US-Canada News: ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਧਮਕੀ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ (Premiers) ਨਾਲ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਫੈਡਰਲ ਸਰਕਾਰ ਦੀ ਯੋਜਨਾ ਬਾਰੇ 'ਸੰਖੇਪ ਜਾਣਕਾਰੀ' ਸਾਂਝੀ ਕੀਤੀ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਧਮਕੀ ਮੁਤਾਬਕ ਟੈਰਿਫ਼ 'ਤੇ ਸੰਭਾਵਿਤ ਪ੍ਰਤੀਕ੍ਰਿਆਵਾਂ 'ਤੇ ਚਰਚਾ ਕੀਤੀ।
ਪਬਲਿਕ ਸੇਫ਼ਟੀ ਮੰਤਰੀ ਡੋਮਿਨਿਕ ਲੇਬਲਾਂਕ ਨੇ ਓਟਵਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਸਰਹੱਦੀ ਯੋਜਨਾ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਬੈਠਕ ਦੌਰਾਨ ਪ੍ਰੀਮੀਅਰਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕੈਨੇਡੀਅਨਾਂ ਨਾਲ ਵੇਰਵੇ ਸਾਂਝੇ ਕੀਤੇ ਜਾਣਗੇ। ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਪ੍ਰੀਮੀਅਰਾਂ ਨਾਲ ਸਰਹੱਦੀ ਯੋਜਨਾ ਦੇ ਵੇਰਵੇ ਸਾਂਝੇ ਕੀਤੇ ਅਤੇ ਹਾਂਪੱਖੀ ਫੀਡ ਬੈਕ ਮਿਲਿਆ।
ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ (Doug Ford) ਦਾ ਕਹਿਣਾ ਹੈ ਕਿ ਜੇ ਡਨਲਡ ਟਰੰਪ (President Donald Trump) ਕੈਨੇਡੀਅਨ ਵਸਤਾਂ 'ਤੇ ਭਾਰੀ ਟੈਕਸ ਲਾਉਣ ਦੀ ਧਮਕੀ ਨੂੰ ਅਮਲ ਵਿਚ ਲਿਆਂਦੇ ਹਨ ਤਾਂ ਓਂਟਾਰੀਓ ਅਮਰੀਕਾ ਲਈ ਬਿਜਲੀ ਸਪਲਾਈ ਬੰਦ ਕਰ ਸਕਦਾ ਹੈ। ਫੋਰਡ ਨੇ ਕੁਈਨਜ਼ ਪਾਰਕ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਫੈਡਰਲ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਉਨ੍ਹਾਂ ਵਸਤੂਆਂ ਦੀ ਸੂਚੀ ਤਿਆਰ ਕਰਨਗੇ ਜਿਨ੍ਹਾਂ 'ਤੇ ਕੈਨੇਡਾ ਜਵਾਬੀ ਟੈਰਿਫ਼ ਲਗਾ ਸਕਦਾ ਹੈ ਅਤੇ ਓਂਟਾਰੀਓ ਸਰਕਾਰ ਵੀ ਅਜਿਹੀ ਸੂਚੀ ਤਿਆਰ ਕਰੇਗੀ। ਉਂਝ ਇਸ ਮਾਮਲੇ ਉਤੇ ਫੋਰਡ ਉਦੋਂ ਇਕੱਲੇ ਪੈਂਦੇ ਨਜ਼ਰ ਆਏ ਜਦੋਂ ਮੁਲਕ ਦੇ ਬਾਕੀ ਬਿਜਲੀ ਉਤਪਾਦਕ ਸੂਬਿਆਂ ਨੇ ਅਜਿਹਾ ਕਰਨ ਤੋਂ ਨਾਂਹ ਕਰਦਿਆਂ ਇਸ ਨੂੰ ਫੋਰਡ ਦੀ ਨਿਜੀ ਸੋਚ ਕਰਾਰ ਦਿੱਤਾ।
ਅਮਰੀਕਾ ਤੇ ਓਂਟਾਰੀਓ ਦਰਮਿਆਨ ਹੁੰਦਾ ਹੈ 500 ਅਰਬ ਡਾਲਰ ਤੋਂ ਵੱਧ ਦਾ ਵਪਾਰ
ਕੈਨੇਡਾ ਤੋਂ ਅਮਰੀਕਾ ਵਿਚ ਗੈਰਕਾਨੂੰਨੀ ਫੈਂਟਾਨਿਲ ਪਹੁੰਚਣ ਬਾਰੇ ਟਰੰਪ ਦੇ ਦਾਅਵਿਆਂ ਵਿਚ ਸਬੂਤਾਂ ਦੀ ਘਾਟ ਦੇ ਬਾਵਜੂਦ ਕੈਨੇਡਾ ਨੇ ਸਰਹੱਦੀ ਸੁਰੱਖਿਆ ਵਧਾਉਣ ਦਾ ਅਹਿਦ ਕੀਤਾ ਹੈ। ਇਹ ਸਪਸ਼ਟ ਨਹੀਂ ਹੋਇਆ ਕਿ ਕੀ ਫੋਰਡ ਸਾਰੇ ਕੈਨੇਡੀਅਨ ਸੂਬਿਆਂ ਬਾਰੇ ਗੱਲ ਕਰ ਰਹੇ ਸਨ ਜੋ ਅਮਰੀਕਾ ਨੂੰ ਊਰਜਾ ਨਿਰਯਾਤ ਨੂੰ ਰੋਕਣਗੇ ਜਾਂ ਇਕੱਲੇ ਓਂਟਾਰੀਓ ਬਾਰੇ ਗੱਲ ਕਰ ਰਹੇ ਸਨ। ਪਰ ਫੋਰਡ ਦੇ ਇੱਕ ਬੁਲਾਰੇ ਗ੍ਰੇਸ ਲੀ ਨੇ ਦੱਸਿਆ ਕਿ ਇਹ ਨੁਕਤਾ ਟਰੂਡੋ ਅਤੇ ਸੂਬਾਈ ਪ੍ਰੀਮੀਅਰਾਂ ਵਿਚਕਾਰ ਹੋਈ ਮੁਲਾਕਾਤ ਵਿੱਚ ਚੁੱਕਿਆ ਗਿਆ ਸੀ। ਲੀ ਨੇ ਦੱਸਿਆ ਕਿ ਓਂਟਾਰੀਓ ਨੇ 2023 ਵਿੱਚ ਅਮਰੀਕਾ ਵਿੱਚ 15 ਲੱਖ ਘਰਾਂ ਨੂੰ ਬਿਜਲੀ ਦਿੱਤੀ ਸੀ ਅਤੇ ਓਂਟਾਰੀਓ ਮਿਸ਼ੀਗਨ, ਮਿਨੀਸੋਟਾ ਅਤੇ ਨਿਊਯਾਰਕ ਨੂੰ ਬਿਜਲੀ ਦੀ ਭਾਰੀ ਬਰਾਮਦ ਕੀਤੀ।
ਟਰੂਡੋ ਦੀ ਟਰੰਪ ਨੂੰ ਮਿਲਣ ਪਿੱਛੋਂ ਪ੍ਰੀਮੀਅਰਾਂ ਨਾਲ ਪਹਿਲੀ ਮੁਲਾਕਾਤ
ਕੀ ਕਹਿੰਦੇ ਹਨ ਐਨਡੀਪੀ ਨੇਤਾ ਜਗਮੀਤ ਸਿੰਘ ਤੇ ਕੰਜ਼ਰਵੇਟਿਵ ਆਗੂ ਪੋਲੀਵਰ
ਐਨਡੀਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਹੁਣ ਏਕਤਾ ਅਤੇ ਸ਼ਕਤੀ ਪ੍ਰਦਰਸ਼ਨ ਦੇ ਸੰਕੇਤ ਭੇਜਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸਵੀਕਾਰ ਕਰਨ ਦੀ ਜ਼ਰੂਰਤ ਹੈ ਕਿ ਟਰੰਪ ਧੱਕੇਸ਼ਾਹੀ ਕਰ ਰਿਹਾ ਹੈ। ਧੱਕੇਸ਼ਾਹੀ ਕਰਨ ਵਾਲੇ ਕਮਜ਼ੋਰੀ ਦੀ ਭਾਲ ਕਰਦੇ ਹਨ। ਇਸ ਲਈ ਉਹ ਸਾਨੂੰ ਟਰੌਲ ਕਰ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਲੀਵਰ ਨੇ ਕਿਹਾ ਕਿ ਹਰ ਕੰਜ਼ਰਵੇਟਿਵ ਹਰ ਇਕ ਅਮਰੀਕੀ ਨੂੰ ਦੱਸੇਗਾ ਕਿ ਕੈਨੇਡਾ 'ਤੇ ਟੈਰਿਫ਼ ਲਗਾਉਣਾ ਇਕ ਬੁਰਾ ਵਿਚਾਰ ਹੋਵੇਗਾ। ਪਰ ਉਨ੍ਹਾਂ ਨੇ ਵਾਰ-ਵਾਰ ਟਰੂਡੋ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਇਕ ਕਮਜ਼ੋਰ ਨੇਤਾ ਹਨ ਜੋ ਟਰੰਪ ਦੀਆਂ ਧਮਕੀਆਂ ਤੋਂ ਕੈਨੇਡਾ ਦੀ ਰੱਖਿਆ ਨਹੀਂ ਕਰ ਸਕਦੇ।
ਅਮਰੀਕਾ ਨੂੰ ਬਿਜਲੀ ਬੰਦ ਦੀ ਧਮਕੀ ਮਾਮਲੇ ‘ਚ ਡੱਗ ਫੋਰਡ ਇਕੱਲਾ ਪਿਆ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ: ਅਮਰੀਕੀ ਸਦਰ ਟਰੰਪ ਵਲੋਂ ਕੈਨੇਡਾ ਤੋਂ ਆਉਂਦੇ ਸਮਾਨ ’ਤੇ ਟੈਰਿਫ ਵਧਾਉਣ ਦੇ ਬਿਆਨ ਦੇ ਜਵਾਬ ਵਿੱਚ ਕੈਨੇਡਾ ਵਲੋਂ ਅਮਰੀਕਾ ਨੂੰ ਭੇਜੀ ਜਾਂਦੀ ਬਿਜਲੀ ਬੰਦ ਕਰਨ ਦੀ ਧਮਕੀ ਵਾਲੇ ਮਾਮਲੇ ਵਿੱਚ ਉਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਇਕੱਲੇ ਪੈ ਗਏ ਹਨ। ਬਿਜਲੀ ਉਤਪਾਦਕ ਸੂਬਿਆਂ ਜਿਵੇਂ ਅਲਬਰਟਾ. ਕਿਊਬੈਕ, ਨਿਊ ਫਾਊਂਡ ਲੈਂਡ ਤੇ ਲੈਬਰਾਡੋਰ ਦੇ ਮੁੱਖ ਮੰਤਰੀਆਂ ਨੇ ਡੱਗ ਫੋਰਡ ਦੇ ਬਿਆਨ ਨੂੰ ਉਸ ਦਾ ਨਿੱਜੀ ਬਿਆਨ ਕਰਾਰ ਦਿੱਤਾ ਹੈ।