ਅਮਰੀਕਾ ਵੱਲੋਂ ਹੂਤੀਆਂ ਦੇ 15 ਟਿਕਾਣਿਆਂ ’ਤੇ ਹਵਾਈ ਹਮਲੇ
ਵਾਸ਼ਿੰਗਟਨ, 5 ਅਕਤੂਬਰ
ਅਮਰੀਕੀ ਸੈਂਟਰਲ ਕਮਾਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਨੇ ਯਮਨ ’ਚ ਹੂਤੀਆਂ ਦੇ ਕਬਜ਼ੇ ਵਾਲੇ ਇਲਾਕਿਆਂ ’ਚ 15 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਹੂਤੀਆਂ ਦੇ ਹਥਿਆਰਾਂ ਵਾਲੇ ਟਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੀਨੀ ਖ਼ਬਰ ਏਜੰਸੀ ਸਿਨਹੁਆ ਮੁਤਾਬਕ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਕੌਮਾਂਤਰੀ ਪਾਣੀਆਂ ’ਚ ਆਵਾਜਾਈ ਦੀ ਸੁਰੱਖਿਅਤ ਖੁੱਲ੍ਹ ਯਕੀਨੀ ਬਣਾਉਣ ਦੇ ਇਰਾਦੇ ਨਾਲ ਇਹ ਹਮਲੇ ਕੀਤੇ ਗਏ ਹਨ। ਹੂਤੀਆਂ ਦੇ ਅਲ-ਮਸੀਰਾਹ ਟੀਵੀ ਨੇ ਕਿਹਾ ਕਿ ਅਮਰੀਕੀ-ਬਰਤਾਨਵੀ ਜਲ ਸੈਨਾ ਨੇ ਯਮਨ ਦੇ ਚਾਰ ਸ਼ਹਿਰਾਂ ’ਚ ਹੂਤੀਆਂ ਦੇ 15 ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ। ਹਮਲਿਆਂ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹੂਤੀ ਟੀਵੀ ਨੇ ਆਪਣੇ ਬੁਲੇਟਿਨਾਂ ’ਚ ਕਿਹਾ ਕਿ ਹਵਾਈ ਹਮਲੇ ਖਾਲੀ ਥਾਵਾਂ ’ਤੇ ਹੋਏ ਹਨ। ਹੂਤੀ ਪ੍ਰਸ਼ਾਸਨ ਦੇ ਤਰਜਮਾਨ ਹਾਸ਼ਿਮ ਸ਼ਰਫ਼ ਅਲ-ਦੀਨ ਨੇ ਕਿਹਾ ਕਿ ਹਮਲਿਆਂ ਤੋਂ ਜਥੇਬੰਦੀ ਡਰਨ ਵਾਲੀ ਨਹੀਂ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਲਾਲ ਸਾਗਰ ਅਤੇ ਅਦਨ ਦੀ ਖਾੜੀ ’ਚ ਇਜ਼ਰਾਈਲ ਨਾਲ ਸਬੰਧਤ ਬੇੜਿਆਂ ਅਤੇ ਇਜ਼ਰਾਇਲੀ ਸ਼ਹਿਰਾਂ ’ਚ ਹੋਰ ਹਮਲੇ ਕੀਤੇ ਜਾਣਗੇ। -ਆਈਏਐੱਨਐੱਸ