For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੇ ਕਲਸ਼ ਵੱਖ-ਵੱਖ ਰਾਜਾਂ ਲਈ ਰਵਾਨਾ

08:58 AM Mar 17, 2024 IST
ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੇ ਕਲਸ਼ ਵੱਖ ਵੱਖ ਰਾਜਾਂ ਲਈ ਰਵਾਨਾ
ਖਨੌਰੀ ਬਾਰਡਰ ’ਤੇ ਚੱਲ ਰਹੇ ਰੋਸ ਧਰਨੇ ’ਚ ਸ਼ਾਮਲ ਕਿਸਾਨ।
Advertisement

ਸਰਬਜੀਤ ਭੰਗੂ/ਗੁਰਦੀਪ ਲਾਲੀ/ਹਰਜੀਤ ਸਿੰਘ
ਪਟਿਆਲਾ/ਸੰਗਰੂਰ/ਖਨੌਰੀ, 16 ਮਾਰਚ
ਖਨੌਰੀ ਬਾਰਡਰ ਤੋਂ ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੇ ਕਲਸ਼ ਲੈ ਕੇ ਵੱਖ-ਵੱਖ ਰਾਜਾਂ ਦੇ ਕਿਸਾਨ ਅੱਜ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੇ ਕਲਸ਼ ਹਰਿਆਣਾ, ਉਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਆਦਿ ਰਾਜਾਂ ਦੇ ਕਿਸਾਨਾਂ ਨੂੰ ਸੌਂਪੇ ਗਏ ਸਨ। ਉਧਰ ਅੱਜ ਖਨੌਰੀ ਬਾਰਡਰ ’ਤੇ ਧਰਨੇ ਦੌਰਾਨ ਬੁਲਾਰਿਆਂ ਨੇ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਕਿਸਾਨ ਆਗੂ ਦਰਸ਼ਨ ਸਿੰਘ ਤੇਈਪੁਰ ਨੇ ਕਿਹਾ ਕਿ ਦਿੱਲੀ ਕਿਸਾਨ ਮਹਾਂਪੰਚਾਇਤ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਦੀ ਵਿਚਾਰਧਾਰਾ ਵੱਖੋ-ਵੱਖ ਹੋ ਸਕਦੀ ਹੈ ਪਰ ਉਨ੍ਹਾਂ ਦੀ ਮੰਗ ਇੱਕ ਹੈ। ਜਦੋਂ ਤੱਕ ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗ ਲਾਗੂ ਨਹੀਂ ਹੁੰਦੀ ਉਦੋਂ ਤੱਕ ਸਮੁੱਚੇ ਭਾਰਤ ਦੇ ਕਿਸਾਨਾਂ ਦਾ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ।
ਸ਼ੁਭਕਰਨ ਸਿੰਘ ਬੱਲੋ ਦੀਆਂ ਅਸਥੀਆਂ ’ਤੇ ਆਧਾਰਿਤ 16 ਰੋਜ਼ਾ ਕਲਸ਼ ਯਾਤਰਾ ਅੱਜ ਸ਼ੰਭੂ ਬਾਰਡਰ ਤੋਂ ਹਰਿਆਣਾ ਲਈ ਰਵਾਨਾ ਹੋਈ। ਇਸ ਮੌਕੇ ਸ਼ੰਭੂ ਬਾਰਡਰ ’ਤੇ ਡਟੇ ਹੋਏ ਵੱਡੀ ਗਿਣਤੀ ਕਿਸਾਨਾਂ ਨੇ ਨਾਅਰੇ ਲਾਉਂਦਿਆਂ ਆਪਣੇ ਸਾਥੀ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ੰਭੂ ਬਾਰਡਰ ਤੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾਈ ਪ੍ਰ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਰਵਾਨਾ ਹੋਈ ਇਸ ਕਲਸ਼ ਯਾਤਰਾ ਦੌਰਾਨ ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਸਮੇਤ ਜਸਵਿੰਦਰ ਲੌਂਗੋਵਾਲ, ਦਿਲਬਾਗ ਸਿੰਘ ਗਿੱਲ, ਗੁਰਧਿਆਨ ਸਿੰਘ ਸਿਓਣਾ, ਮਲਕੀਤ ਸਿੰਘ ਗੁਲਾਮੀਵਾਲਾ, ਅਮਰਜੀਤ ਸਿੰਘ ਰੌੜੀ, ਮਨਜੀਤ ਨਿਆਲ, ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਨਜੀਤ ਘੁਮਾਣਾ ਮੌਜੂਦ ਸਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਹਰਿਆਣਾ ’ਚ 16 ਦਿਨ ਜਾਰੀ ਰਹਿਣ ਵਾਲੀ ਇਹ ਕਲਸ਼ ਯਾਤਰਾ ਅੱਜ ਪਹਿਲੇ ਦਿਨ ਹਰਿਆਣਾ ਦੇ ਪਿੰਡ ਸਕੇਤੜੀ ਰੁਕੇਗੀ। ਉਂਜ ਇਹ ਯਾਤਰਾ ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ, ਹਿਸਾਰ, ਕਰਨਾਲ, ਕੈਥਲ ਅਤੇ ਅੰਬਾਲਾ ਖੇਤਰਾਂ ਦੇ ਪਿੰਡਾਂ ਵਿਚ ਪਹੁੰਚ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਣੂ ਕਰਵਾਏਗੀ।
ਬਨੂੜ (ਕਰਮਜੀਤ ਸਿੰਘ ਚਿੱਲਾ): ਸ਼ਹੀਦ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਵਾਲੀ ਕਲਸ਼ ਯਾਤਰਾ ਉੱਤੇ ਅੱਜ ਬਨੂੜ ਖੇਤਰ ਦੇ ਪਿੰਡਾਂ ਵਿੱਚ ਲੋਕਾਂ ਨੇ ਥਾਂ-ਥਾਂ ਫੁੱਲਾਂ ਦੀ ਵਰਖਾ ਕੀਤੀ। ਇਹ ਯਾਤਰਾ ਪਿੰਡ ਖਲੌਰ, ਬਨੂੜ, ਮੋਟੇਮਾਜਰਾ, ਤੰਗੌਰੀ, ਮਾਣਕਪੁਰ ਕੱਲਰ, ਦੈੜੀ, ਬਠਲਾਣਾ, ਸਨੇਟਾ ਆਦਿ ਨੂੰ ਹੁੰਦੀ ਹੋਈ, ਸੋਹਾਣਾ-ਚੰਡੀਗੜ੍ਹ ਵੱਲ ਰਵਾਨਾ ਹੋਈ। ਇਸ ਮੌਕੇ ਮਨਜੀਤ ਸਿੰਘ ਘੁਮਾਣਾ, ਨੰਬਰਦਾਰ ਸਤਪਾਲ ਸਿੰਘ ਸੱਤਾ ਖਲੌਰ, ਜੰਗ ਸਿੰਘ ਨਗਾਰੀ, ਨਿਰਮਲ ਸਿੰਘ ਸੇਖਨਮਾਜਰਾ, ਜਗਜੀਤ ਸਿੰਘ ਕਰਾਲਾ ਆਦਿ ਵੀ ਹਾਜ਼ਰ ਸਨ।

