ਮੁਹੱਲਾ ਬੇਗਮਪੁਰਾ ਵਿੱਚ ਦੋ ਰੋਜ਼ਾ ਉਰਸ ਮਨਾਇਆ
ਪੱਤਰ ਪ੍ਰੇਰਕ
ਜਲੰਧਰ, 13 ਅਕਤੂਬਰ
ਆਦਮਪੁਰ ਦੇ ਮੁਹੱਲਾ ਬੇਗਮਪੁਰਾ (ਸੱਗਰਾਂ) ’ਚ ਹਜ਼ਰਤ ਪੀਰ ਭਗਤੂ ਸ਼ਾਹ ਜੀ ਕਾਦਰੀ ਦਾ 27ਵਾਂ ਦੋ ਰੋਜ਼ਾ ਉਰਸ ਗੱਦੀ ਨਸ਼ੀਨ ਬਾਬਾ ਹਰਬੰਸ਼ ਸ਼ਾਹ ਕਾਦਰੀ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਬਾਬਾ ਹਰਬੰਸ਼ ਸ਼ਾਹ ਕਾਦਰੀ ਨੇ ਦੱਸਿਆ ਕਿ ਉਰਸ ਦੇ ਪਹਿਲੇ ਦਿਨ ਰਾਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਉਪਰੰਤ ਰਾਤ ਨੂੰ ਮਹਿਫ਼ਲੇ ਕਵਾਲੀ ਦੌਰਾਨ ਸਲਾਮਤ ਕਵਾਲ ਪਾਰਟੀ ਆਦਮਪੁਰ ਨੇ ਦਰਬਾਰ ’ਚ ਹਾਜ਼ਰੀ ਲਗਵਾਈ ਤੇ ਦੂਜੇ ਦਿਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚੋਂ ਚਮਨ ਇਲਾਹੀ ਕਵਾਲ ਪਾਰਟੀ ਆਦਮਪੁਰ, ਸਕੀਲ ਸਾਬਰੀ ਕਵਾਲ ਪਾਰਟੀ ਫਿਲੌਰ, ਜੱਟ ਕਵਾਲ ਪਾਰਟੀ ਅੰਮ੍ਰਿਤਸਰ ਨੇ ਸੂਫ਼ੀਆਨਾ ਕਲਾਮ ਤੇ ਨਕਲਾਂ ਰਾਹੀਂ ਦਰਬਾਰ ’ਚ ਹਾਜ਼ਰੀ ਲਗਵਾਈ। ਇਸ ਮੌਕੇ ਬਾਬਾ ਲੱਡੂ ਸ਼ਾਹ ਕਾਦਰੀ ਡਡਵਿੰਡੀ ਸ਼ਰੀਫ, ਬਾਬਾ ਦੁੱਲੇ ਸ਼ਾਹ ਅੰਮ੍ਰਿਤਸਰ ਤੇ ਸਾਈਂ ਰਾਜੇ ਸ਼ਾਹ ਕਾਦਰੀ ਅੰਮ੍ਰਿਤਸਰ ਸਣੇ ਹੋਰ ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਵਿਸੇਸ਼ ਮਹਿਮਾਨ ਵਜੋਂ ਕੌਂਸਲਰ ਸੁਰਿੰਦਰ ਪਾਲ ਸਿੱਧੂ, ਨੰਬੜਦਾਰ ਚਰਨਜੀਤ ਸਿੰਘ ਸ਼ੇਰੀ ਤੇ ਸਾਬਕਾ ਕੌਸਲਰ ਰੁਬਿਤਾ ਪੁੱਜੇ। ਬਾਬਾ ਹਰਬੰਸ਼ ਸ਼ਾਹ ਕਾਦਰੀ ਨੇ ਸਮੂਹ ਸੰਗਤ ਉਰਸ ਦੀ ਵਧਾਈ ਦਿੱਤੀ ਤੇ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ।