US-Canada News: ਟਰੰਪ ਨਾਲ ਮਿਲਣੀ ਦੇ ਨਤੀਜੇ ਕੈਨੇਡਾ ਲਈ ਲਾਹੇਵੰਦ ਸਾਬਤ ਹੋਣਗੇ: ਟਰੂਡੋ
09:26 PM Dec 01, 2024 IST
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਰਡ ਟਰੰਪ ਫਲੋਰਿਡਾ ਵਿੱਚ ਮੁਲਾਕਾਤ ਦੌਰਾਨ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 1 ਦਸੰਬਰ
US-Canada News: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadaian PM Justin Trudeau) ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ (Donald Trump) ਨਾਲ ਅਮਰੀਕਾ ਫਲੋਰਿਡਾ ਸਥਿਤ ਟਰੰਪ ਦੇ ਰਿਜ਼ਾਰਟ ਵਿੱਚ ਕੀਤੀ ਗਈ ਮਿਲਣੀ ਨੂੰ ਕੈਨੇਡਾ ਲਈ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੁਵੱਲੀ ਸਦਭਾਵਨਾ ਲਈ ਮਿਲਣੀ ਜ਼ਰੂਰੀ ਸੀ ਜਿਸ ਦੇ ਨਤੀਜੇ ਦੇਸ਼ ਲਈ ਚੰਗੇ ਹੋਣਗੇ।
ਦੋਹਾਂ ਆਗੂਆਂ ਵਲੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਰਾਤ ਦੇ ਖਾਣੇ ’ਤੇ ਹੋਈ ਸਾਢੇ ਤਿੰਨ ਘੰਟੇ ਮਿਲਣੀ ਨੂੰ ਉਤਸ਼ਾਹੀ ਤੇ ਚੰਗਾ ਕਰਾਰ ਦਿੱਤਾ ਗਿਆ। ਟਰੰਪ ਵਲੋਂ ਕਿਹਾ ਗਿਆ ਕਿ ਉਨ੍ਹਾਂ ਨੇ ਨਜਾਇਜ਼ ਨਸ਼ਾ ਤਸਕਰੀ, ਸਰਹੱਦੀ ਸੁਰੱਖਿਆ ਅਤੇ ਵਪਾਰਕ ਮਾਮਲਿਆਂ ਬਾਰੇ ਲੰਮੀ ਚੌੜੀ ਵਿਚਾਰ ਚਰਚਾ ਕੀਤੀ ਹੈ। ਟਰੰਪ ਨੇ ਮਿਲਣੀ ਨੂੰ ਲਾਹੇਵੰਦਾ ਕਹਿੰਦੇ ਹੋਏ ਕਿਹਾ ਕਿ ਉਨ੍ਹਾਂ ਅਗਲੇ ਮਹੀਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਦੇਸ਼ ਵਾਸੀਆਂ ਨੂੰ ਨਸ਼ਿਆਂ ਦੀ ਪਕੜ ਤੋਂ ਬਚਾਉਣ ਲਈ ਪੂਰੀ ਵਾਹ ਲਾਉਣਗੇ ਤੇ ਇਸ ਮਾਮਲੇ ’ਤੇ ਕਿਸੇ ਨਾਲ ਲਿਹਾਜ਼ ਨਹੀਂ ਕੀਤਾ ਜਾਏਗਾ।
Advertisement
ਦੂਸਰੀ ਵਾਰ ਰਾਸ਼ਟਰਪਤੀ ਚੁਣੇ ਗਏ ਟਰੰਪ ਨੇ ਕਿਹਾ ਹੈ ਕਿ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਨਸ਼ਿਆਂ ਦੇ ਰੁਝਾਨ ਨੂੰ ਨੱਥ ਪਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਤੇ ਗਵਾਂਢੀ ਦੇਸ਼ ਦੇ ਹਰੇਕ ਕਦਮ ਨਾਲ ਕਦਮ ਮਿਲਾ ਕੇ ਚਲਣਗੇ। ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਵਲੋਂ ਟਰੂਡੋ ਨਾਲ ਉਹ ਸਾਰੇ ਮਾਮਲੇ ਵਿਚਾਰੇ ਗਏ ਜਿਨ੍ਹਾਂ ਬਾਰੇ ਉਨ੍ਹਾਂ ਕੁਰਸੀ ’ਤੇ ਬੈਠਣ ਦੇ ਪਹਿਲੇ ਦਿਨ ਫੈਸਲੇ ਲੈ ਕੇ ਕੰਮ ਸ਼ੁਰੂ ਕਰਨਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਅਮਰੀਕਾ ਆਉਂਦੇ ਸਾਮਾਨ ਉੱਤੇ 25 ਫੀਸਦ ਟੈਰਿਫ ਬਾਰੇ ਵਿਚਾਰ ਚਰਚਾ ਤਾਂ ਹੋਈ, ਪਰ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ।
ਪ੍ਰਧਾਨ ਮੰਤਰੀ ਟਰੂਡੋ ਦੀ ਅਚਾਨਕ ਫਲੋਰਿਡਾ ਫੇਰੀ ਨੇ ਕਈਆਂ ਨੂੰ ਹੈਰਾਨ ਕੀਤਾ ਹੈ। ਟਰੰਪ ਦੇ ਰਿਜ਼ਾਰਟ ਦੀ ਅਚਾਨਕ ਫੇਰੀ ਮੌਕੇ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੇ ਖਾਸ ਮੰਤਰੀ, ਸਲਾਹਕਾਰ ਫਲੋਰਿਡਾ ਪਹੁੰਚੇ। ਪਰ ਪਹਿਲੇ ਦੌਰ ਦੀ ਮਿਲਣੀ ਮੌਕੇ ਸਿਰਫ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਮੌਜੂਦ ਦੱਸੇ ਗਏ ਹਨ। ਉਂਜ ਰਾਸ਼ਟਰਪਤੀ ਵਲੋਂ ਦਿੱਤੇ ਰਾਤ ਦੇ ਖਾਣੇ ਦੀ ਦਾਅਵਤ ਦਾ ਅਨੰਦ ਉੱਥੇ ਪਹੁੰਚੇ ਕੈਨੇਡੀਅਨ ਜਥੇ ਨੇ ਵੀ ਮਾਣਿਆ।
Advertisement