ਅਮਰੀਕਾ ਵੱਲੋਂ ਰੂਸ ਦਾ ਸਮਰਥਨ ਕਰਨ ’ਤੇ ਭਾਰਤ ਦੇ 15 ਵਿਅਕਤੀਆਂ ਅਤੇ ਕੰਪਨੀਆਂ ’ਤੇ ਪਾਬੰਦੀ
ਵਾਸ਼ਿੰਗਟਨ, 1 ਨਵੰਬਰ
ਅਮਰੀਕਾ ਨੇ ਰੂਸ ਦੇ ਫੌਜੀ-ਉਦਯੋਗਿਕ ਬੇਸ ਦਾ ਕਥਿਤ ਤੌਰ ’ਤੇ ਸਮਰਥਨ ਕਰਨ ਦੇ ਦੋਸ਼ ਹੇਠ ਕੁੱਲ 275 ਵਿਅਕਤੀਆਂ ਅਤੇ ਸੰਸਥਾਵਾਂ ’ਤੇ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ’ਚੋਂ 15 ਭਾਰਤੀ ਹਨ। ਵਿੱਤ ਵਿਭਾਗ ਨੇ ਬਿਆਨ ’ਚ ਕਿਹਾ ਕਿ ਚੀਨ, ਸਵਿਟਜ਼ਰਲੈਂਡ, ਥਾਈਲੈਂਡ ਅਤੇ ਤੁਰਕੀ ਦੀਆਂ ਕੰਪਨੀਆਂ ’ਤੇ ਵੀ ਰੂਸ ਨੂੰ ਆਧੁਨਿਕ ਤਕਨਾਲੋਜੀ ਅਤੇ ਸਾਜ਼ੋ-ਸਾਮਾਨ ਦੀ ਸਪਲਾਈ ਕਰਨ ਲਈ ਪਾਬੰਦੀਆਂ ਲਾਈਆਂ ਗਈਆਂ ਹਨ। ਵਿੱਤ ਵਿਭਾਗ ਦੇ ਉਪ ਸਕੱਤਰ ਵੈਲੀ ਅਡੇਯੇਮੋ ਨੇ ਕਿਹਾ, ‘ਯੂਕਰੇਨ ਖ਼ਿਲਾਫ਼ ਗੈਰਕਾਨੂੰਨੀ ਅਤੇ ਅਨੈਤਿਕ ਜੰਗ ਲਈ ਰੂਸ ਨੂੰ ਲੋੜੀਂਦੇ ਅਹਿਮ ਸਾਧਨ ਅਤੇ ਤਕਨਾਲੋਜੀਆਂ ਦਾ ਪ੍ਰਵਾਹ ਰੋਕਣ ਲਈ ਅਮਰੀਕਾ ਅਤੇ ਸਾਡੇ ਸਹਿਯੋਗੀ ਦੁਨੀਆ ਭਰ ਵਿੱਚ ਕਾਰਵਾਈ ਜਾਰੀ ਰੱਖਣਗੇ।’ ਅਮਰੀਕਾ ਨੇ ਰੂਸੀ ਰੱਖਿਆ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀਆਂ, ਰੱਖਿਆ ਕੰਪਨੀਆਂ ਅਤੇ ਰੂਸ ਦੇ ਭਵਿੱਖੀ ਊਰਜਾ ਉਤਪਾਦਨ ਅਤੇ ਨਿਰਯਾਤ ਦਾ ਸਮਰਥਨ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। -ਪੀਟੀਆਈ
ਭਾਰਤ ਤੇ ਅਮਰੀਕਾ ਵਿਚਾਲੇ ਫੌਜੀ ਮਸ਼ਕਾਂ ਅੱਜ ਤੋਂ
ਨਵੀਂ ਦਿੱਲੀ:
ਭਾਰਤੀ ਅਤੇ ਅਮਰੀਕੀ ਫੌਜ ਵਿਚਾਲੇ ਮਸ਼ਕਾਂ ਭਲਕੇ ਤੋਂ ਸ਼ੁਰੂ ਹੋਣਗੀਆਂ। ਇਸ ਦੌਰਾਨ ਇੰਡੋਨੇਸ਼ੀਆ ਨਾਲ ਵੱਖਰੇ ਤੌਰ ’ਤੇ ਮਸ਼ਕਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ ਜਿਸ ਨੂੰ ‘ਗਰੁੜ ਸ਼ਕਤੀ’ ਨਾਮ ਦਿੱਤਾ ਗਿਆ ਹੈ ਅਤੇ ਇਹ ਮਸ਼ਕਾਂ 12 ਨਵੰਬਰ ਤੱਕ ਜਾਰੀ ਰਹਿਣਗੀਆਂ। 15ਵੀਆਂ ਭਾਰਤ-ਅਮਰੀਕੀ ਸਾਂਝੀਆਂ ਮਸ਼ਕਾਂ ‘ਵਜਰ ਪ੍ਰਹਾਰ’ 2 ਤੋਂ 22 ਨਵੰਬਰ ਤੱਕ ਇਡਾਹੋ (ਅਮਰੀਕਾ) ਦੇ ਓਰਚਾਰਡ ਕੰਬੈਟ ਟਰੇਨਿੰਗ ਸੈਂਟਰ ’ਤੇ ਹੋਣਗੀਆਂ। ਭਾਰਤੀ ਫੌਜ ਦਾ ਦਲ ਅੱਜ ਮਸ਼ਕਾਂ ਲਈ ਰਵਾਨਾ ਹੋ ਗਿਆ ਹੈ। ਭਾਰਤੀ ਅਤੇ ਅਮਰੀਕੀ ਫੌਜਾਂ ਵਿਚਾਲੇ ਇਸ ਵਰ੍ਹੇ ਦੂਜੀ ਵਾਰ ਮਸ਼ਕਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਸਤੰਬਰ ’ਚ ਰਾਜਸਥਾਨ ਵਿੱਚ ‘ਯੁੱਧ ਅਭਿਆਸ’ ਕੀਤਾ ਗਿਆ ਸੀ। ਰੇਗਿਸਤਾਨ ਅਤੇ ਘੱਟ ਰੇਤੀਲੇ ਮਾਹੌਲ ’ਚ ਮਸ਼ਕਾਂ ਨਾਲ ਸਾਂਝੇ ਵਿਸ਼ੇਸ਼ ਬਲਾਂ ਦੀ ਸਮਰੱਥਾ ਵਧੇਗੀ। ਮਸ਼ਕਾਂ ਸਿਖਰਲੇ ਪੱਧਰ ਦੀ ਸ਼ਰੀਰਕ ਫਿਟਨੈੱਸ, ਸਾਂਝੀਆਂ ਯੋਜਨਾਵਾਂ ਅਤੇ ਜੰਗੀ ਅਭਿਆਸ ’ਤੇ ਕੇਂਦਰਤ ਹੋਣਗੀਆਂ। ਇਸ ਦੌਰਾਨ ਭਾਰਤੀ ਫੌਜ ਦਾ ਇਕ ਦਲ ਜਕਾਰਤਾ ਦੇ ਸਿਜਾਨਤੁੰਗ (ਇੰਡੋਨੇਸ਼ੀਆ) ਲਈ ਰਵਾਨਾ ਹੋਇਆ ਹੈ। ਭਾਰਤੀ ਦਲ ਦੀ ਅਗਵਾਈ ਪੈਰਾਸ਼ੂਟ ਰੈਜੀਮੈਂਟ (ਸਪੈਸ਼ਲ ਫੋਰਸਿਜ਼) ਦੇ ਜਵਾਨ ਅਤੇ ਇੰਡੋਨੇਸ਼ਿਆਈ ਫੌਜ ਦੇ ਵਿਸ਼ੇਸ਼ ਬਲਾਂ ਦੇ 40 ਜਵਾਨ ਕਰ ਰਹੇ ਹਨ। ਮਸ਼ਕਾਂ ਦੌਰਾਨ ਦੋਵੇਂ ਮੁਲਕਾਂ ਦੇ ਜਵਾਨ ਜੰਗਲੀ ਇਲਾਕੇ ’ਚ ਅਭਿਆਸ ਕਰਨ ਤੋਂ ਇਲਾਵਾ ਦਹਿਸ਼ਤੀ ਕੈਂਪਾਂ ’ਤੇ ਹਮਲੇ ਅਤੇ ਹੋਰ ਵਿਸ਼ੇਸ਼ ਹੁਨਰ ਵੀ ਦਿਖਾਉਣਗੇ।