Advertisement

ਚੰਡੀਗੜ੍ਹ ’ਚ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨ ਸ਼ੁਭਕਰਨ ਦੀਆਂ ਅਸਥੀਆਂ ਨਾਲ ਸ਼ੁਰੂ ਕੀਤੀ ਕਲਸ਼ ਯਾਤਰਾ ਚੰਡੀਗੜ੍ਹ ਪਹੁੰਚੀ। ਇਸ ਯਾਤਰਾ ਦਾ ਚੰਡੀਗੜ੍ਹ ਦੇ ਸੈਕਟਰ-38 ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਵਾਗਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਚੰਡੀਗੜ੍ਹੀਆਂ ਨੇ ਸ਼ੁਭਕਰਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਯਾਤਰਾ ਚੰਡੀਗੜ੍ਹ ਦੇ ਸੈਕਟਰ-38, ਪੰਜਾਬ ਯੂਨੀਵਰਸਿਟੀ ਤੋਂ ਹੁੰਦੇ ਹੋਏ ਪੰਚਕੂਲਾ ਦੇ ਸਕੇਤੜੀ ਪਹੁੰਚੀ। ਚੰਡੀਗੜ੍ਹ ਦੇ ਸਮਾਜ ਸੇਵੀ ਕ੍ਰਿਪਾਲ ਸਿੰਘ ਨੇ ਸ਼ੁਭਕਰਨ ਦੀ ਮੌਤ ਲਈ ਹਰਿਆਣਾ ਪੁਲੀਸ ਤੇ ਹਰਿਆਣਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ੁਭਕਰਨ ਦੇ ਕਾਤਲਾਂ ਵਿਰੁੱਧ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨੇ। ਇਸ ਮੌਕੇ ਰਾਜਿੰਦਰ ਸਿੰਘ, ਹਰਜੀਤ ਸਿੰਘ, ਜਸਬੀਰ ਸਿੰਘ, ਬਾਬਾ ਗੁਰਦਿਆਲ ਸਿੰਘ ਅਤੇ ਤਾਰਾ ਸਿੰਘ ਸਣੇ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਰਹੇ।

Advertisement
Author Image

sukhwinder singh

View all posts

Advertisement
Advertisement
×