For the best experience, open
https://m.punjabitribuneonline.com
on your mobile browser.
Advertisement

ਉਰਦੂ ਅਦਬ ਅਤੇ ਹਿੰਦੋਸਤਾਨੀਅਤ

07:25 AM Sep 24, 2023 IST
ਉਰਦੂ ਅਦਬ ਅਤੇ ਹਿੰਦੋਸਤਾਨੀਅਤ
ਅਮੀਰ ਖੁਸਰੋ
Advertisement

ਮਨਮੋਹਨ

Advertisement

ਭਾਸ਼ਾ

ਹਿੰਦੋਸਤਾਨੀਅਤ ਦੇ ਹਵਾਲੇ ਨਾਲ ਉਰਦੂ ਅਦਬ ਦੀ ਗੱਲ ਛਿੜਦੀ ਹੈ ਤਾਂ ਅਕਸਰ ਰਦੇਅਮਲ ਇਹ ਹੁੰਦਾ ਹੈ ਕਿ ਇਹ ਦੋਵੇਂ ਸ਼ਾਇਦ ਅਲੱਗ ਅਲੱਗ ਵਰਤਾਰੇ ਹਨ। ਦਰਅਸਲ ਹਿੰਦੋਸਤਾਨੀਅਤ ਉਹ ਵਰਤਾਰਾ ਹੈ ਜਿਸ ਵਿਚ ਸਾਰੇ ਸਮਾਜ, ਸਭਿਆਚਾਰ, ਭਾਸ਼ਾ ਬੋਲੀਆਂ, ਰੰਗ ਨਸਲ, ਜਾਤਾਂ ਪਾਤਾਂ, ਧਰਮ ਫ਼ਿਰਕੇ, ਖਾਣ ਪੀਣ, ਰਹਿਣ ਸਹਿਣ, ਖਿੱਤੇ ਖੇਤਰ, ਪਹਿਰਾਵੇ ਅਤੇ ਲੋਕ ਸੰਸਕ੍ਰਿਤੀਆਂ ਆਦਿ ਅਤੇ ਲੋਕਾਂ ਦੇ ਜੀਵਨ ਤੇ ਰਹਿਤਲ ਨਾਲ ਜੁੜਿਆ ਸਭ ਕੁਝ ਸ਼ਾਮਿਲ ਹੋ ਜਾਂਦਾ ਹੈ। ਹਿੰਦੋਸਤਾਨੀਅਤ ਵੀ ਪੰਜਾਬੀਅਤ, ਕਸ਼ਮੀਰੀਅਤ ਅਤੇ ਪਖ਼ਤੂਨਵਾ ਵਾਂਗ ਉਵੇਂ ਦਾ ਹੀ ਸੰਕਲਪ ਹੈ ਜਿਵੇਂ ਬੰਗ ਭੂਮੀ, ਤੇਲਗੂ ਦੇਸਮ, ਮਰਾਠਵਾੜਾ, ਰਾਜਪੁਤਾਨਾ ਅਤੇ ਦ੍ਰਾਵਿੜ ਕੜਗਮ। ਇਨ੍ਹਾਂ ਵਿਚ ਨਾ ਸਿਰਫ਼ ਜੁਗਰਾਫ਼ੀਆ, ਮੁਆਸ਼ਰਾ, ਸਕਾਫ਼ਤ ਅਤੇ ਇਲਾਕਾਈ ਜ਼ੁਬਾਨਾਂ ਸ਼ਾਮਿਲ ਹਨ ਸਗੋਂ ਇਨ੍ਹਾਂ ’ਚ ਅਤੇ ਹਿੰਦੋਸਤਾਨੀਅਤ ’ਚ ਫ਼ਰਕ ਸਿਰਫ਼ ਇੰਨਾ ਹੈ ਕਿ ਹਿੰਦੋਸਤਾਨੀਅਤ ਵਿਚ ਸਾਰੇ ਹਿੰਦੋਸਤਾਨ ਦੀ ਸ਼ਮੂਲੀਅਤ ਹੈ। ਖ਼ਾਸਕਰ ਇਸ ਦਾ ਪ੍ਰਤੱਖ ਪ੍ਰਗਟਾਵਾ ਗੰਗ-ਜਮੁਨੀ ਤਹਿਜ਼ੀਬ ਹੈ ਜਿੱਥੇ ਉੱਤਰੀ ਭਾਰਤ ਦੇ ਗੰਗਾ ਮੈਦਾਨ ਦੇ ਇਲਾਕੇ ਦੀ ਮਿਲਵੀਂ ਜੁਲਵੀਂ ਸਕਾਫ਼ਤ ਜਿਸ ਵਿਚ ਸਾਰੇ ਧਰਮ, ਮੱਤ, ਭਾਸ਼ਾਵਾਂ ਅਤੇ ਬੋਲੀਆਂ ਬੋਲਣ ਵਾਲੇ ਲੋਕ ਸਦੀਆਂ ਤੋਂ ਥੋੜ੍ਹੇ ਬਹੁਤੇ ਤਫ਼ਰਕਾਤ ਅਤੇ ਵਖਰੇਵਿਆਂ ਦੇ ਬਾਵਜੂਦ ਮਿਲ-ਜੁਲ ਕੇ ਵੱਸਦੇ ਆ ਰਹੇ ਹਨ।
ਉਰਦੂ ਇਸ ਵਿਸ਼ਾਲ ਇਲਾਕੇ ’ਚ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਬੋਲੀ ਜਾਂਦੀ ਇਕ ਜ਼ੁਬਾਨ ਹੋਣ ਨਾਤੇ ਹਿੰਦੋਸਤਾਨੀਅਤ ਦੇ ਵਿਰਾਟ ਵਰਤਾਰੇ ਦਾ ਇਕ ਜੁਜ਼ ਹੈ। ਇਸ ਨਾਲ ਜੁੜਿਆ ਅਦਬ ਇਕ ਲਿਖਣ ਪੜ੍ਹਨ ਦਾ ਪ੍ਰਗਟਾਅ ਰੂਪ ਹੈ ਜੋ ਕਈ ਵਿਧਾਵਾਂ ਜਿਵੇਂ ਗ਼ਜ਼ਲ, ਨਜ਼ਮ, ਨਾਵਲ, ਅਫ਼ਸਾਨਾ (ਦਾਸਤਾਨਗੋਈ ਅਤੇ ਕਿੱਸਾਕਾਰੀ) ਅਤੇ ਨਸਰ ਆਦਿ ਰਾਹੀਂ ਆਪਣੇ ਆਪ ਦੀ ਪੇਸ਼ਕਾਰੀ ਕਰਦਾ ਹੈ।
ਉਰਦੂ ਜ਼ੁਬਾਨ ਬਾਰ੍ਹਵੀਂ ਸਦੀ ’ਚ ਉੱਤਰ-ਪੱਛਮੀ ਹਿੰਦੋਸਤਾਨ ਵਿਚ ਇਸ ਖਿੱਤੇ ’ਚ ਬੋਲੀਆਂ ਜਾਣ ਵਾਲੀਆਂ ਹੋਰ ਅਪਭ੍ਰੰਸ਼ਾਂ ਵਾਂਗ ਉੱਭਰੀ ਜਿਵੇਂ ਕੈਕਈ ਅਪਭ੍ਰੰਸ਼ ਵਿਚੋਂ ਪੰਜਾਬੀ, ਸ਼ੌਰਸੈਨੀ-ਗੁਰਜਰ ਵਿਚੋਂ ਰਾਜਸਥਾਨੀ, ਮਾਗਧੀ ਅਪਭ੍ਰੰਸ਼ ਵਿਚੋਂ ਮੈਥਲੀ ਅਤੇ ਖੜ੍ਹੀ ਬੋਲੀ ਵਿਚੋਂ ਹਿੰਦੀ ਆਦਿ ਵਿਕਸਤ ਹੋਈਆਂ ਹਨ। ਇਉਂ ਹੀ ਹਿੰਦਵੀ ਅਪਭ੍ਰੰਸ਼ ’ਚੋਂ ਉਰਦੂ ਵਿਗਸੀ। ਕਿਹਾ ਜਾਂਦਾ ਹੈ ਕਿ ਉੱਤਰ-ਪੱਛਮ ਵੱਲੋਂ ਆਏ ਹਮਲਾਵਰ ਇਰਾਨੀ-ਤੁਰਕੀ ਲਸ਼ਕਰਾਂ ਅਤੇ ਸਥਾਨਕ ਲੋਕਾਂ ਦੇ ਭਾਸ਼ਾਈ ਸੰਵਾਦ ਵਿਚੋਂ ਉਰਦੂ ਪੈਦਾ ਹੋਈ। ਇਹ ਦੌਰ ਦਿੱਲੀ ਸਲਤਨਤ (1206-1526) ਅਤੇ ਮੁਗ਼ਲ ਸਲਤਨਤ (1526-1857) ਦਾ ਸੀ। ਇਸ ਦੌਰ ’ਚ ਇਹ ਹੌਲ਼ੀ ਹੌਲ਼ੀ ਲੋਕਾਂ ਦੀ ਜ਼ੁਬਾਨ ਬਣ ਗਈ।
ਉਰਦੂ ਦਾ ਸ਼ਾਬਦਿਕ ਅਰਥ ਹੀ ਫ਼ੌਜ ਜਾਂ ਸੈਨਾ ਹੈ। ਇਸ ਨੂੰ ਹਿੰਦਵੀ ਵੀ ਕਿਹਾ ਜਾਂਦਾ ਹੈ। ਇਸ ਦਾ ਪੁਰਾਣਾ ਨਾਮ ਰੇਖਤਾ ਵੀ ਹੈ। ਇਸ ਨੂੰ ਕਈ ਵਾਰ ਇਤਿਹਾਸ ’ਚ ਦੱਕਣੀ, ਗੁਜਰੀ ਵੀ ਕਿਹਾ ਜਾਂਦਾ ਰਿਹਾ। ਰੇਖਤਾ ਹੀ ਬਾਅਦ ਵਿਚ ਉਰਦੂ ਦੇ ਵਜੋਂ ਮਸ਼ਹੂਰ ਹੋਇਆ। ਰੇਖਤਾ ਫ਼ਾਰਸੀ ਦਾ ਸ਼ਬਦ ਹੈ ਜੋ ਰੇਖਤਨ ਮਸਦਰ ਤੋਂ ਬਣਿਆ। ਇਸ ਦੇ ਅਰਥ ਹਨ ਡਿਗਾਇਆ ਹੋਇਆ, ਡੋਲ੍ਹਿਆ ਹੋਇਆ, ਖਿੰਡਾਇਆ ਹੋਇਆ। ਅਦਬ ਵਿਚ ਇਹ ਨਾਮ ਮੱਧਕਾਲ ਦੀਆਂ ਉਨ੍ਹਾਂ ਰਚਨਾਵਾਂ ਨੂੰ ਦਿੱਤਾ ਗਿਆ ਜਿਨ੍ਹਾਂ ਵਿਚ ਫ਼ਾਰਸੀ ਅਤੇ ਹਿੰਦੋਸਤਾਨੀ ਦਾ ਰਲਗੱਡ ਹੋ ਗਈਆਂ। ਅਸਲ ਵਿਚ ਹੋਇਆ ਇਸ ਤਰ੍ਹਾਂ ਕਿ ਕੁਝ ਫ਼ਾਰਸੀ ਸ਼ਾਇਰ ਆਪਣੀਆਂ ਰਚਨਾਵਾਂ ਵਿਚ ਜਿੱਥੇ ਹਿੰਦੋਸਤਾਨੀ ਸ਼ਬਦਾਵਲੀ ਵਰਤਣ ਲੱਗੇ ਉੱਥੇ ਉਨ੍ਹਾਂ ਨੇ ਫ਼ਾਰਸੀ ਦੇ ‘ਫ਼ਨਿ ਅਰੂਜ਼’ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ। ਫ਼ਾਰਸੀ ਉਸਤਾਦਾਂ ਨੇ ਅਜਿਹੀਆਂ ਰਚਨਾਵਾਂ ਨੂੰ ‘ਉਰਦੂ-ਏ-ਮੁਅੱਲਾ’ ਦੇ ਉਲਟ ਰੇਖਤਾ ਕਹਿਣਾ ਸ਼ੁਰੂ ਕਰ ਦਿੱਤਾ। ਇਹ ਠੀਕ ਉਵੇਂ ਹੀ ਹੋਇਆ ਜਿਵੇਂ ਪ੍ਰਾਕਿਰਤ ਦੀ ਨਿਯਮਾਂ ਤੋਂ ਲਾਪਰਵਾਹ ਹੋ ਕੇ ਕੀਤੀ ਸਾਹਿਤਕ ਰਚਨਾ ਨੂੰ ਪ੍ਰਾਕਿਰਤ ਅਤੇ ਸੰਸਕ੍ਰਿਤ ਦੇ ਪੰਡਿਤਾਂ ਨੇ ਅਪਭ੍ਰੰਸ਼ ਗਰਦਾਨ ਦਿੱਤਾ। ਮੌਲਾਨਾ ਮੁਹੰਮਦ ਹੁਸੈਨ ਆਜ਼ਾਦ ‘ਆਬੇ ਹਯਾਤ’ ’ਚ ਲਿਖਦੇ ਹਨ ਕਿ ਰੇਖਤਾ ਨੂੰ ‘ਅਲਫ਼ਾਜ਼-ਏ-ਪਰੇਸ਼ਾਂ’ ਭਾਵ ਵੱਖ ਵੱਖ ਭਾਸ਼ਾਵਾਂ ਦੇ ਸ਼ਬਦਾਂ ਦਾ ਇਕ ਥਾਂ ਹੋ ਜਾਣਾ ਕਿਹਾ ਹੈ। ਗੁਰੂ ਨਾਨਕ ਦੇਵ ਜੀ ਦਾ ਰਾਗ ਤਿਲੰਗ ਵਿਚ ਸ਼ਬਦ ‘‘ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ’’ ਰੇਖਤਾ ਦੀ ਸੁੰਦਰ ਮਿਸਾਲ ਹੈ।
ਰੇਖਤਾ ਲਿਖਣ ਦਾ ਰਿਵਾਜ ਅਮੀਰ ਖ਼ੁਸਰੋ ਨੇ ਸ਼ੁਰੂ ਕੀਤਾ। ਮੁਹੰਮਦ ਸ਼ੀਰਾਨੀ ਅਨੁਸਾਰ ਅਮੀਰ ਖ਼ੁਸਰੋ ਨੇ ਇਰਾਨੀ ਅਤੇ ਭਾਰਤੀ ਛੰਦ ਸ਼ਾਸਤਰ ਅਤੇ ‘ਫ਼ਨਿ ਅਰੂਜ਼’ ਨੂੰ ਮਿਲਾ ਕੇ ਨਵੀਆਂ ਬਹਿਰਾਂ ਘੜੀਆਂ ਅਤੇ ਸਥਾਨਕ ਭਾਸ਼ਾਵਾਂ ਦੇ ਮਿਸ਼ਰਣ ਨਾਲ ਰੇਖਤਾ ਦਾ ਰਿਵਾਜ ਚੱਲਿਆ। ਅਮੀਰ ਖ਼ੁਸਰੋ ਨੇ ਫ਼ਾਰਸੀ ਖ਼ਿਆਲਾਂ ਨੂੰ ਰਾਗਾਂ-ਰਾਗਣੀਆਂ ਵਿਚ ਬੰਨ੍ਹਿਆ ਜਿਵੇਂ ਉਸ ਨੇ ਲਿਖਿਆ: ‘‘ਹਾਲਿ ਮਸਕੀਂ ਮਕੁਨ ਤਗ਼ਾਫ਼ੁਲ’’ - ਚਾਰਏ ਨੈਨਾਂ ਬਨਾਏ ਬਤੀਆਂ’’। ਦੱਖਣ ਦੇ ਕਵੀਆਂ ਨੇ ਦੱਖਣੀ ਭਾਸ਼ਾਵਾਂ ਤੇ ਫ਼ਾਰਸੀ ਨੂੰ ਮਿਲਾ ਕੇ ਰਚਨਾ ਕੀਤੀ। ਇੰਝ ਹੌਲ਼ੀ ਹੌਲ਼ੀ ਰੇਖਤਾ ਵਿਚ ਸ਼ਬਦ ਘਟਦੇ ਗਏ ਅਤੇ ਹਿੰਦੋਸਤਾਨੀ ਦੇ ਸ਼ਬਦ ਵਧਦੇ ਗਏ। ਅੰਤ ਇਸ ਨੇ ਉਰਦੂ ਦਾ ਰੂਪ ਧਾਰ ਲਿਆ। ਬਾਅਦ ਵਿਚ ਕੁਝ ਵਿਦਵਾਨ ਹਰ ਰਚਨਾ ਜਿਸ ਵਿਚ ਫ਼ਾਰਸੀ ਸ਼ਬਦਾਵਲੀ ਵਰਤੀ ਗਈ ਹੁੰਦੀ, ਨੂੰ ਰੇਖਤਾ ਕਹਿਣ ਲੱਗ ਪਏ। ਇਹ ਗੱਲ ਪੂਰਨ ਭਾਂਤ ਠੀਕ ਨਹੀਂ। ਰੇਖਤਾ ਕੇਵਲ ਉਹੀ ਅਦਬ ਹੈ ਜਿਸ ਵਿਚ ਫ਼ਾਰਸੀ ਦੇ ਨਾਲ ਨਾਲ ਹਿੰਦੋਸਤਾਨੀ ਦਾ ਵੀ ਰਲ਼ਾਅ ਹੈ। ਪ੍ਰਿੰਸੀਪਲ ਗੁਰਦਿਤ ਸਿੰਘ ਪ੍ਰੇਮੀ ‘ਸਾਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ’ ਵਿਚ ਲਿਖਦੇ ਹਨ ਕਿ ਰੇਖਤਾ ਕੇਵਲ ਉਹੀ ਸਾਹਿਤ ਸੀ ਜਿਸ ਵਿਚ ਫ਼ਾਰਸੀ ਵਧੇਰੇ ਸੀ। ਰੇਖਤਾ ਕੋਈ ਵੱਖਰਾ ਕਾਵਿ ਰੂਪ ਜਾਂ ਛੰਦ ਨਹੀਂ ਮੰਨਿਆ ਜਾਂਦਾ। ਇਹ ਤਾਂ ਕੇਵਲ ਦੋ ਭਾਸ਼ਾਵਾਂ ਦੇ ਮੇਲ ਦਾ ਨਾਂ ਹੈ। ਹਿੰਦੀ ਅਤੇ ਬ੍ਰਜ ਕਵੀਆਂ ਨੇ ਵੀ ਆਪਣੀਆਂ ਕੁਝ ਰਚਨਾਵਾਂ ਨੂੰ ਰੇਖਤਾ ਕਿਹਾ। ਇਨ੍ਹਾਂ ਦੀ ਰਚਨਾ ਭਾਰਤੀ ਛੰਦਾਂ ’ਚ ਹੋਈ ਹੈ, ਬੋਲੀ ਫ਼ਾਰਸੀ ਹਿੰਦੀ ਦਾ ਮਿਸ਼ਰਣ ਹੈ। ਸੋਲ੍ਹਵੀਂ ਸਤਾਰ੍ਹਵੀਂ ਸਦੀ ਤੱਕ ਰੇਖਤਾ ਰੰਗ ਵਿਚ ਲਿਖਣ ਦਾ ਆਮ ਰਿਵਾਜ ਰਿਹਾ ਪਰ ਫਿਰ ਭਾਰਤੀ ਭਾਸ਼ਾਵਾਂ ਅਤੇ ਬੋਲੀਆਂ ਛਾ ਗਈਆਂ ਅਤੇ ਫ਼ਾਰਸੀ ਹਿੰਦੋਸਤਾਨੀ ਵਿਚ ਅਦਬ ਰਚਿਆ ਜਾਣ ਲੱਗਾ। ਮਿਰਜ਼ਾ ਗ਼ਾਲਬਿ ਨੇ ਤਾਂ ਐਲਾਨ ਕਰ ਦਿੱਤਾ ਸੀ: ‘‘ਗ਼ਾਲਬਿ ਉਰਦੂ ਹੈ ਵਹੀ ਅੱਛੀ ਜਿਸ ਮੇਂ ਨ ਹੋ ਚਾਸ਼ਨੀ ਫ਼ਾਰਸੀ ਕੀ।’’
ਰੇਖਤਾ ਦੀ ਲਿੱਪੀ ਖ਼ਰੋਸ਼ਠੀ ਮੂਲ ਤੋਂ ਪੈਦਾ ਹੋਈ। ਖ਼ਰੋਸ਼ਠੀ ਦੋ ਸ਼ਬਦਾਂ ਦਾ ਮੇਲ ਹੈ; ਖ਼ਰ ਭਾਵ ਖੋਤਾ ਅਤੇ ਉਸ਼ਠ ਭਾਵ ਹੋਂਠ ਜਾਂ ਬੁੱਲ੍ਹ। ਖ਼ਰੋਸ਼ਠੀ ਲਿੱਪੀ ਦਾ ਮੂਲ ‘ਫ਼ਾਰਸੀ-ਅਰਬੀ’ ਹੈ। ਅਰਬੀ ਫ਼ਾਰਸੀ ਇਸੇ ਲਿੱਪੀ ’ਚ ਲਿਖੀ ਜਾਂਦੀ ਹੈ। ਭਾਸ਼ਾ ਅਤੇ ਲਿੱਪੀ ਦੇ ਰਿਸ਼ਤੇ-ਜੁਗਤ ਬਾਰੇ ਪੰਜਾਬੀ ਦੀ ਬਹੁਤ ਵਧੀਆ ਉਦਾਹਰਣ ਹੈ। ਪੰਜਾਬੀ ਗੁਰਮੁਖੀ ’ਚ ਵੀ ਲਿਖੀ ਜਾਂਦੀ ਹੈ ਜੋ ਬ੍ਰਹਮੀ, ਟੱਕੀ ਅਤੇ ਬਾਣੀਆਂ ਦੀ ਵਹੀਕਾਰੀ ਲਿੱਪੀ ਲੰਡਿਆਂ ਤੋਂ ਵਿਕਸਤ ਹੋਈ ਜਿਸ ਨੂੰ ਸਿੱਖ ਗੁਰੂ ਸਾਹਿਬਾਨ ਨੇ ਪ੍ਰਤੀਮਾਨਕ ਸਰੂਪ ਬਖ਼ਸ਼ਿਆ। ਪੰਜਾਬੀ ਲਹਿੰਦੇ ਪੰਜਾਬ ’ਚ ਸ਼ਾਹਮੁਖੀ ਲਿੱਪੀ ’ਚ ਲਿਖੀ ਜਾਂਦੀ ਹੈ ਜਿਸ ਦਾ ਮੂਲ ਖ਼ਰੋਸ਼ਠੀ ਭਾਵ ਫ਼ਾਰਸੀ-ਅਰਬੀ ਹੈ। ਕੈਨੇਡਾ ਵਿਚ ਗੁਰਮੁਖੀ ਰੋਮਨ ਅੱਖਰਾਂ ਵਿਚ ਵੀ ਲਿਖੀ ਮਿਲਦੀ ਹੈ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਦੀ ਬਾਣੀ ਮੂਲ ਰੂਪ ’ਚ ਖਰੋਸ਼ਠੀ ਲਿੱਪੀ (ਅੱਜਕੱਲ੍ਹ ਸ਼ਾਹਮੁਖੀ) ’ਚ ਹੀ ਲਿਖੀ ਮਿਲੀ ਸੀ।
ਭਾਸ਼ਾਈ ਨਜ਼ਰੀਏ ਤੋਂ ਸ਼ਬਦਾਵਲੀ ਦੇ ਲਿਹਾਜ਼ ਨਾਲ ਉਰਦੂ ਹਿੰਦੀ ਦੇ ਬਹੁਤ ਨਜ਼ਦੀਕ ਹੈ। ਖੜ੍ਹੀ ਬੋਲੀ ਵਾਲੀ ਹਿੰਦੀ ਦੀ ਲਿੱਪੀ ਦੇਵਨਾਗਰੀ ਹੈ ਜੋ ਬ੍ਰਹਮੀ ਲਿੱਪੀ ’ਚੋਂ ਵਿਕਸਤ ਹੋਈ। ਦੋਹੇਂ ਭਾਸ਼ਾਵਾਂ ਇਕੋ ਇੰਡੋ-ਆਰੀਅਨ ਮੂਲ ਦੀਆਂ ਹੋਣ ਕਾਰਨ ਧੁਨੀਆਤਮਕ, ਰੂਪਾਤਮਕ, ਸ਼ਬਦਾਵਲੀ ਅਤੇ ਅਰਥਾਵਲੀ ਦੀ ਪੱਧਰ ’ਤੇ ਕਾਫ਼ੀ ਮਿਲਦੀਆਂ ਜੁਲਦੀਆਂ ਹਨ। ਸੰਸਕ੍ਰਿਤ ਅਤੇ ਫ਼ਾਰਸੀ ਦਾ ਨੇੜਲਾ ਰਿਸ਼ਤਾ ਇਨ੍ਹਾਂ ਦੀ ਇਕੋ ਜਿਹੀ ਵਿਆਕਰਣ ਹੈ। ਸੰਸਕ੍ਰਿਤ ਵਿਚ ਛੇ ਕਿਰਿਆਵਾਂ ਹਨ ਤਾਂ ਫ਼ਾਰਸੀ ਵਿਚ ਵੀ ਛੇ ਕਿਰਿਆਵਾਂ ਹਨ। ਉਰਦੂ ਤੋਂ ਹਿੰਦੀ ਉਦੋਂ ਥੋੜ੍ਹੀ ਓਪਰੀ ਹੋ ਜਾਂਦੀ ਹੈ ਜਦ ਇਸ ’ਤੇ ਸੰਸਕ੍ਰਿਤ ਦਾ ਪ੍ਰਭਾਵ ਵਧ ਜਾਂਦਾ ਹੈ। ਇਵੇਂ ਹੀ ਉਰਦੂ ਜ਼ੁਬਾਨ ਥੋੜ੍ਹੀ ਅਜਨਬੀ ਲੱਗਣ ਲੱਗਦੀ ਹੈ ਜਦੋਂ ਇਸ ’ਤੇ ਫ਼ਾਰਸੀ ਅਤੇ ਅਰਬੀ ਪ੍ਰਭਾਵ ਵਧ ਜਾਂਦਾ ਹੈ ਪਰ ਜਦੋਂ ਇਹ ਆਮ ਬੋਲ ਚਾਲ ਵਜੋਂ ਬੋਲੀਆਂ ਜਾਂਦੀਆਂ ਹਨ ਤਾਂ ਇਨ੍ਹਾਂ ’ਚ ਨਾ ਸ਼ਾਬਦਕਿ ਪੱਧਰ ’ਤੇ ਬਹੁਤਾ ਅੰਤਰ ਹੁੰਦਾ ਹੈ ਨਾ ਵਿਆਕਰਣਕ ਪੱਧਰ ’ਤੇ। ਬਾਹਰੀ ਦਿਸਦਾ ਫ਼ਰਕ ਸਿਰਫ਼ ਇਨ੍ਹਾਂ ਦੀਆਂ ਲਿੱਪੀਆਂ ਦਾ ਹੀ ਹੈ ਜਿਸ ਕਾਰਨ ਇਹ ਆਮ ਸਾਧਾਰਨ ਵਿਅਕਤੀ ਲਈ ਓਪਰੀਆਂ ਹੋ ਜਾਂਦੀਆਂ ਹਨ। ਉਦਾਹਰਣ ਵਜੋਂ ਹਿੰਦੀ ’ਚ ਕਿਹਾ ਜਾਂਦਾ ਹੈ; ‘ਆਈਏ ਬੈਠੀਏ’। ਉਰਦੂ ’ਚ ਇਹ ‘ਆਈਏ ਤਸ਼ਰੀਫ਼ ਰੱਖੀਏ’, ਰਾਜਸਥਾਨੀ ’ਚ ‘ਆਉ ਪਧਾਰੋ’ ਅਤੇ ਮੈਥਲੀ ’ਚ ਇਹ ਹੋ ਜਾਂਦਾ ਹੈ ‘ਅਹਾਂ ਈਹਾਂ ਬੈਸੋ’। ਭਾਸ਼ਾਈ ਪੱਧਰ ’ਤੇ ਰਤੀ ਮਾਤਰ ਫ਼ਰਕ ਨਾਲ ਸਾਰਾ ਕੁਝ ਸਮਰੂਪ, ਸਰਲ ਅਤੇ ਸੁਗਮ ਹੈ ਪਰ ਜਦੋਂ ਲਿੱਪੀ ਬਦਲ ਜਾਂਦੀ ਹੈ ਤਾਂ ਪੜ੍ਹਨਾ ਮੁਸ਼ਕਿਲ ਹੋ ਜਾਂਦਾ ਹੈ। ਇਨ੍ਹਾਂ ਸਾਰੀਆਂ ਹਿੰਦੋਸਤਾਨੀ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ’ਚ ਸ਼ਬਦਾਂ ਦਾ ਆਦਾਨ ਪ੍ਰਦਾਨ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਜਿਵੇਂ ਰੱਬ ਸ਼ਬਦ ਅਰਬੀ ਦਾ ਹੈ ਪਰ ਇਹ ਹਿੰਦੀ, ਉਰਦੂ ਪੰਜਾਬੀ ਦਾ ਸਾਂਝਾ ਸ਼ਬਦ ਹੈ। ਦੇਹ ਸ਼ਬਦ ਫ਼ਾਰਸੀ ਦਾ ਹੈ ਜਿਸ ਤੋਂ ਦੇਹਾਤ ਜਾਂ ਦੇਹਾਤੀ ਬਣਿਆ। ਬਰਾਨ ਸ਼ਬਦ ਵੀ ਫ਼ਾਰਸੀ ਦਾ ਹੈ ਜਿਸ ਦਾ ਅਰਥ ਹੈ ਬਰਖਾ/ਵਰਖਾ। ਕੁਰਸੀ, ਫ਼ਰਸ਼, ਆਬ (ਪੰਜ-ਆਬ), ਦਿਮਾਗ਼ ਆਦਿ ਕਈ ਫ਼ਾਰਸੀ ਸ਼ਬਦ ਹਨ ਜੋ ਰੋਜ਼ਮੱਰਾ ਦੀ ਹਿੰਦੀ-ਹਿੰਦੋਸਤਾਨੀ ’ਚ ਵਰਤੇ ਜਾਂਦੇ ਹਨ।
