਵ ਦੇ ਹੋਰ ਮੁਲਕਾਂ ਦੇ 50 ਤੋਂ ਵੱਧ ਰੱਖਿਆ ਨੇਤਾਵਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਮਰੀਕਾ ਯੂਕਰੇਨ ਨੂੰ ਨਾਕਾਮ ਨਹੀਂ ਹੋਣ ਦੇਵੇਗਾ। ਇਹ ਗੱਠਜੋੜ ਤੇ ਆਜ਼ਾਦ ਵਿਸ਼ਵ ਯੂਕਰੇਨ ਨੂੰ ਨਾਕਾਮ ਨਹੀਂ ਹੋਣ ਦੇਵੇਗਾ।’’ -ਏਪੀ