ਯੂਪੀਐੱਸਸੀ: 135ਵਾਂ ਰੈਂਕ ਲੈਣ ਵਾਲੇ ਯੁਵਰਾਜ ਦਾ ਸਨਮਾਨ
ਪੱਤਰ ਪ੍ਰੇਰਕ
ਪਠਾਨਕੋਟ, 5 ਜੁਲਾਈ
ਪਿਛਲੇ ਹਫਤੇ ਯੂਪੀਐੱਸਸੀ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ਵਿੱਚ ਪਿੰਡ ਭੋਆ ਦੇ ਯੁਵਰਾਜ ਨੇ ਆਈਐੱਫਐੱਸ ਵਿੱਚ ਦੇਸ਼ ਭਰ ’ਚੋਂ 135ਵਾਂ ਰੈਂਕ ਹਾਸਲ ਕਰ ਕੇ ਆਪਣੇ ਮਾਤਾ-ਪਿਤਾ, ਪਿੰਡ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ’ਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਵੱਲੋਂ ਉਸ ਨੂੰ ਗੌਰਵ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਯੁਵਰਾਜ ਨੇ ਦੱਸਿਆ ਕਿ ਉਸ ਦੀ ਮੁਢਲੀ ਸਿੱਖਿਆ ਸੇਂਟ ਜੋਸੇਫ ਕਾਨਵੈਂਟ ਸਕੂਲ ਪਠਾਨਕੋਟ ਅਤੇ ਬਾਰ੍ਹਵੀਂ ਕਲਾਸ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਪਠਾਨਕੋਟ ਤੋਂ ਹੋਈ ਹੈ। ਉਸ ਨੇ 2019 ਤੋਂ ਲੈ ਕੇ 2022 ਤੱਕ ਯੂਪੀਐੱਸਸੀ ਦੀ 4 ਵਾਰ ਪ੍ਰੀਖਿਆ ਦਿੱਤੀ। ਅਖੀਰ 2023 ਵਿੱਚ ਉਸ ਨੇ ਫਿਰ ਯੂਪੀਐੱਸਸੀ ਦੀ ਪ੍ਰੀਖਿਆ ਦਿੱਤੀ ਅਤੇ ਇਸ ਵਾਰ ਉਸ ਦੀ ਚੋਣ ਆਈਐੱਫਐੱਸ ਵਿੱਚ ਹੋ ਗਈ। ਯੁਵਰਾਜ ਨੇ ਉਹ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਨਾਨਾ ਜੈਮਲ ਸਿੰਘ, ਨਾਨੀ ਸ਼ਕੁੰਤਲਾ ਦੇਵੀ, ਦਾਦਾ ਅਨੰਤ ਰਾਮ, ਦਾਦੀ ਬੰਤੀ ਦੇਵੀ, ਮਾਤਾ ਰਾਜ ਕੁਮਾਰੀ ਅਤੇ ਪਿਤਾ ਮਨੋਹਰ ਲਾਲ ਨੂੰ ਦਿੰਦਾ ਹੈ।