ਭਾਰਤ ਖ਼ਿਲਾਫ਼ ਟਿੱਪਣੀ ਤੋਂ ਖਫ਼ਾ ਊਬਰ ਚਾਲਕ ਨੇ ਪਾਕਿ ਜੋੜੇ ਨੂੰ ਕਾਰ ਤੋਂ ਲਾਹਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਦਿੱਲੀ ਵਿੱਚ ਇਕ ਉਬਰ ਕੈਬ ਦੇ ਚਾਲਕ ਨੇ ਭਾਰਤ ਖ਼ਿਲਾਫ਼ ਕੀਤੀ ਟਿੱਪਣੀ ਤੋਂ ਖਫ਼ਾ ਹੋ ਕੇ ਪਾਕਿਸਤਾਨੀ ਜੋੜੇ ਨੂੰ ਕਾਰ ਤੋਂ ਹੇਠਾਂ ਲਾਹ ਦਿੱਤਾ। ਊਬਰ ਦੀ ਸੇਵਾ ਲੈ ਰਹੇ ਇਸ ਪਾਕਿਸਤਾਨੀ ਜੋੜੇ ਨੇ 9 ਅਗਸਤ ਰਾਤ ਨੂੰ ਵਾਪਰੀ ਇਸ ਘਟਨਾ ਦਾ ਵੀਡੀਓ ਵੀ ਬਣਾ ਲਿਆ ਸੀ। ਭਾਰਤ ਵਿਰੋਧੀ ਟਿੱਪਣੀਆਂ ਕਾਰਨ ਯਾਤਰੀਆਂ ਨੂੰ ਆਪਣੇ ਵਾਹਨ ਤੋਂ ਹੇਠਾਂ ਲਾਹੁਣ ਤੋਂ ਬਾਅਦ ਊਬਰ ਚਾਲਕ ਨੂੰ ਵੀ ਜੋੜੇ ਨੂੰ ਕਾਫੀ ਕੁਝ ਕਹਿੰਦੇ ਹੋਏ ਸੁਣਿਆ ਗਿਆ। ਇਹ ਘਟਨਾ ਕਥਿਤ ਤੌਰ ’ਤੇ 9 ਅਗਸਤ ਦੀ ਅੱਧੀ ਰਾਤ ਨੂੰ ਵਾਪਰੀ। ਊਬਰ ਚਾਲਕ ਨੇ ਸ਼ੁਰੂ ਵਿੱਚ ਉਨ੍ਹਾਂ ਨੂੰ ਭਾਰਤ ਦਾ ਅਪਮਾਨ ਕਰਨ ਤੋਂ ਬਾਜ਼ ਆਉਣ ਲਈ ਕਿਹਾ ਅਤੇ ਅਖੀਰ ਉਸ ਨੇ ਜੋੜੇ ਨੂੰ ਕਾਰ ਤੋਂ ਹੇਠਾਂ ਲਾਹ ਦਿੱਤਾ।
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੈਬ ਚਾਲਕ ਨੇ ਜੋੜੇ ਨੂੰ ਉਨ੍ਹਾਂ ਦੇ ਵਿਚਾਰਾਂ ’ਤੇ ਚਰਚਾ ਕਰਦਿਆਂ ਸੁਣਿਆ ਕਿ ਦਿੱਲੀ ਦੇ ਲੋਕ ਸਵਾਰਥੀ ਹਨ। ਇਸ ਗੱਲ ਨੂੰ ਉਸ ਨੇ ਭਾਰਤ ਦਾ ਅਪਮਾਨ ਸਮਝਿਆ। ਇਸ ਗੱਲ ਤੋਂ ਖਫ਼ਾ ਕੈਬ ਚਾਲਕ ਗੁੱਸੇ ਵਿੱਚ ਆ ਗਿਆ। ਹਾਲਾਂਕਿ, ਔਰਤ ਨੇ ਇਹ ਕਹਿ ਕੇ ਸਥਿਤੀ ਨੂੰ ਆਮ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਨਿੱਜੀ ਆਲੋਚਨਾ ਦੀ ਬਜਾਏ ਸ਼ਹਿਰ ਬਾਰੇ ਸਨ ਪਰ ਇਸ ਸਭ ਦੇ ਬਾਵਜੂਦ ਕੈਬ ਚਾਲਕ ਨੇ ਜੋੜੇ ਨੂੰ ਅੱਧੀ ਰਾਤ ਨੂੰ ਕੈਬ ਤੋਂ ਲਾਹ ਦਿੱਤਾ।