ਯੂਪੀਐੱਸਸੀ ਧੋਖਾਧੜੀ ਕੇਸ: ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ
ਨਵੀਂ ਦਿੱਲੀ, 23 ਦਸੰਬਰ
ਦਿੱਲੀ ਹਾਈ ਕੋਰਟ ਨੇ ਸਾਬਕਾ ਆਈਏਐੱਸ ਪ੍ਰੋਬੇਸ਼ਨਰ ਪੂਜਾ ਖੇਡਕਰ ਨੂੰ ਸਿਵਲ ਸੇਵਾਵਾਂ ਪ੍ਰੀਖਿਆ ’ਚ ਕਥਿਤ ਧੋਖਾਧੜੀ, ਗਲਤ ਤਰੀਕੇ ਨਾਲ ਓਬੀਸੀ ਸਰਟੀਫਿਕੇਟ ਅਤੇ ਦਿਵਿਆਂਗ ਕੋਟੇ ਦਾ ਲਾਭ ਲੈਣ ਸਬੰਧੀ ਉਸ ਖ਼ਿਲਾਫ਼ ਦਰਜ ਅਪਰਾਧਕ ਕੇਸ ’ਚ ਅੱਜ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਚੰਦਰਧਾਰੀ ਸਿੰਘ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ, ‘‘ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਂਦੀ ਹੈ। ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਰੱਦ ਕੀਤੀ ਜਾਂਦੀ ਹੈ।’’ ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਜਸਟਿਸ ਸਿੰਘ ਨੇ ਆਖਿਆ ਕਿ ਪਹਿਲੀ ਨਜ਼ਰੇ ਖੇਡਕਰ ਖ਼ਿਲਾਫ਼ ਮਜ਼ਬੂਤ ਮਾਮਲਾ ਬਣਦਾ ਹੈ ਅਤੇ ਸਿਸਟਮ ’ਚ ਕਥਿਤ ਹੇਰਾਫੇਰੀ ਦੀ ‘ਵੱਡੀ ਸਾਜ਼ਿਸ਼’ ਦਾ ਪਤਾ ਲਾਉਣ ਲਈ ਜਾਂਚ ਦੀ ਲੋੜ ਹੈ। ਜੇਕਰ ਮੁਲਜ਼ਮ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੇ ਦਿੱਤੀ ਗਈ ਤਾਂ ਇਸ ਨਾਲ ਜਾਂਚ ’ਤੇ ਉਲਟਾ ਅਸਰ ਪਵੇਗਾ। ਇਹ ਸੰਵਿਧਾਨਕ ਸੰਸਥਾ ਦੇ ਨਾਲ-ਨਾਲ ਸਮਾਜ ਨਾਲ ਧੋਖਾਧੜੀ ਦਾ ਇੱਕ ਕੇਸ ਹੈ। ਪੂਜਾ ਖੇਡਕਰ ’ਤੇ ਰਾਖਵੇਂਕਰਨ ਦਾ ਲਾਭ ਲੈਣ ਲਈ ਯੂਪੀਐੱਸਸੀ ਸਿਵਲ ਸੇਵਾ ਪ੍ਰੀਖਿਆ-2022 ਲਈ ਆਪਣੀ ਅਰਜ਼ੀ ’ਚ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ। ਸੁਣਵਾਈ ਦੌਰਾਨ ਦਿੱਲੀ ਪੁਲੀਸ ਅਤੇ ਸ਼ਿਕਾਇਤਕਰਤਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੇ ਵਕੀਲਾਂ ਨੇ ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ। ਖੇੜਕਰ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। -ਪੀਟੀਆਈ