ਉਰਦੂ ਅਦਬ ਦਾ ਪਿਤਾਮਾ ਚੌਦਵੀਂ ਸਦੀ ਦੇ ਚਿਸ਼ਤੀ ਸੂਫ਼ੀ ਸਿਲਸਿਲੇ ਦੇ ਸ਼ਾਇਰ ਅਮੀਰ ਖ਼ੁਸਰੋ ਨੂੰ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਹਿੰਦਵੀ ਜ਼ੁਬਾਨ ’ਚ ਲਿਖੀ ਗ਼ਜ਼ਲ ਅਤੇ ਮਸਨਵੀ ‘ਛਾਪ ਤਿਲਕ ਸਭ ਛੀਨੀ ਰੇ... ਮੋਸੇ ਨੈਨਾ ਮਿਲਾਇ ਕੇ...’’ ਦੀ ਹਿੰਦੋਸਤਾਨ ਭਰ ’ਚ ਹੀ ਨਹੀਂ ਸਗੋਂ ਪੂਰੇ ਬਰੇ-ਸਗੀਰ ’ਚ ਮਸ਼ਹੂਰ ਹੋਣ ਕਾਰਨ ਅਮੀਰ ਖ਼ੁਸਰੋ ਨੂੰ ‘ਵਾਲਿਦ-ਏ-ਕੱਵਾਲ’ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ‘ਖ਼ਜ਼ਾਨ-ਉਲ-ਫ਼ਤਹੂ’ ਅਤੇ ‘ਤੁਗ਼ਲਕਨਾਮਾ’ ਵੀ ਲਿਖੀਆਂ। ਉਰਦੂ ਸ਼ਬਦ ਪਹਿਲੀ ਵਾਰ ਗ਼ੁਲਾਮ ਹਮਦਾਨੀ ਮੁਸਾਫ਼ੀ ਨੇ ਵਰਤਿਆ। ਉਰਦੂ ਅਦਬ ਦਾ ਹੌਲ਼ੀ ਹੌਲ਼ੀ ਵਿਗਾਸ ਪੰਦਰਵੀਂ ਸੋਲ੍ਹਵੀਂ ਸਦੀ ’ਚ ਹੋਣਾ ਸ਼ੁਰੂ ਹੋਇਆ। 1715 ’ਚ ਰੇਖਤਾ ਭਾਵ ਉਰਦੂ-ਹਿੰਦਵੀ ਦਾ ਅਦਬੀ ਨਜ਼ਮੀਅਤ ਦਾ ਦੀਵਾਨ ਨਵਾਬ ਸਦਰੂ ਉਦ ਦੀਨ ਦਾ ਛਾਇਆ ਹੋਇਆ। ਉਰਦੂ ਸ਼ਾਇਰੀ ਦੇ ਚਾਰ ਸਤੰਭ ਮੰਨੇ ਜਾਂਦੇ ਹਨ: ਮਿਰਜ਼ਾ ਮਜ਼ਹਰ ਜਾਨ-ਏ-ਜਾਨਾ (1699-1781), ਮਿਰਜ਼ਾ ਮੁਹੰਮਦ ਰਫ਼ੀ ਸੌਦਾ (1713-1781), ਮੀਰ ਮੁਹੰਮਦ ਤਕੀ ਮੀਰ (1723-1810) ਅਤੇ ਖ਼ਵਾਜ਼ਾ ਮੀਰ ਦਰਦ (1720-1785)। ਉਰਦੂ ਦੀ ਪਹਿਲੀ ਨਜ਼ਮ ‘ਮਸਨਵੀ ਕਦਮ ਰਾਓ ਪਦਮ ਰਾਓ’ ਸੀ।
ਚੌਦਵੀਂ ਸਦੀ ਦੱਕਨੀ ਹਿੰਦੋਸਤਾਨ ਵਿਚ ਪਹਿਲਾ ਹਿੰਦਵੀ ਸ਼ਾਇਰ ਫ਼ਖ਼ਰੂਦੀਨ ਨਿਜ਼ਾਮੀ ਹੋਇਆ। ਇਸ ਦਾ ਜ਼ਿਕਰ ਜ਼ਲੀਲ ਜੈਲਬੀ ਮੁਹੰਮਦ ਹੁਸੈਨ ਆਪਣੀ ਕਿਤਾਬ ’ਚ ਕਰਦਾ ਹੈ। ਦੱਕਨ ’ਚ ਮੁਹੰਮਦ ਅਲੀ ਕੁਤਬ ਸ਼ਾਹ ਦੀ ਸਲਤਨਤ (1565-1612) ’ਚ ਗ਼ਜ਼ਲ ਲਿਖਣ ਵਾਲੇ ਸ਼ਾਇਰਾਂ ਵਿਚੋਂ ਸਤਾਰਵੀਂ ਸਦੀ ਦੇ ਮੁੱਲਾ ਵਾਜਹੀ, ਮੁੱਲਾ ਨੁਸਰਤੀ ਅਤੇ ਅਠਾਰਵੀਂ ਸਦੀ ’ਚ ਵਲੀ ਮੁਹੰਮਦ ਵਲੀ ਦੀਆਂ ਗ਼ਜ਼ਲਾਂ ਬਹੁਤ ਮਸ਼ਹੂਰ ਹੋਈਆਂ।
ਬਸਤੀਵਾਦੀ ਦੌਰ ਵਿਚ ਸਭ ਤੋਂ ਪਹਿਲਾਂ ਬੰਗਾਲ ਅੰਗਰੇਜ਼ਾਂ ਦੇ ਸਭਿਆਚਾਰਕ ਸੰਪਰਕ ’ਚ ਆਇਆ। ਇੱਥੋਂ ਹੀ ਸਭਿਆਚਾਰੀਕਰਨ ਦੀ ਪ੍ਰਕਿਰਿਆ ਰਾਹੀਂ ਹਿੰਦੋਸਤਾਨ ਵਿਚ ਆਧੁਨਿਕਤਾ ਦਾ ਪ੍ਰਚਲਨ ਆਰੰਭ ਹੋਇਆ। ਉਰਦੂ ਅਦਬ ’ਚ ਜਦੀਦੀਅਤ ਦਾ ਵਰਤਾਰਾ ਬ੍ਰਿਹਦ ਪੱਧਰ ’ਤੇ ਵਾਪਰਿਆ। ਅਹਿਮਦ ਸ਼ਾਹ ਬਹਾਦੁਰ ਦੇ ਰਾਜ ਵਿਚ ਪਹਿਲੀ ਉਰਦੂ-ਫ਼ਾਰਸੀ ਲੁਗਤ ਬਣੀ। ਅਬਦੁਲ ਵਾਸੇ ਹਾਂਸਵੀ ਨੇ ਸਤਾਰ੍ਹਵੀਂ ਸਦੀ ਦੇ ਅੰਤ ਵਿਚ ‘ਨਿਸਾਬ ਨਾਮਾ’ ਜਾਂ ‘ਗ਼ਰਾਬਿ-ਉਲ-ਲੁਗਤ’ ਤਿਆਰ ਕੀਤੀ। ਸਿਰਾਜੂਦੀਨ ਅਲੀ ਖਾਨ ਆਰਜ਼ੂ ਨੇ ‘ਨਵਾਦਿਰ-ਉਲ-ਅਲਫ਼ਾਜ਼’ ਨਾਲ ਮੁਕੰਮਲ ਕੀਤਾ। ਕਲਕੱਤਾ ’ਚ ਉਰਦੂ ਦਾ ਪਹਿਲਾ ਅਖ਼ਬਾਰ ‘ਜਾਮ ਏ ਜਹਾਂਨੁਮਾ’ ਮਾਰਚ 1822 ’ਚ ਹਰੀਹਰ ਦੱਤਾ ਨੇ ਆਰੰਭ ਕੀਤਾ। ਪੱਛਮੀ ਪ੍ਰਭਾਵ ਅਧੀਨ ਉਰਦੂ ਦਾ ਪਹਿਲਾ ਅਫ਼ਸਾਨਾ ਸਯੱਦ ਸੱਜਾਦ ਹੈਦਰ ਯਿਲਦਾਰੀਮ (1880-1943) ਨੇ ਲਿਖਿਆ ਜਿਸਦਾ ਨਾਮ ‘ਨਸ਼ੇ ਕੀ ਪਹਿਲੀ ਤਰੰਗ’ ਹੈ ਅਤੇ ਇਹ ਅਲੀਗੜ੍ਹ ਤੋਂ ਛਪਦੇ ਅਦਬੀ ਰਸਾਲੇ ‘ਮੁਸਾਰਿਫ਼’ ’ਚ ਛਾਇਆ ਹੋਇਆ। ਯਿਲਦਾਰੀਮ ਸਾਹਿਬ ਉਰਦੂ ਦੀ ਹੀ ਨਹੀਂ ਬਲਕਿ ਪੂਰੇ ਹਿੰਦੋਸਤਾਨ ਦੀ ਧਾਰਮਿਕ, ਦਾਰਸ਼ਨਿਕ ਅਤੇ ਇਤਿਹਾਸਕ ਤਹਿਜ਼ੀਬ ਦੇ ਵਿਗਾਸ ਨੂੰ ਬਿਰਤਾਂਤਕਤਾ ਪ੍ਰਦਾਨ ਕਰਨ ਵਾਲੇ ਨਾਵਲ ‘ਆਗ ਕਾ ਦਰਿਆ’ ਦੀ ਗਿਆਨਪੀਠ ਅਵਾਰਡੀ ਅਤੇ ਪਦਮ ਭੂਸ਼ਣ ਸਨਮਾਨ ਨਾਲ ਸਨਮਾਨਿਤ ਲੇਖਿਕਾ ਕੁਰਉਤਲੁਨ ਹੈਦਰ ਦੇ ਵਾਲਿਦ ਸਨ। ਅੰਗਰੇਜ਼ੀ ਦੇ ਪ੍ਰਭਾਵ ਅਧੀਨ ਉਰਦੂ ਦੀ ਪਹਿਲੀ ਸਵੈਜੀਵਨੀ/ਸਿਵਾਨ-ਏ-ਹਯਾਤ ਜ਼ਫ਼ਰ ਥਾਨੇਸਵਰੀ ਨੇ ਲਿਖੀ।
ਉਰਦੂ ਦੇ ਸ਼ਾਇਰ ਸ਼ਾਹ ਮੁਹੰਮਦ ਵਲੀ ਉਲਾਹ ਗੁਜਰਾਤੀ ਨੂੰ ‘ਚੌਸਰ ਆਫ ਇੰਡੀਆ’ ਕਿਹਾ ਜਾਂਦਾ ਹੈ। ਮਿਰਜ਼ਾ ਅਸਦ ਉੱਲਾਹ ਖਾਂ ਗ਼ਾਲਬਿ ‘ਨੌਸ਼ਾ’ ਨੂੰ ‘ਲੈਜੰਡ ਆਫ ਉਰਦੂ ਪੋਇਟਰੀ’ ਕਿਹਾ ਜਾਂਦਾ ਹੈ। ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ...’ ਜਿਹਾ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਗੀਤ ਲਿਖਣ ਵਾਲਾ ਕੌਮੀ ਕਵੀ ਅੱਲਾਮਾ ਸਰ ਡਾਕਟਰ ਮੁਹੰਮਦ ਇਕਬਾਲ ਹੈ। ਭਗਤ ਸਿੰਘ ਦੇ ਸਾਥੀਆਂ ਦਾ ਪਸੰਦੀਦਾ ਦੇਸ਼ ਭਗਤੀ ਦਾ ਗੀਤ ‘ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ’ ਨੂੰ ਲਿਖਣ ਵਾਲਾ ਸ਼ਾਇਰ ਬਿਸਮਿਲ ਅਜ਼ੀਮਾਬਾਦੀ ਸੀ। ਇਹ ਰਾਮ ਪ੍ਰਸਾਦ ਬਿਸਮਿਲ ਦਾ ਵੀ ਚਹੇਤਾ ਨਗ਼ਮਾ ਸੀ।
ਵੀਹਵੀਂ ਸਦੀ ਵਿਚ ਸਾਮਰਾਜਵਾਦੀ ਅਤੇ ਬਸਤੀਵਾਦੀ ਨੀਤੀਆਂ ਹੇਠ ਅੰਗਰੇਜ਼ ਨੇ ਹਿੰਦੋਸਤਾਨੀਅਤ ਦੀ ਭਾਵਨਾ ਨੂੰ ਖੋਰਾ ਲਾਉਣ ਲਈ ਧਾਰਮਿਕ ਅਤੇ ਭਾਸ਼ਾਈ ਘੁਣਤਰੀ ਲਕੀਰਾਂ ਪੈਦਾ ਕਰ ਸਥਾਨਕ ਲੋਕਾਈ ਨੂੰ ਇਕ ਦੂਜੇ ਵਿਰੁੱਧ ਖੜ੍ਹਾ ਕਰ ਲੜਾਉਣਾ ਆਰੰਭ ਕੀਤਾ। ਇਸ ਧਾਰਮਿਕ ਪਛਾਣਾਂ ਦੇ ਟਕਰਾਅ ਅਤੇ ਤਣਾਅ ਦਾ ਅਸਰ ਸਭ ਤੋਂ ਵੱਧ ਭਾਸ਼ਾਵਾਂ ’ਤੇ ਪਿਆ। ਉਰਦੂ ਜ਼ੁਬਾਨ ਅਤੇ ਫ਼ਾਰਸੀ ਲਿੱਪੀ ਨੂੰ ਮੁਸਲਮਾਨਾਂ ਦਾ ਬਣਾ ਦਿੱਤਾ ਗਿਆ। ਦੋ ਕੌਮੀ ਸਿਧਾਂਤ ਅਧੀਨ ਪਾਕਿਸਤਾਨ ਬਣਨ ਤੋਂ ਬਾਅਦ ਭਾਰਤ ਵਿਚ ਉਰਦੂ ਲਿਖਣ, ਪੜ੍ਹਨ ਅਤੇ ਬੋਲਣ ’ਚ ਵੱਡੀ ਕਮੀ ਆਈ। ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਸਿੱਖਾਂ ਦੇ ਲੜ ਲਾ ਦਿੱਤਾ ਗਿਆ। ਦੇਸ਼ ਵੰਡ ਅਤੇ ਪੰਜਾਬ ਦੀ ਵੰਡ ਨੇ ਪੰਜਾਬੀ ਦਾ ਬਹੁਤ ਨੁਕਸਾਨ ਕੀਤਾ। ਅੱਧੇ ਤੋਂ ਵੱਧ ਪਾਕਿਸਤਾਨ ਬੋਲਦਾ ਪੰਜਾਬੀ ਹੈ ਪਰ ਲਿਖਦਾ ਸ਼ਾਹਮੁਖੀ ’ਚ ਹੈ। ਹਿੰਦੀ ਭਾਸ਼ਾ ਅਤੇ ਦੇਵਨਾਗਰੀ ਲਿੱਪੀ ਹਿੰਦੂਆਂ ਨਾਲ ਜੁੜ ਗਈਆਂ ਜਿਸ ਕਾਰਨ ਹਿੰਦੀ ਦਾ ਸੰਸਕ੍ਰਿਤੀਕਰਣ ਹੋਣ ਕਰਕੇ ਉਹ ਹਿੰਦਵੀ-ਉਰਦੂ ਜਾਂ ਹਿੰਦੋਸਾਤਨੀਅਤ ਤੋਂ ਦੂਰ ਹੁੰਦੀ ਗਈ। ਭਾਸ਼ਾਵਾਂ ਨਾਲ ਜੁੜੀਆਂ ਭਾਵਨਾਵਾਂ ਨੂੰ ਵਕਤ-ਬ-ਵਕਤ ਪੰਜਾਬੀ, ਉਰਦੂ ਅਤੇ ਹਿੰਦੀ ਸ਼ਾਇਰਾਂ ਅਤੇ ਕਵੀਆਂ ਨੇ ਆਪਣੇ ਸ਼ਿਅਰਾਂ ’ਚ ਕਿਹਾ ਹੈ। ਉਸਤਾਦ ਚਿਰਾਗ਼ਦੀਨ ਦਾਮਨ ਲਿਖਦਾ ਹੈ:
ਉਰਦੂ ਦਾ ਮੈਂ ਦੋਖੀ ਨਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ।
ਪੁਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ, ਪੰਜਾਬੀ ਏ।
ਉਰਦੂ ਦਾ ਸ਼ਾਇਰ ਅਨਵਰ ਮਸੂਦ ਲਿਖਦਾ ਹੈ:
ਮਾਂ ਮੁਝੇ ਉਰਦੂ ਹੈ ਪੰਜਾਬੀ ਸੇ ਬੀ ਬੜ ਕਰ ਅਜ਼ੀਜ਼,
ਸ਼ੁਕਰ ਹੈ ਅਨਵਰ ਮੇਰੀ ਸੋਚ ਇਲਾਕਈ ਨਹੀਂ।
ਉਰਦੂ ਦਾ ਇਕ ਹੋਰ ਸ਼ਾਇਰ ਵਹਿਸ਼ਤ ਰਜ਼ਾ ਅਲੀ ਕਲਕੱਤਵੀ ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਵਿਚ ਉਰਦੂ ਦੀ ਤਰੱਕੀ ਅਤੇ ਸਿਹਤਯਾਬੀ ਦੀ ਦੁਆ ਕਰਦਿਆਂ ਲਿਖਦਾ ਹੈ:
ਕਿਸ ਤਰਹ ਹੁਸਨ-ਏ-ਜ਼ੁਬਾਂ ਕੀ ਹੋ ਤਰੱਕੀ ‘ਵਹਸ਼ਤ’
ਮੈਂ ਅਗਰ ਖ਼ਿਦਮਤ-ਏ-ਉਰਦੂ-ਏ-ਮੁਅੱਲਾ ਨ ਕਰੂੰ।
ਸੰਪਰਕ: 82839-48811

Advertisement
Author Image

Advertisement
Advertisement
×